ਨਿਤੀਸ਼ ਕੁਮਾਰ ਵੱਲੋਂ ਰਾਜ ਸਭਾ ਲਈ ਕਾਗਜ਼ ਦਾਖਲ

0
5

ਪਟਨਾ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀਰਵਾਰ ਰਾਜ ਸਭਾ ਚੋਣਾਂ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ। ਜਨਤਾ ਦਲ-ਯੂਨਾਈਟਿਡ (ਜੇ ਡੀ ਯੂ) ਦੇ ਮੁਖੀ ਨੇ ਵਿਧਾਨ ਸਭਾ ਸਕੱਤਰ ਦੇ ਦਫਤਰ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਨਾਮਜ਼ਦਗੀ ਦਾਖਲ ਕੀਤੀ।
ਬਿਹਾਰ ਦੇ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰਾਜ ਸਭਾ ਵਿੱਚ ਜਾਣ ਦੇ ਆਪਣੇ ਇਰਾਦੇ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਇਹ ਇਕੋ-ਇਕ ਸਦਨ ਹੈ, ਜਿਸ ਦੇ ਉਹ ਹੁਣ ਤੱਕ ਮੈਂਬਰ ਨਹੀਂ ਰਹੇ ਸਨ। 2005 ਤੋਂ ਮੁੱਖ ਮੰਤਰੀ ਵਜੋਂ ਸੇਵਾਵਾਂ ਨਿਭਾਅ ਰਹੇ ਕੁਮਾਰ ਨੇ ਕਿਹਾ ਕਿ ਸੂਬੇ ਵਿੱਚ ਬਣਨ ਵਾਲੀ ਨਵੀਂ ਸਰਕਾਰ ਨੂੰ ਉਨ੍ਹਾ ਦਾ ਪੂਰਾ ਸਹਿਯੋਗ ਅਤੇ ਮਾਰਗਦਰਸ਼ਨ ਮਿਲੇਗਾ।
ਕਾਂਗਰਸ ਨੇ ਤਿਲੰਗਾਨਾ ਤੋਂ ਰਾਜ ਸਭਾ ਚੋਣਾਂ ਲਈ ਸੀਨੀਅਰ ਬੁਲਾਰੇ ਅਭਿਸ਼ੇਕ ਸਿੰਘਵੀ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜਦਕਿ ਹਿਮਾਚਲ ਪ੍ਰਦੇਸ਼ ਤੋਂ ਕਾਂਗੜਾ ਜ਼ਿਲ੍ਹਾ ਪ੍ਰਧਾਨ ਅਨੁਰਾਗ ਸ਼ਰਮਾ ਅਤੇ ਹਰਿਆਣਾ ਤੋਂ ਕਰਮਵੀਰ ਬੌਧ ਦੇ ਨਾਵਾਂ ਦਾ ਐਲਾਨ ਕੀਤਾ ਹੈ। ਬੌਧ ਹਰਿਆਣਾ ਕਾਂਗਰਸ ਦੇ ਕਿਸੇ ਵਿਸ਼ੇਸ਼ ਧੜੇ ਨਾਲ ਸੰਬੰਧ ਨਹੀਂ ਰੱਖਦੇ। ਹਿਮਾਚਲ ਪ੍ਰਦੇਸ਼ ਵਿੱਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਨਜ਼ਦੀਕੀ ਅਨੁਰਾਗ ਸ਼ਰਮਾ ਨੂੰ ਨਾਮਜ਼ਦ ਕੀਤਾ ਗਿਆ ਹੈ, ਜੋ ਕਿ ਉਸ ਸਮੇਂ ਹੋਇਆ ਹੈ ਜਦੋਂ ਸਾਬਕਾ ਸੂਬਾ ਪ੍ਰਧਾਨ ਪ੍ਰਤਿਭਾ ਸਿੰਘ ਆਪਣੇ ਲਈ ਜਾਂ ਆਪਣੇ ਪੁੱਤਰ ਵਿਕਰਮਾਦਿਤਿਆ ਸਿੰਘ ਲਈ ਨਾਮਜ਼ਦਗੀ ਦੀ ਉਮੀਦ ਕਰ ਰਹੇ ਸਨ।
ਛੱਤੀਸਗੜ੍ਹ ਵਿੱਚ ਪਾਰਟੀ ਨੇ ਕਬਾਇਲੀ ਆਗੂ ਫੂਲੋ ਦੇਵੀ ਨੇਤਮ ਨੂੰ ਮੁੜ ਨਾਮਜ਼ਦ ਕੀਤਾ ਹੈ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਦੇ ਸਲਾਹਕਾਰ ਵੇਮ ਨਰਿੰਦਰ ਰੈਡੀ ਨੂੰ ਵੀ ਉਮੀਦਵਾਰ ਬਣਾਇਆ ਗਿਆ ਹੈ।
