ਨਵੀਂ ਦਿੱਲੀ : ਟਰੇਨੀ ਆਈ ਏ ਐੱਸ ਅਧਿਕਾਰੀ ਪੂਜਾ ਖੇਡਕਰ ਦੇ ਫਰਜ਼ੀ ਸਰਟੀਫਿਕੇਟ ਸਮੇਤ ਹੋਰ ਵਿਵਾਦਾਂ ਨੂੰ ਲੈ ਕੇ ਯੂ ਪੀ ਐੱਸ ਸੀ ਦੇ ਸਰਟੀਫਿਕੇਟ ਸਿਸਟਮ ’ਤੇ ਸਵਾਲ ਉਠ ਰਹੇ ਹਨ। ਕਾਂਗਰਸ ਦੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਨੇ ਯੂ ਪੀ ਐੱਸ ਈ ਦੀ ਪ੍ਰੀਖਿਆ ’ਤੇ ਸਵਾਲ ਖੜਾ ਕੀਤਾ ਅਤੇ ਇਸ ਦੀ ਪ੍ਰਕਿਰਿਆ ਨੂੰ ਲੈ ਮੋਦੀ ਸਰਕਾਰ ’ਤੇ ਤਨਜ਼ ਕਰਦੇ ਹੋਏ ਸਵਾਲ ਪੁੱਛੇ ਹਨ। ਉਨ੍ਹਾ ਸਰਟੀਫਿਕੇਟ ਪ੍ਰਣਾਲੀ ਵਿੱਚ ਬੇਨਿਯਮੀਆਂ ਨੂੰ ਉਮੀਦਵਾਰ ਦੇ ਹਿੱਤਾਂ ਨਾਲ ਖਿਲਵਾੜ ਕਰਾਰ ਦਿੱਤਾ ਹੈ। ਪਿ੍ਰਅੰਕਾ ਨੇ ਸ਼ਨੀਵਾਰ ਐੱਕਸ ’ਤੇ ਟਵੀਟ ਕਰਕੇ ਮੋਦੀ ਸਰਕਾਰ ’ਤੇ ਹਮਲਾ ਬੋਲਿਆ ਅਤੇ ਯੂ ਪੀ ਐੱਸ ਸੀ ਨਾਲ ਜੁੜੇ ਕਈ ਸਵਾਲ ਪੁੱਛੇ। ਉਹਨਾ ਕਿਹਾ ਕਿ ਯੂ ਪੀ ਐੱਸ ਸੀ ਦੇਸ਼ ਦੀ ਸਭ ਤੋਂ ਨਾਮੀ ਪ੍ਰੀਖਿਆ ਹੈ ਅਤੇ ਇਸ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਲੋਕ ਸ਼ਾਸਨ ਵਿਵਸਥਾ ਦੇ ਸਭ ਤੋਂ ਮਹੱਤਵਪੂਰਨ ਵਿਅਕਤੀ ਹੁੰਦੇ ਹਨ। ਦੇਸ਼ ਦੇ ਕਰੋੜਾਂ ਲੋਕਾਂ ਦਾ ਭਰੋਸਾ ਅਤੇ ਸਾਡੇ ਰੋਜ਼ਾਨਾ ਦੇ ਸ਼ਾਸਨ/ਪ੍ਰਸ਼ਾਸਨ ਦਾ ਕੰਮਕਾਜ ਇਸ ਸੰਸਥਾ ਦੀ ਪੇਸ਼ੇਵਰ ਪ੍ਰਣਾਲੀ ਨਾਲ ਜੁੜਿਆ ਹੈ। ਉਨ੍ਹਾ ਕਿਹਾ ਕਿ ਮੈਂ ਖੁਦ ਦੇਖਿਆ ਹੈ ਕਿ ਇਸ ਪ੍ਰੀਖਿਆ ਲਈ ਨੌਜਵਾਨ ਕਿੰਨੀ ਮਿਹਨਤ ਕਰਦੇ ਹਨ। ਉਨ੍ਹਾ ਕਿਹਾ ਕਿ ਯੂ ਪੀ ਐੱਸ ਸੀ ਪ੍ਰੀਖਿਆ ਪ੍ਰਕਿਰਿਆ ’ਚ ਗੜਬੜੀ ਦੀਆਂ ਖਬਰਾਂ ਬਹੁਤ ਹੈਰਾਨ ਕਰਨ ਵਾਲੀਆਂ ਹਨ।



