ਵਾਸ਼ਿੰਗਟਨ : ਅਮਰੀਕਾ ’ਚ 40 ਸਾਲਾ ਭਾਰਤੀ ਡਾਕਟਰ ਉਮਰ ਐਜਾਜ਼ ਨੂੰ ਕਈ ਸਾਲਾਂ ਤੋਂ ਬੱਚਿਆਂ ਅਤੇ ਔਰਤਾਂ ਦੀਆਂ ਸੈਂਕੜੇ ਨਗਨ ਤਸਵੀਰਾਂ ਲੈਣ ਅਤੇ ਵੀਡੀਓ ਬਣਾਉਣ ਦੇ ਦੋਸ਼ ’ਚ ਗਿ੍ਰਫਤਾਰ ਕੀਤਾ ਗਿਆ ਹੈ। ਉਸ ਨੇ ਬਾਥਰੂਮ, ਕੱਪੜੇ ਬਦਲਣ ਵਾਲੀਆਂ ਥਾਵਾਂ, ਹਸਪਤਾਲ ਦੇ ਕਮਰਿਆਂ ਅਤੇ ਇੱਥੋਂ ਤੱਕ ਕਿ ਆਪਣੇ ਘਰ ’ਚ ਵੀ ਕਈ ਥਾਵਾਂ ’ਤੇ ਗੁਪਤ ਕੈਮਰੇ ਲਗਾਏ ਹੋਏ ਸਨ। ਉਸ ਨੇ ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਤਸਵੀਰਾਂ ਖਿੱਚੀਆਂ ਅਤੇ ਵੀਡੀਓ ਬਣਾਈਆਂ।
ਅਧਿਕਾਰੀਆਂ ਨੂੰ ਉਸ ਦੇ ਕਾਰੇ ਬਾਰੇ ਉਦੋਂ ਪਤਾ ਲੱਗਾ, ਜਦੋਂ ਉਸ ਦੀ ਪਤਨੀ ਪ੍ਰੇਸ਼ਾਨ ਕਰਨ ਵਾਲੀ ਸਮੱਗਰੀ ਪੁਲਸ ਸਾਹਮਣੇ ਲੈ ਆਈ। ਓਕਲੈਂਡ ਕਾਉਂਟੀ ਸ਼ੈਰਿਫ ਨੇ ਕਿਹਾ ਕਿ ਡਾਕਟਰ ਨੇ ਕਈ ਔਰਤਾਂ ਨਾਲ ਵੀ ਜਿਣਸੀ ਸੰਬੰਧ ਬਣਾਏ, ਜੋ ਬੇਹੋਸ਼ ਸਨ ਜਾਂ ਸੌਂ ਰਹੀਆਂ ਸਨ।
ਅਧਿਕਾਰੀਆਂ ਨੂੰ ਸ਼ੱਕ ਹੈ ਕਿ ਕਈ ਹੋਰ ਪੀੜਤ ਵੀ ਹੋ ਸਕਦੇ ਹਨ, ਜਿਨ੍ਹਾਂ ਦਾ ਅਜੇ ਤੱਕ ਪੁਲਸ ਨੂੰ ਪਤਾ ਨਹੀਂ ਲੱਗ ਸਕਿਆ ਹੈ। ਜਾਂਚਕਰਤਾ ਅਮਰੀਕਾ ਦੇ ਮਿਸ਼ੀਗਨ ਰਾਜ ’ਚ ਓਕਲੈਂਡ ਕਾਉਂਟੀ ਦੇ ਸ਼ਹਿਰ ਰੋਚੈਸਟਰ ਹਿਲਜ਼ ’ਚ ਉਸ ਦੇ ਘਰ ਤੋਂ ਮਿਲੀਆਂ ਹਜ਼ਾਰਾਂ ਵੀਡੀਓਜ਼ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੀੜਤਾਂ ਨੂੰ ਤੰਗ ਕੀਤਾ ਜਾ ਰਿਹਾ ਹੈ।


