ਅਫਸਰ ਬਣਨ ਦੇ ਸੁਫਨੇ ਪਾਣੀ ’ਚ ਡੁੱਬ ਗਏ

0
265

ਨਵੀਂ ਦਿੱਲੀ : ਪੁਲਸ ਨੇ ਇੱਥੇ ਕੋਚਿੰਗ ਸੈਂਟਰ ਦੇ ਮਾਲਕ ਤੇ ਕੋਆਰਡੀਨੇਟਰ ਨੂੰ ਗਿ੍ਰਫਤਾਰ ਕਰ ਲਿਆ ਹੈ। ਉਨ੍ਹਾਂ ਖਿਲਾਫ ਗੈਰ-ਇਰਾਦਤਨ ਹੱਤਿਆ ਦਾ ਕੇਸ ਦਰਜ ਕੀਤਾ ਹੈ। ਬੇਸਮੈਂਟ ਵਿਚਲੇ ਕੋਚਿੰਗ ਸੈਂਟਰ ’ਚ ਮੀਂਹ ਦਾ ਪਾਣੀ ਭਰਨ ਨਾਲ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਕਰ ਰਹੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ।
ਜਿਸ ਆਈ ਏ ਐੱਸ ਸਟੱਡੀ ਸਰਕਲ ਦੀ ਇਮਾਰਤ ’ਚ ਇਹ ਤ੍ਰਾਸਦੀ ਵਾਪਰੀ, ਉਥੇ ਦਰਵਾਜ਼ੇ ਬਾਇਓਮੈਟਿ੍ਰਕ ਸਿਸਟਮ ਨਾਲ ਖੁੱਲ੍ਹਦੇ ਹਨ। ਬਿਜਲੀ ਚਲੇ ਜਾਣ ’ਤੇ ਵਿਦਿਆਰਥੀ ਅੰਦਰ ਹੀ ਫਸੇ ਰਹਿ ਜਾਂਦੇ ਹਨ। ਪਾਣੀ ਅਚਾਨਕ ਵੜਿਆ ਤੇ ਦੇਖਦਿਆਂ ਹੀ ਦੇਖਦਿਆਂ ਸੜਕ ਦੇ ਬਰਾਬਰ ਆ ਗਿਆ। ਸਿਸਟਮ ਬੰਦ ਹੋ ਗਿਆ ਤੇ ਵਿਦਿਆਰਥੀ ਅੰਦਰ ਹੀ ਰਹਿ ਗਏ। ਫਾਇਰ ਬਿ੍ਰਗੇਡ ਵਾਲਿਆਂ ਨੇ ਪੰਪ ਨਾਲ ਪਾਣੀ ਕੱਢਿਆ ਤੇ ਫਿਰ ਅੰਦਰ ਗਏ। ਬੇਸਮੈਂਟ ਪਾਰਕਿੰਗ ਤੇ ਸਟੋਰੇਜ ਲਈ ਸੀ, ਪਰ ਮਾਲਕ ਨੇ ਉਥੇ ਲਾਇਬ੍ਰੇਰੀ ਬਣਾਈ ਹੋਈ ਸੀ। ਤ੍ਰਾਸਦੀ ਵੇਲੇ ਲਾਇਬ੍ਰੇਰੀ ਵਿਚ ਘੱਟੋ-ਘੱਟ 20 ਵਿਦਿਆਰਥੀ ਸਨ। ਫਾਇਰ ਬਿ੍ਰਗੇਡ ਵਾਲਿਆਂ ਨੇ ਤਿੰਨ ਲਾਸ਼ਾਂ ਬਰਾਮਦ ਕੀਤੀਆਂ, ਤਿੰਨ ਨੂੰ ਹਸਪਤਾਲ ਭੇਜਿਆ ਤੇ 13-14 ਸਹੀ-ਸਲਾਮਤ ਬਚਾਏ।
