ਨੇਪਾਲ ਚੋਣਾਂ ’ਚ ਬਾਲੇਨ ਦੀ ਬੱਲੇ-ਬੱਲੇ

0
5

ਕਠਮੰਡੂ : ਨੇਪਾਲ ਦੀਆਂ ਆਮ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਦੇ ਰੁਝਾਨਾਂ ਮੁਤਾਬਕ 2022 ਵਿੱਚ ਬਣੀ ਰਾਸ਼ਟਰੀ ਸਵਤੰਤਰ ਪਾਰਟੀ ਕਾਫੀ ਅੱਗੇ ਚੱਲ ਰਹੀ ਸੀ। 165 ਵਿੱਚੋਂ 150 ਸੀਟਾਂ ਦੀ ਗਿਣਤੀ ਮੁਤਾਬਕ ਉਸ ਨੇ 4 ਸੀਟਾਂ ਜਿੱਤ ਲਈਆਂ ਸੀ ਤੇ 107 ਸੀਟਾਂ ’ਤੇ ਅੱਗੇ ਸੀ। ਗਗਨ ਥਾਪਾ ਦੀ ਨੇਪਾਲੀ ਕਾਂਗਰਸ ਨੇ ਇੱਕ ਸੀਟ ਜਿੱਤ ਲਈ ਸੀ ਤੇ 10 ਸੀਟਾਂ ’ਤੇ ਅੱਗੇ ਸੀ। ਸਾਬਕਾ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਦੀ ਕਮਿਊਨਿਸਟ ਪਾਰਟੀ ਆਫ ਨੇਪਾਲ 11 ਸੀਟਾਂ ’ਤੇ ਅੱਗੇ ਸੀ। ਕੇ ਪੀ ਖੁਦ ਝਾਪਾ-5 ਸੀਟ ’ਤੇ ਮਸ਼ਹੂਰ ਰੈਪਰ ਤੇ ਕਠਮੰਡੂ ਦੇ ਮੇਅਰ ਰਹੇ ਸਵਤੰਤਰ ਪਾਰਟੀ ਦੇ ਬਾਲੇਨ ਸ਼ਾਹ ਤੋਂ ਪੰਜ ਹਜ਼ਾਰ ਵੋਟਾਂ ਨਾਲ ਪਿੱਛੇ ਚੱਲ ਰਹੇ ਸਨ। ਓਲੀ ਨੇ 2017 ਤੇ 2022 ਵਿੱਚ ਇਹ ਸੀਟ ਜਿੱਤੀ ਸੀ।
ਨੇਪਾਲੀ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਨ ਪ੍ਰਚੰਡ ਰੁਕਮ ਪੂਰਬੀ-1 ਸੀਟ ਤੋਂ ਅੱਗੇ ਚੱਲ ਰਹੇ ਸਨ। ਸਵਤੰਤਰ ਪਾਰਟੀ ਪਹਿਲਾਂ ਹੀ ਐਲਾਨ ਚੁੱਕੀ ਹੈ ਕਿ ਬਾਲੇਨ ਸ਼ਾਹ ਪ੍ਰਧਾਨ ਮੰਤਰੀ ਹੋਣਗੇ।
ਪਿਛਲੇ ਸਾਲ ਸਤੰਬਰ ਵਿੱਚ ਹੋਏ ਹਿੰਸਕ ਪ੍ਰਦਰਸ਼ਨਾਂ ਦੇ ਬਾਅਦ ਵੀਰਵਾਰ ਹੋਈਆਂ ਚੋਣਾਂ ਵਿੱਚ 60 ਫੀਸਦੀ ਤੋਂ ਵੱਧ ਵੋਟਿੰਗ ਹੋਈ ਸੀ। ਵੋਟਾਂ ਦੀ ਗਿਣਤੀ ਵਿੱਚ ਤਿੰਨ-ਚਾਰ ਦਿਨ ਲੱਗ ਸਕਦੇ ਹਨ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਉਹ 9 ਮਾਰਚ ਤੱਕ ਗਿਣਤੀ ਪੂਰੀ ਕਰਨ ਦੀ ਕੋਸ਼ਿਸ਼ ਕਰੇਗਾ।
