ਨਵੀਂ ਦਿੱਲੀ : ਪੈਰਿਸ ਉਲੰਪਿਕ ਵਿਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਦੇ ਕਪਤਾਨ ਹਰਮਨਪ੍ਰੀਤ ਸਿੰਘ ਟੀਮ ਦੇ ਕਈ ਮੈਂਬਰਾਂ ਸਮੇਤ ਸ਼ਨੀਵਾਰ ਪੈਰਿਸ ਤੋਂ ਭਾਰਤ ਪੁੱਜੇ।
ਹਾਲਾਂਕਿ ਸਮਾਪਤੀ ਸਮਾਰੋਹ ਦੇ ਮੱਦੇਨਜ਼ਰ ਟੀਮ ਦੇ ਸਾਰੇ ਮੈਂਬਰ ਹਾਲੇ ਵਾਪਸ ਨਹੀਂ ਆਏ। ਹਰਮਨਪ੍ਰੀਤ ਅਤੇ ਟੀਮ ਦੇ ਮੈਂਬਰਾਂ ਦਾ ਸਵੇਰੇ ਇੰਦਰਾ ਗਾਂਧੀ ਹਵਾਈ ਅੱਡੇ ’ਤੇ ਫੁੱਲ ਮਾਲਾਵਾਂ ਅਤੇ ਢੋਲ ਵਜਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਹਰਮਨਪ੍ਰੀਤ ਨੇ ਕਿਹਾਸਾਨੂੰ ਹਰ ਤਰ੍ਹਾਂ ਦਾ ਸਮਰਥਨ ਮਿਲਿਆ ਹੈ। ਮੈਂ ਸੱਚਮੁੱਚ ਧੰਨਵਾਦ ਕਰਨਾ ਚਾਹੁੰਦਾ ਹਾਂ, ਅਸੀਂ ਬਹੁਤ ਖੁਸ਼ ਅਤੇ ਮਾਣ ਮਹਿਸੂਸ ਕਰ ਰਹੇ ਹਾਂ। ਇਸ ਮੌਕੇ ਟੀਮ ਦੇ ਮੈਂਬਰਾਂ ਨੇ ਭੰਗੜਾ ਵੀ ਪਾਇਆ। ਖਿਡਾਰੀ ਰਾਜਧਾਨੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵੀ ਗਏ, ਜਿੱਥੇ ਹਾਕੀ ਦੇ ਜਾਦੂਗਰ ਦਾ ਬੁੱਤ ਸਥਾਪਤ ਹੈ। ਖਿਡਾਰੀਆਂ ਨੇ ਇਕ-ਇਕ ਕਰਕੇ ਉਨ੍ਹਾ ਦੇ ਬੁੱਤ ’ਤੇ ਫੁੱਲ ਚੜ੍ਹਾਏ ਅਤੇ ਮੱਥਾ ਟੇਕਿਆ। ਫਿਰ ਮੈਡਲ ਨਾਲ ਫੋਟੋ ਖਿਚਵਾਈ।



