ਚੰਡੀਗੜ੍ਹ : ਮੁਹਾਲੀ ਦੀ ਵਿਸ਼ੇਸ਼ ਪੀ ਐੱਮ ਐੱਲ ਏ ਅਦਾਲਤ ਨੇ ਨਸ਼ਾ ਤਸਕਰੀ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ’ਚ ਮੰਗਲਵਾਰ ‘ਮੁੱਖ ਸਰਗਨਾ’ ਜਗਦੀਸ਼ ਸਿੰਘ ਉਰਫ ਭੋਲਾ ਸਮੇਤ 17 ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ। ਪਹਿਲਵਾਨ ਤੋਂ ਪੁਲਸ ਮੁਲਾਜ਼ਮ ਤੇ ਫਿਰ ਨਸ਼ਾ ਤਸਕਰ ਬਣੇ ਭੋਲਾ ਅਤੇ ਅਵਤਾਰ ਸਿੰਘ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਈ ਡੀ ਨੇ 2015 ’ਚ 24 ਮੁਲਜ਼ਮਾਂ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਸੀ। ਇਨ੍ਹਾਂ ਵਿੱਚੋਂ ਸੱਤ ਨੂੰ ਜਾਂ ਤਾਂ ਭਗੌੜਾ ਐਲਾਨਿਆ ਗਿਆ ਸੀ ਜਾਂ ਜਾਂਚ ਤੇ ਮੁਕੱਦਮੇ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ।
ਭੋਲਾ ਤੇ ਅਵਤਾਰ ਸਿੰਘ ਤੋਂ ਇਲਾਵਾ ਸੰਦੀਪ ਕੌਰ, ਜਗਮਿੰਦਰ ਕੌਰ, ਗੁਰਪ੍ਰੀਤ ਕੌਰ, ਗੁਰਮੀਤ ਕੌਰ, ਸੁਖਜੀਤ ਸਿੰਘ ਸੁੱਖਾ, ਸੁਖਰਾਜ ਸਿੰਘ, ਗੁਰਦੀਪ ਸਿੰਘ ਮਨਚੰਦਾ, ਅਮਰਜੀਤ ਕੌਰ, ਦਵਿੰਦਰ ਸਿੰਘ, ਮਨਿੰਦਰ ਸਿੰਘ, ਸੁਭਾਸ਼ ਬਜਾਜ, ਸੁਨੀਲ ਬਜਾਜ, ਅੰਕੁਰ ਬਜਾਜ, ਦਲੀਪ ਸਿੰਘ ਮਾਨ ਅਤੇ ਮਨਪ੍ਰੀਤ ਸਿੰਘ ਸ਼ਾਮਲ ਦੋਸ਼ੀ ਠਹਿਰਾਏ ਗਏ ਹਨ। ਉਨ੍ਹਾਂ ਨੂੰ ਤਿੰਨ ਤੋਂ 10 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਉਧਰ, ਭੋਲਾ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ। ਭੋਲਾ ਨੇ ਅਰਜ਼ੀ ਦਾਇਰ ਕਰਕੇ ਕਿਹਾ ਸੀ ਕਿ ਉਸ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਅਤੇ ਉਸ ਨੂੰ ਰਿਹਾਅ ਕੀਤਾ ਜਾਵੇ।
ਸੀ ਬੀ ਆਈ ਅਦਾਲਤ ਨੇ ਉਸ ਨੂੰ ਦੋ ਮਾਮਲਿਆਂ ’ਚ 12 ਅਤੇ 10 ਸਾਲ ਦੀ ਸਜ਼ਾ ਸੁਣਾਈ ਸੀ। ਪੰਜਾਬ ਸਰਕਾਰ ਨੇ ਕਿਹਾ ਹੈ ਕਿ ਭੋਲਾ ਦੀ ਸਜ਼ਾ ਅਜੇ ਪੂਰੀ ਨਹੀਂ ਹੋਈ, ਉਸ ਨੇ ਸਾਢੇ ਦਸ ਸਾਲ ਦੀ ਸਜ਼ਾ ਪੂਰੀ ਕੀਤੀ ਹੈ, ਇੱਕ ਸਾਲ ਛੇ ਮਹੀਨੇ ਬਾਕੀ ਹਨ ਅਤੇ ਦੋਵੇਂ ਸਜ਼ਾਵਾਂ ਬਰਾਬਰ ਨਹੀਂ ਚੱਲਣਗੀਆਂ। ਹਾਈ ਕੋਰਟ ਨੇ ਭੋਲਾ ਦੀ ਅਰਜ਼ੀ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਜੇ ਵੱਖ-ਵੱਖ ਮਾਮਲਿਆਂ ’ਚ ਅਜਿਹੇ ਗੰਭੀਰ ਅਪਰਾਧ ਦੇ ਦੋਸ਼ੀ ਨੂੰ ਦਿੱਤੀ ਗਈ ਸਜ਼ਾ ਇਕੋ ਜਿਹੀ ਰਹੀ ਤਾਂ ਇਹ ਘਾਤਕ ਹੋਵੇਗਾ। ਅਗਲੀ ਸੁਣਵਾਈ 12 ਅਗਸਤ ਨੂੰ ਹੋਵੇਗੀ।