ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਵੀਰਵਾਰ ਕਿਹਾ ਕਿ ਉਹ ਕਿਸਾਨਾਂ ਦੀਆਂ ਸ਼ਿਕਾਇਤਾਂ ਨੂੰ ਹਮੇਸ਼ਾ ਲਈ ਸੁਲਝਾਉਣ ਲਈ ਜਲਦੀ ਹੀ ਇੱਕ ਬਹੁ-ਮੈਂਬਰੀ ਕਮੇਟੀ ਦਾ ਗਠਨ ਕਰੇਗੀ। ਇਸ ਦੇ ਨਾਲ ਹੀ ਉਸ ਨੇ ਮਾਮਲੇ ਦੀ ਅਗਲੀ ਸੁਣਵਾਈ 2 ਸਤੰਬਰ ’ਤੇ ਪਾ ਦਿੱਤੀ। ਪੰਜਾਬ ਸਰਕਾਰ ਨੇ ਕੋਰਟ ਨੂੰ ਦੱਸਿਆ ਕਿ ਉਨ੍ਹਾਂ ਕੋਰਟ ਦੇ 12 ਅਗਸਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਮੀਟਿੰਗ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਸ਼ੰਭੂ ਵਿਖੇ ਬੰਦ ਕੀਤੇ ਹਾਈਵੇਅ ਨੂੰ ਅੰਸ਼ਕ ਤੌਰ ’ਤੇ ਖੋਲ੍ਹਣ ਲਈ ਸਹਿਮਤੀ ਦਿੱਤੀ ਸੀ। ਬੈਂਚ ਨੇ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਕਿਹਾ ਕਿ ਉਹ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਜੁੜੇ ਰਹਿਣ ਅਤੇ ਉਨ੍ਹਾਂ ਨੂੰ ਹਾਈਵੇਅ ਤੋਂ ਆਪਣੇ ਟਰੈਕਟਰ ਅਤੇ ਟਰਾਲੀਆਂ ਹਟਾਉਣ ਲਈ ਮਨਾਉਣ।
ਸੰਯੁਕਤ ਰਾਸ਼ਟਰ ਦੀ ਟੀਮ ਬੰਗਲਾਦੇਸ਼ ਆਏਗੀ
ਢਾਕਾ : ਸੰਯੁਕਤ ਰਾਸ਼ਟਰ ਦੇ ਮਾਹਰਾਂ ਦੀ ਟੀਮ ਪ੍ਰਦਰਸ਼ਨਕਾਰੀਆਂ ਦੀਆਂ ਹੱਤਿਆਵਾਂ ਦੀ ਜਾਂਚ ਲਈ ਢਾਕਾ ਪੁੱਜੇਗੀ। ਇਸ ਮਹੀਨੇ ਦੇ ਸ਼ੁਰੂ ਵਿਚ ਸ਼ੇਖ ਹਸੀਨਾ ਦੇ ਪ੍ਰਧਾਨ ਮੰਤਰੀ ਵਜੋਂ ਅਸਤੀਫਾ ਦੇਣ ਤੋਂ ਪਹਿਲਾਂ ਅਤੇ ਬਾਅਦ ਵਿਚ ਘੱਟੋ-ਘੱਟ 650 ਪ੍ਰਦਰਸ਼ਨਕਾਰੀਆਂ ਦੀ ਹੱਤਿਆ ਹੋਈ ਸੀ। ਟੀਮ ਇੱਕ ਹਫਤਾ ਰੁਕੇਗੀ ਅਤੇ ਸਿਵਲ ਸੁਸਾਇਟੀ ਸਮੂਹਾਂ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਪੀੜਤਾਂ, ਵਿਦਿਆਰਥੀਆਂ, ਸਰਕਾਰੀ ਅਧਿਕਾਰੀਆਂ ਅਤੇ ਸੰਬੰਧਤ ਕਿਸੇ ਵੀ ਵਿਅਕਤੀ ਨਾਲ ਮੁਲਾਕਾਤ ਕਰੇਗੀ।
ਕਿਸਾਨ ਵੱਲੋਂ ਖੁਦਕੁਸ਼ੀ
ਲਹਿਰਾਗਾਗਾ : ਨੇੜਲੇ ਪਿੰਡ ਘੋੜੇਨਬ ਦੇ ਕਿਸਾਨ ਮਲਕੀਤ ਸਿੰਘ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਉਸ ਦੀ ਪਤਨੀ ਪਰਵਿੰਦਰ ਕੌਰ ਦੇ ਬਿਆਨ ’ਤੇ ਧਾਰਾ 174 ਅਧੀਨ ਕਾਰਵਾਈ ਕਰਕੇ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ। ਮਲਕੀਤ ਸਿੰਘ ’ਤੇ 12 ਲੱਖ ਦਾ ਸਰਕਾਰੀ ਕਰਜ਼ਾ ਅਤੇ ਹੋਰ ਕਰਜ਼ੇ ਸਨ।
ਜੋੜੇ ਵੱਲੋਂ ਬੱਚੇ ਸਣੇ ਖੁਦੁਕੁਸ਼ੀ
ਮੰਡੀ ਅਹਿਮਦਗੜ੍ਹ : ਲੁਧਿਆਣਾ ਜ਼ਿਲ੍ਹੇ ਦੇ ਪਿੰਡ ਘੁੰਗਰਾਣਾ ਦੇ ਛੋਟੇ ਕਿਸਾਨ ਪਰਿਵਾਰ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ 9 ਸਾਲਾ ਪੁੱਤਰ ਸਮੇਤ ਬੁੱਧਵਾਰ ਰਾਤ ਅਹਿਮਦਗੜ੍ਹ ਨੇੜੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮਿ੍ਰਤਕਾਂ ’ਚ ਪਰਿਵਾਰ ਦਾ ਮੁਖੀ ਸੁਖਪਾਲ ਸਿੰਘ (35), ਉਸ ਦੀ ਪਤਨੀ ਸੁਖਦੀਪ ਕੌਰ (32) ਅਤੇ ਪੁੱਤਰ ਬਲਜੋਤ ਸਿੰਘ (9) ਸ਼ਾਮਲ ਹਨ।