ਰਾਜ ਸਭਾ ਚੋਣਾਂ ਵਿੱਚ ਦਿਲਚਸਪੀ ਵਧਾਉਂਦੇ ਹੋਏ ਭਾਜਪਾ ਦੇ ਹਰਿਆਣਾ ਉਪ ਪ੍ਰਧਾਨ ਅਤੇ ਉਸਾਰੀ ਕਾਰੋਬਾਰੀ ਸਤੀਸ਼ ਨਾਂਦਲ ਨੇ ਵੀਰਵਾਰ ਤੀਜੇ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਉਹ ਹਰਿਆਣਾ ਲੋਕਹਿਤ ਪਾਰਟੀ ਦੇ ਗੋਪਾਲ ਕਾਂਡਾ, ਭਾਜਪਾ ਦੀ ਇੱਕ ਹੋਰ ਅਹੁਦੇਦਾਰ ਅਰਚਨਾ ਗੁਪਤਾ ਅਤੇ ਇੱਕ ਰੀਅਲ ਅਸਟੇਟ ਡਿਵੈੱਲਪਰ ਦੇ ਨਾਲ ਚੋਟੀ ਦੇ ਦਾਅਵੇਦਾਰਾਂ ਵਿੱਚ ਸ਼ਾਮਲ ਸਨ।
ਨਾਂਦਲ, ਜੋ ਕਿ ਇੱਕ ਜੱਟ ਹਨ, ਰੋਹਤਕ ਜ਼ਿਲ੍ਹੇ ਦੇ ਗੜ੍ਹੀ-ਸਾਂਪਲਾ-ਕਿਲੋਈ ਵਿਧਾਨ ਸਭਾ ਹਲਕੇ ਨਾਲ ਸੰਬੰਧਤ ਹਨ, ਜਿਸ ਦੀ ਨੁਮਾਇੰਦਗੀ ਵਰਤਮਾਨ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਕਰ ਰਹੇ ਹਨ। ਸਾਬਕਾ ਇਨੈਲੋ ਆਗੂ ਨਾਂਦਲ ਨੂੰ ਹੁੱਡਾ ਦਾ ਮੁੱਖ ਸਿਆਸੀ ਵਿਰੋਧੀ ਮੰਨਿਆ ਜਾਂਦਾ ਹੈ। ਉਨ੍ਹਾ ਹੁੱਡਾ ਦੇ ਖਿਲਾਫ ਗੜ੍ਹੀ-ਸਾਂਪਲਾ-ਕਿਲੋਈ ਤੋਂ ਲਗਾਤਾਰ ਤਿੰਨ ਵਿਧਾਨ ਸਭਾ ਚੋਣਾਂ 2009 ਅਤੇ 2014 ਵਿੱਚ ਇਨੈਲੋ ਉਮੀਦਵਾਰ ਵਜੋਂ ਅਤੇ 2019 ਵਿੱਚ ਭਾਜਪਾ ਉਮੀਦਵਾਰ ਵਜੋਂ ਲੜੀਆਂ, ਪਰ ਅਸਫਲ ਰਹੇ।
ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਸਹਿਯੋਗੀ ਅਤੇ ਸਾਬਕਾ ਮੰਤਰੀ ਮਨੀਸ਼ ਗਰੋਵਰ ਦੇ ਕਰੀਬੀ ਮੰਨੇ ਜਾਣ ਵਾਲੇ ਨਾਂਦਲ ਨੇ ਪਿਛਲੇ ਸਾਲ ਅਕਤੂਬਰ ਵਿੱਚ ਰੋਹਤਕ ਦੇ ਪਿੰਡ ਲਾਢੌਤ ਵਿੱਚ ਖੁਦਕੁਸ਼ੀ ਕਰਨ ਵਾਲੇ ਏ ਐੱਸ ਆਈ ਸੰਦੀਪ ਲਾਠਰ ਦੇ ਪਰਵਾਰ ਨਾਲ ਵਿਚੋਲਗੀ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ, ਤਾਂ ਜੋ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਸਕੇ ਅਤੇ ਪੋਸਟਮਾਰਟਮ ਕਰਵਾਇਆ ਜਾ ਸਕੇ।
ਨਾਂਦਲ ਦੇ ਪੁੱਤਰ ਸੰਚਿਤ ਨਾਂਦਲ ਨੇ ਵੀ 2018 ਵਿੱਚ ਰੋਹਤਕ ਮੇਅਰ ਦੀ ਚੋਣ ਇਨੈਲੋ ਉਮੀਦਵਾਰ ਵਜੋਂ ਲੜੀ ਸੀ, ਪਰ ਉਹ ਹਾਰ ਗਏ ਸਨ। ਹਾਲਾਂਕਿ, ਉਨ੍ਹਾ ਦੀ ਸ਼ਮੂਲੀਅਤ ਨੇ ਕਥਿਤ ਤੌਰ ’ਤੇ ਵੋਟਾਂ ਵੰਡ ਕੇ ਭਾਜਪਾ ਉਮੀਦਵਾਰ ਮਨਮੋਹਨ ਗੋਇਲ ਨੂੰ ਜਿੱਤ ਦਿਵਾਉਣ ਵਿੱਚ ਮਦਦ ਕੀਤੀ ਸੀ, ਜਿਵੇਂ ਕਿ ਹਾਲ ਹੀ ਵਿੱਚ ਗਰੋਵਰ ਨੇ ਦਾਅਵਾ ਕੀਤਾ ਸੀ। ਇਸ ਤੋਂ ਬਾਅਦ ਨਾਂਦਲ ਰਸਮੀ ਤੌਰ ’ਤੇ ਭਾਜਪਾ ਵਿੱਚ ਸ਼ਾਮਲ ਹੋ ਗਏ ਅਤੇ ਉਦੋਂ ਤੋਂ ਰੋਹਤਕ ਵਿੱਚ ਪਾਰਟੀ ਦੇ ਮਾਮਲਿਆਂ ਵਿੱਚ ਸਰਗਰਮ ਹਨ। ਰਾਜ ਸਭਾ ਦੀ ਇਹ ਚੋਣ 16 ਮਾਰਚ ਨੂੰ ਹੋਵੇਗੀ।