275 ਮੈਂਬਰੀ ਸੰਸਦ ਦੀਆਂ 165 ਸੀਟਾਂ ਲਈ ਵੋਟਾਂ ਪੈਂਦੀਆਂ ਹਨ ਅਤੇ 110 ਸੀਟਾਂ ਦਾ ਫੈਸਲਾ ਪਾਰਟੀਆਂ ਨੂੰ ਪਈਆਂ ਵੋਟਾਂ ਦੇ ਅਨੁਪਾਤ ਨਾਲ ਹੁੰਦਾ ਹੈ। ਜਿਹੜੀ ਪਾਰਟੀ ਨੂੰ ਜਿੰਨੀਆਂ ਵੋਟਾਂ ਪੈਣਗੀਆਂ, ਉਸ ਅਨੁਪਾਤ ਨਾਲ ਉਹ ਸੰਸਦ ਮੈਂਬਰ ਨਾਮਜ਼ਦ ਕਰੇਗੀ। ਕਾਠਮੰਡੂ ਦਾ ਮੇਅਰ ਬਣਨ ਤੋਂ ਪਹਿਲਾਂ ਬਾਲੇਨ ਸ਼ਾਹ ਕਦੇ ਛੱਤਾਂ ’ਤੇ ਰੈਪ ਬੈਟਲ ਕਰਦੇ ਤੇ ਕਦੇ ਮਿਊਜ਼ਿਕ ਵੀਡੀਓ ਬਣਾਉਦੇ ਨਜ਼ਰ ਆਉਦੇ ਸਨ। ਉਹ ਆਪਣੇ ਗਾਣਿਆਂ ਵਿੱਚ ਗਰੀਬੀ, ਪੱਛੜਾਪਨ ਤੇ ਭਿ੍ਸ਼ਟਾਚਾਰ ਦੇ ਮੁੱਦੇ ਉਠਾਉਦੇ ਸਨ। ਇਨ੍ਹਾਂ ਗਾਣਿਆਂ ਨੇ ਉਨ੍ਹਾ ਨੂੰ ਨੌਜਵਾਨਾਂ ਵਿੱਚ ਕਾਫੀ ਮਕਬੂਲ ਕੀਤਾ। ਉਨ੍ਹਾ ਦੇ ਰੈਪ ਵਿੱਚ ਅਕਸਰ ਆਗੂਆਂ ਦੀ ਬੇਇੱਜ਼ਤੀ ਕੀਤੀ ਜਾਂਦੀ ਸੀ, ਪਰ ਲੋਕ ਉਦੋਂ ਹੈਰਾਨ ਰਹਿ ਗਏ, ਜਦੋਂ ਬਾਲੇਨ ਨੇ ਮਈ 2022 ਵਿੱਚ ਕਾਠਮੰਡੂ ਦੇ ਮੇਅਰ ਦੀ ਚੋਣ ਲੜਨ ਦਾ ਐਲਾਨ ਕਰ ਦਿੱਤਾ। ਉਹ ਕਾਲੇ ਬਲੇਜ਼ਰ, ਕਾਲੀ ਜੀਨਜ਼ ਤੇ ਕਾਲੇ ਚਸ਼ਮੇ ਨਾਲ ਪ੍ਰਚਾਰ ਕਰਨ ਜਾਂਦੇ ਸਨ, ਜਿਸ ਦੀ ਖੂਬ ਚਰਚਾ ਹੋਈ। ਆਜ਼ਾਦ ਚੋਣ ਲੜਨ ਵਾਲੇ 33 ਸਾਲਾ ਬਾਲੇਨ ਨੇ ਮਹਾਂਰਥੀਆਂ ਨੂੰ ਹਰਾ ਦਿੱਤਾ। ਉਹ ਆਜ਼ਾਦ ਉਮੀਦਵਾਰ ਵਜੋਂ ਮੇਅਰ ਬਣਨ ਵਾਲੇ ਪਹਿਲੇ ਸ਼ਖਸ ਸਨ। ਨੇਪਾਲ ਵਿੱਚ ਕਾਠਮੰਡੂ ਦੇ ਮੇਅਰ ਦੀ ਹੈਸੀਅਤ ਕਈ ਕੇਂਦਰੀ ਮੰਤਰੀਆਂ ਨਾਲੋਂ ਵੱਧ ਮੰਨੀ ਜਾਂਦੀ ਹੈ। ਬਾਲੇਨ ਦੀ ਜਿੱਤ ਦੀ ਚਰਚਾ ਸਿਰਫ ਨੇਪਾਲ ਹੀ ਨਹੀਂ, ਪੂਰੀ ਦੁਨੀਆ ਵਿੱਚ ਹੋਈ। ਸਾਲ 2023 ਵਿੱਚ ‘ਟਾਈਮਜ਼’ ਮੈਗਜ਼ੀਨ ਨੇ ਉਨ੍ਹਾ ਨੂੰ ਦੁਨੀਆ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ। ਉਨ੍ਹਾ ਵੀ ਐੱਨ ਆਈ ਟੀ ਨਾਗਪੁਰ ਤੋਂ ਇੰਜੀਨੀਅਰਿੰਗ ਦੀ ਸਿੱਖਿਆ ਹਾਸਲ ਕੀਤੀ ਹੈ।