ਭਾਰਤ ਬੰਦ ਦੌਰਾਨ ਪਟਨਾ ’ਚ ਲਾਠੀਚਾਰਜ

0
205

ਨਵੀਂ ਦਿੱਲੀ : ਅਨੁਸੂਚਿਤ ਜਾਤੀ ਅਤੇ ਜਨਜਾਤੀ ਰਿਜ਼ਰਵੇਸ਼ਨ ’ਚ ਕ੍ਰੀਮੀ ਲੇਅਰ ਨੂੰ ਲਾਗੂ ਕਰਨ ਦੀ ਇਜਾਜ਼ਤ ਦੇਣ ਦੇ ਸੁਪਰੀਮ ਕੋਰਟ ਦੇ ਫੈਸਲੇ ਦੇ ਵਿਰੋਧ ’ਚ ਦਲਿਤ-ਆਦਿਵਾਸੀ ਸੰਗਠਨਾਂ ਨੇ ਬੁੱਧਵਾਰ 14 ਘੰਟੇ ਭਾਰਤ ਬੰਦ ਕੀਤਾ। ਨੈਸ਼ਨਲ ਕਨਫੈਡਰੇਸ਼ਨ ਆਫ ਦਲਿਤ ਐਂਡ ਟ੍ਰਾਈਬਲ ਆਰਗੇਨਾਈਜ਼ੇਸ਼ਨ ਨੇ ਅਦਾਲਤ ਦੇ ਇਸ ਫੈਸਲੇ ਨੂੰ ਦਲਿਤਾਂ ਅਤੇ ਆਦਿਵਾਸੀਆਂ ਦੇ ਸੰਵਿਧਾਨਕ ਅਧਿਕਾਰਾਂ ਦੇ ਵਿਰੁੱਧ ਦੱਸਿਆ ਹੈ। ਨਾਲ ਹੀ ਮੰਗ ਕੀਤੀ ਹੈ ਕਿ ਇਸ ਫੈਸਲੇ ਨੂੰ ਵਾਪਸ ਲਿਆ ਜਾਵੇ।
ਬੰਦ ਦਾ ਸਭ ਤੋਂ ਵੱਧ ਅਸਰ ਬਿਹਾਰ ’ਚ ਦੇਖਣ ਨੂੰ ਮਿਲਿਆ। ਯੂ ਪੀ, ਰਾਜਸਥਾਨ ਅਤੇ ਮੱਧ ਪ੍ਰਦੇਸ਼ ’ਚ ਵੀ ਪੁਲਸ-ਪ੍ਰਸ਼ਾਸਨ ਅਲਰਟ ਰਿਹਾ। ਦਲਿਤ ਅਤੇ ਆਦਿਵਾਸੀ ਜਥੇਬੰਦੀਆਂ ਤੋਂ ਇਲਾਵਾ ਸਿਆਸੀ ਪਾਰਟੀਆਂ ਨੇ ਵੀ ਭਾਰਤ ਬੰਦ ਦਾ ਸਮਰਥਨ ਕੀਤਾ। ਇਨ੍ਹਾਂ ’ਚ ਬਹੁਜਨ ਸਮਾਜਵਾਦੀ ਪਾਰਟੀ, ਸਮਾਜਵਾਦੀ ਪਾਰਟੀ, ਭੀਮ ਆਰਮੀ, ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ), ਭਾਰਤ ਆਦਿਵਾਸੀ ਪਾਰਟੀ, ਬਿਹਾਰ ’ਚ ਰਾਸ਼ਟਰੀ ਜਨਤਾ ਦਲ, ਝਾਰਖੰਡ ’ਚ ਐੱਲ ਜੇ ਪੀ (ਆਰ) ਅਤੇ ਜੇ ਐੱਮ ਐੱਮ ਸਮੇਤ ਕਈ ਪਾਰਟੀਆਂ ਸ਼ਾਮਲ ਹਨ। ਕਾਂਗਰਸ ਨੇ ਵੀ ਬੰਦ ਦਾ ਸਮਰਥਨ ਕੀਤਾ ਹੈ।
ਬਿਹਾਰ ’ਚ ਪ੍ਰਦਰਸ਼ਨਕਾਰੀਆਂ ਨੇ ਰੇਲ ਪਟੜੀਆਂ ’ਤੇ ਨਾਅਰੇਬਾਜ਼ੀ ਕੀਤੀ। ਅਰਾਹ ਅਤੇ ਦਰਭੰਗਾ ’ਚ ਰੇਲ ਗੱਡੀਆਂ ਰੋਕ ਦਿੱਤੀਆਂ। ਇਸ ਤੋਂ ਇਲਾਵਾ ਜਹਾਨਾਬਾਦ, ਸਹਿਰਸਾ ਅਤੇ ਪੂਰਨੀਆ ’ਚ ਹਾਈਵੇਅ ਜਾਮ ਕਰ ਦਿੱਤੇ। ਨਵਾਦਾ ਅਤੇ ਛਪਰਾ ਸਮੇਤ ਕਈ ਸ਼ਹਿਰਾਂ ’ਚ ਪ੍ਰਦਰਸ਼ਨ ਕੀਤੇ। ਪਟਨਾ ਸ਼ਹਿਰ ਦੇ ਡਾਕਬੰਗਲਾ ਚੌਰਾਹੇ ’ਤੇ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਪ੍ਰਦਰਸ਼ਨਕਾਰੀਆਂ ’ਤੇ ਪੁਲਸ ਨੇ ਪਹਿਲਾਂ ਪਾਣੀ ਦੀਆਂ ਤੋਪਾਂ ਚਲਾਈਆਂ ਅਤੇ ਫਿਰ ਲਾਠੀਚਾਰਜ ਕੀਤਾ। ਰਾਜਸਥਾਨ ਦੇ ਸਵਾਈ ਮਾਧੋਪੁਰ ’ਚ ਪ੍ਰਦਰਸ਼ਨਕਾਰੀਆਂ ਨੇ ਲਾਠੀਆਂ ਲਹਿਰਾਈਆਂ ਅਤੇ ਨਾਅਰੇਬਾਜ਼ੀ ਕੀਤੀ। ਜੈਪੁਰ ਸਮੇਤ 16 ਜ਼ਿਲ੍ਹਿਆਂ ’ਚ ਸਕੂਲ ਬੰਦ ਰਹੇ। ਭਰਤਪੁਰ ’ਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ। ਅਲਵਰ ’ਚ ਰੋਡਵੇਜ਼ ਦੀਆਂ ਬੱਸਾਂ ਨਹੀਂ ਚੱਲੀਆਂ। ਅਜਮੇਰ ਅਤੇ ਜੋਧਪੁਰ ’ਚ ਪ੍ਰਦਰਸ਼ਨ ਹੋਏ। ਮੱਧ ਪ੍ਰਦੇਸ਼ ਦੇ ਉਜੈਨ ’ਚ ਬਾਜ਼ਾਰ ਬੰਦ ਕਰਨ ਨੂੰ ਲੈ ਕੇ ਦੁਕਾਨਦਾਰਾਂ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋ ਗਈ। ਗਵਾਲੀਅਰ ’ਚ ਸਕੂਲ ਬੰਦ ਰਹੇ। ਯੂ ਪੀ ਦੇ ਆਗਰਾ ’ਚ ਪ੍ਰਦਰਸ਼ਨਕਾਰੀਆਂ ਨੇ ਮਾਰਚ ਕਰਕੇ ਨਾਅਰੇਬਾਜ਼ੀ ਕੀਤੀ। ਮੁਰਾਦਾਬਾਦ, ਮੇਰਠ, ਕਾਸਗੰਜ, ਏਟਾ ਅਤੇ ਬਰੇਲੀ ’ਚ ਸੁਰੱਖਿਆ ਦੇ ਸਖਤ ਪ੍ਰਬੰਧ ਨਜ਼ਰ ਆਏ। ਗਾਜ਼ੀਆਬਾਦ ਅਤੇ ਨੋਇਡਾ ’ਚ ਬੰਦ ਬੇਅਸਰ ਰਿਹਾ। ਝਾਰਖੰਡ ਦੀ ਰਾਜਧਾਨੀ ਰਾਂਚੀ ਸੜਕ ਉੱਤੇ ਟਾਇਰ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ।
ਚੰਡੀਗੜ੍ਹ ’ਚ ਸਥਿਤੀ ਲੱਗਭੱਗ ਆਮ ਵਾਂਗ ਰਹੀ। ਬੈਂਕਿੰਗ ਸੇਵਾਵਾਂ, ਵਿਦਿਅਕ ਸੰਸਥਾਵਾਂ ਅਤੇ ਵਪਾਰਕ ਅਦਾਰਿਆਂ ਦਾ ਸੰਚਾਲਨ ਆਮ ਸੀ। ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ’ਚ ਭਾਰੀ ਸੁਰੱਖਿਆ ਬੰਦੋਬਸਤ ਕੀਤੇ ਗਏ ਸਨ।

LEAVE A REPLY

Please enter your comment!
Please enter your name here