ਮੁੰਬਈ : ਬੰਬੇ ਹਾਈ ਕੋਰਟ ਨੇ ਬੁੱਧਵਾਰ ਮੁੰਬਈ ਨਗਰ ਨਿਗਮ ਨੂੰ ਦੋ ਦਿਨ ਦਿਖਾਵਾ ਕਰਨ ਲਈ ਝਾੜ ਪਾਈ, ਜਦੋਂ ਇੰਗਲੈਂਡ ਦਾ ਸ਼ਾਹੀ ਜੋੜਾ (ਪਿ੍ੰਸ ਵਿਲੀਅਮ ਅਤੇ ਰਾਜਕੁਮਾਰੀ ਕੈਥਰੀਨ) ਸ਼ਹਿਰ ਦੇ ਦੌਰੇ ‘ਤੇ ਸਨ | ਨਾਗਰਿਕਾਂ ਲਈ ਕੂੜੇ ਦੇ ਪਹਾੜ ‘ਪੱਕੀ ਨੁਮਾਇਸ਼’ ਵਜੋਂ ਛੱਡ ਦਿੱਤੇ ਗਏ |
ਸ਼ਹਿਰ ਦੀਆਂ ਸੜਕਾਂ ‘ਤੇ ਕੂੜਾ ਸੁੱਟਣ ਬਾਰੇ ਚਿੰਤਾਵਾਂ ਬਾਰੇ ਇੱਕ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਜਸਟਿਸ ਗਿਰੀਸ਼ ਕੁਲਕਰਨੀ ਅਤੇ ਨੀਲਾ ਗੋਖਲੇ ਦੀ ਬੈਂਚ ਨੇ ਕਿਹਾ ਕਿ ਜਦੋਂ ਦੱਖਣੀ ਮੁੰਬਈ ਵਿੱਚ ਬੈਲਾਰਡ ਅਸਟੇਟ ਸਮੇਤ ਖੇਤਰਾਂ ਨੂੰ ਸ਼ਾਹੀ ਮਹਿਮਾਨਾਂ ਲਈ ‘ਚਮਕਦਾਰ’ ਬਣਾਇਆ ਗਿਆ, ਨਿਗਮ ਤੇ ਸੂਬਾ ਸਰਕਾਰ ਦੇ ਅਧਿਕਾਰੀਆਂ ਨੂੰ ਮੁੰਬਈ ਦੇ ਹਰ ਵਾਰਡ ਵਿੱਚ ਨਾਗਰਿਕਾਂ ