ਜਲੰਧਰ (ਸ਼ੈਲੀ ਐਲਬਰਟ) : ਜਲੰਧਰ ਦਿਹਾਤੀ ਪੁਲਸ ਨੇ ਜਲੰਧਰ-ਬਟਾਲਾ ਹਾਈਵੇਅ ‘ਤੇ ਜੱਗੂ ਭਗਵਾਨਪੁਰੀਆ ਗਰੋਹ ਦੇ ਚਾਰ ਮੈਂਬਰਾਂ ਆਸ਼ਰਤ ਕੰਠ ਉਰਫ ਸਾਬੀ, ਕਮਲਪ੍ਰੀਤ ਸਿੰਘ ਉਰਫ ਕੋਮਲ ਬਾਜਵਾ, ਪਰਦੀਪ ਕੁਮਾਰ ਉਰਫ ਗੋਰਾ ਅਤੇ ਗੁਰਮੀਤ ਰਾਜ ਉਰਫ ਜੁਨੇਜਾ ਨੂੰ ਗਿ੍ਫਤਾਰ ਕਰਕੇ ਚੀਨ ਦਾ 7.65 ਐੱਮ ਐੱਮ ਗਲਾਕ, ਦੋ .30 ਬੋਰ ਦਾ ਪਿਸਤੌਲ ਅਤੇ ਰਿਵਾਲਵਰ ਸਮੇਤ ਚਾਰ ਕਾਰਤੂਸ ਅਤੇ ਤਿੰਨ ਮੈਗਜ਼ੀਨ ਬਰਾਮਦ ਕੀਤੇ ਹਨ | ਦੋ ਵਾਹਨ ਮਹਿੰਦਰਾ ਐੱਕਸ ਯੂ ਵੀ (ਪੀ ਬੀ-09-3039) ਅਤੇ ਬ੍ਰੇਜ਼ਾ (ਪੀ ਬੀ-09-ਈ ਪੀ-7100) ਵੀ ਜ਼ਬਤ ਕੀਤੇ ਹਨ | ਪੁਲਸ ਮੁਤਾਬਕ ਗਰੋਹ ਦੇ ਸਰਗਨਾ ਸਾਬੀ ਨੇ ਮੰਨਿਆ ਕਿ ਹਥਿਆਰ ਜੱਗੂ ਭਗਵਾਨਪੁਰੀਆ ਗੈਂਗ ਦੇ ਅਮਨ ਉਰਫ ਅੰਡਾ, ਜੋ ਇਸ ਸਮੇਂ ਜਰਮਨੀ ‘ਚ ਰਹਿੰਦਾ ਹੈ, ਵੱਲੋਂ ਬਟਾਲਾ ਵਾਸੀ ਸੰਜੂ ਉਰਫ ਸਾਹਿਲ ਕੁਮਾਰ ਜ਼ਰੀਏ ਸਪਲਾਈ ਕੀਤੇ ਗਏ ਸਨ, ਜੋ ਇਸ ਸਮੇਂ ਜੇਲ੍ਹ ‘ਚ ਹੈ | ਐੱਸ ਐੱਸ ਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਸੂਚਨਾ ਮਿਲਣ ‘ਤੇ ਸੀ ਆਈ ਏ ਸਟਾਫ ਜਲੰਧਰ ਦਿਹਾਤੀ ਦੇ ਇੰਚਾਰਜ ਤੇ ਥਾਣਾ ਭੋਗਪੁਰ ਦੇ ਮੁੱਖ ਅਫਸਰ ਸਿਕੰਦਰ ਸਿੰਘ ਨੇ ਪਿੰਡ ਲਹਿਰਾ ਨੇੜੇ ਨਾਕਾ ਲਗਾਇਆ ਅਤੇ ਬ੍ਰੇਜ਼ਾ ਨੂੰ ਰੋਕਣ ‘ਚ ਕਾਮਯਾਬ ਹੋ ਗਏ, ਜਿਸ ਦੇ ਨਤੀਜੇ ਵਜੋਂ ਸਾਬੀ ਅਤੇ ਕੋਮਲ ਬਾਜਵਾ ਨੂੰ ਤੁਰੰਤ ਗਿ੍ਫਤਾਰ ਕਰ ਲਿਆ ਗਿਆ | ਮਹਿੰਦਰਾ ਐਕਸ ਯੂ ਵੀ ਚਲਾ ਰਹੇ ਵਿਅਕਤੀ ਨਾਕਾਬੰਦੀ ਤੋੜ ਕੇ ਫਰਾਰ ਹੋ ਗਏ, ਜਿਨ੍ਹਾਂ ਦਾ ਪਿੱਛਾ ਕਰਨ ਤੋਂ ਬਾਅਦ ਪੁਲਸ ਨੇ ਗੋਰਾ ਅਤੇ ਜੁਨੇਜਾ ਨੂੰ ਮਕਸੂਦਾਂ ਦੇ ਜੀਂਦਾ ਰੋਡ ‘ਤੇ ਕਾਬੂ ਕਰ ਲਿਆ ਅਤੇ ਪੰਜਵਾਂ ਸਾਜਨਦੀਪ ਉਰਫ ਲੋਡਾ ਭੱਜਣ ‘ਚ ਕਾਮਯਾਬ ਹੋ ਗਿਆ |