ਦਿੱਲੀ ਦੀ ਮੰਤਰੀ ਆਤਿਸ਼ੀ ਨੇ ਮੁੱਖ ਸਕੱਤਰ ਨਰੇਸ਼ ਕੁਮਾਰ ਨੂੰ ਘਟਨਾ ਦੀ ਜਾਂਚ ਕਰਕੇ 24 ਘੰਟਿਆਂ ਅੰਦਰ ਰਿਪੋਰਟ ਦਾਖਲ ਕਰਨ ਦੇ ਹੁਕਮ ਦਿੱਤੇ ਹਨ। ਆਤਿਸ਼ੀ ਨੇ ਕਿਹਾ-ਘਟਨਾ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਕੋਚਿੰਗ ਸੈਂਟਰ ਹਾਦਸੇ ਦੇ ਹਵਾਲੇ ਨਾਲ ਕਿਹਾ-ਇਹ ਕਤਲ ਹੈ, ਕੋਈ ਦੁਰਘਟਨਾ ਨਹੀਂ। ਉਧਰ ਦਿੱਲੀ ਦੇ ਮੇਅਰ ਨੇ ਬੇਸਮੈਂਟਾਂ ਵਿਚ ਚੱਲ ਰਹੇ ਕੋਚਿੰਗ ਸੈਂਟਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਡੀ ਸੀ ਪੀ ਐੱਮ ਹਰਸ਼ਵਰਧਨ ਨੇ ਕਿਹਾ-ਅਸੀਂ ਰਾਜਿੰਦਰ ਨਗਰ ਪੁਲਸ ਥਾਣੇ ਵਿਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਕੋਚਿੰਗ ਸੈਂਟਰ ਦੇ ਮਾਲਕ ਤੇ ਕੋਆਰਡੀਨੇਟਰ ਨੂੰ ਹਿਰਾਸਤ ਵਿਚ ਲਿਆ ਹੈ। ਤਲਾਸ਼ੀ ਤੇ ਬਚਾਅ ਕਾਰਜ ਮੁੱਕ ਗਏ ਹਨ। ਬੇਸਮੈਂਟ ਵਿੱਚੋਂ ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ। ਇਨ੍ਹਾਂ ਸਾਰਿਆਂ ਦੀ ਪਛਾਣ ਹੋ ਗਈ ਹੈ ਤੇ ਅਸੀਂ ਪੀੜਤ ਪਰਵਾਰਾਂ ਨੂੰ ਹਾਦਸੇ ਬਾਰੇ ਦੱਸ ਦਿੱਤਾ ਹੈ। ਪੀੜਤ ਵਿਦਿਆਰਥੀਆਂ ਦੀ ਪਛਾਣ ਸ਼੍ਰੇਆ ਯਾਦਵ ਵਾਸੀ ਅੰਬੇਦਕਰ ਨਗਰ (ਉੱਤਰ ਪ੍ਰਦੇਸ਼), ਤਾਨੀਆ ਸੋਨੀ ਵਾਸੀ ਤਿਲੰਗਾਨਾ ਤੇ ਨਵੀਨ ਦਾਲਵਿਨ ਵਾਸੀ ਏਰਨਾਕੁਲਮ (ਕੇਰਲਾ) ਵਜੋਂ ਹੋਈ ਹੈ। ਉੱਧਰ, ਦਿੱਲੀ ਭਾਜਪਾ ਦੇ ਪ੍ਰਧਾਨ ਵੀਰੇਂਦਰ ਸੱਚਦੇਵਾ ਤੇ ਨਵੀਂ ਦਿੱਲੀ ਤੋਂ ਸੰਸਦ ਮੈਂਬਰ ਬਾਂਸੁਰੀ ਸਵਰਾਜ ਨੇ ਮੌਕੇ ਦਾ ਦੌਰਾ ਕੀਤਾ ਤੇ ਇਸ ਘਟਨਾ ਲਈ ‘ਆਪ’ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਸਥਾਨਕ ਵਿਧਾਇਕ ਨੇ ਡਰੇਨਾਂ ਸਾਫ ਕਰਵਾਉਣ ਸੰਬੰਧੀ ਸਥਾਨਕ ਲੋਕਾਂ ਦੀਆਂ ਅਪੀਲਾਂ ਨੂੰ ਨਜ਼ਰਅੰਦਾਜ਼ ਕੀਤਾ। ਸੱਚਦੇਵਾ ਨੇ ਕਿਹਾ ਕਿ ਜਲ ਬੋਰਡ ਮੰਤਰੀ ਆਤਿਸ਼ੀ ਤੇ ਸਥਾਨਕ ਵਿਧਾਇਕ ਦੁਰਗੇਸ਼ ਪਾਠਕ ਨੂੰ ਫੌਰੀ ਜ਼ਿੰਮੇਵਾਰੀ ਲੈਂਦਿਆਂ ਅਸਤੀਫਾ ਦੇਣਾ ਚਾਹੀਦਾ ਹੈ।
ਰਾਹੁਲ ਗਾਂਧੀ ਨੇ ਤਿੰਨ ਵਿਦਿਆਰਥੀਆਂ ਦੀ ਮੌਤ ’ਤੇ ਦੁੱਖ ਪ੍ਰਗਟਾਉਦਿਆਂ ਕਿਹਾ ਕਿ ਆਮ ਲੋਕ ਅਸੁਰੱਖਿਅਤ ਉਸਾਰੀ ਅਤੇ ਸੰਸਥਾਵਾਂ ਦੀ ਗੈਰ-ਜ਼ਿੰਮੇਵਾਰੀ ਦੀ ਕੀਮਤ ਹਰ ਪੱਧਰ ’ਤੇ ਚੁਕਾ ਰਹੇ ਹਨ। ਬੇਸਮੈਂਟ ’ਚ ਪਾਣੀ ਭਰ ਜਾਣ ਕਾਰਨ ਮੁਕਾਬਲੇਬਾਜ਼ ਵਿਦਿਆਰਥੀਆਂ ਦੀ ਮੌਤ ਬਹੁਤ ਮੰਦਭਾਗੀ ਹੈ। ਕੁਝ ਦਿਨ ਪਹਿਲਾਂ ਬਰਸਾਤ ਦੌਰਾਨ ਕਰੰਟ ਲੱਗਣ ਕਾਰਨ ਇਕ ਵਿਦਿਆਰਥੀ ਦੀ ਮੌਤ ਹੋ ਗਈ ਸੀ। ਮੈਂ ਸਾਰੇ ਦੁਖੀ ਪਰਵਾਰਾਂ ਪ੍ਰਤੀ ਦਿਲੀ ਹਮਦਰਦੀ ਪ੍ਰਗਟ ਕਰਦਾ ਹਾਂ। ਰਾਹੁਲ ਨੇ ਅੱਗੇ ਕਿਹਾ ਕਿ ਬੁਨਿਆਦੀ ਢਾਂਚੇ ਦਾ ਇਹ ਢਹਿ-ਢੇਰੀ ਹੋਣਾ ਸਿਸਟਮ ਦੀ ਸਾਂਝੀ ਅਸਫਲਤਾ ਹੈ। ਆਮ ਨਾਗਰਿਕ ਹਰ ਪੱਧਰ ’ਤੇ ਅਸੁਰੱਖਿਅਤ ਉਸਾਰੀ, ਮਾੜੀ ਟਾਊਨ ਪਲਾਨਿੰਗ ਅਤੇ ਸੰਸਥਾਵਾਂ ਦੀ ਗੈਰ-ਜ਼ਿੰਮੇਵਾਰੀ ਦੀ ਕੀਮਤ ਆਪਣੀਆਂ ਜਾਨਾਂ ਗੁਆ ਕੇ ਚੁਕਾ ਰਹੇ ਹਨ। ਸੁਰੱਖਿਅਤ ਅਤੇ ਆਰਾਮਦਾਇਕ ਜੀਵਨ ਹਰ ਨਾਗਰਿਕ ਦਾ ਅਧਿਕਾਰ ਹੈ ਅਤੇ ਸਰਕਾਰਾਂ ਦੀ ਜ਼ਿੰਮੇਵਾਰੀ ਹੈ।

LEAVE A REPLY

Please enter your comment!
Please enter your name here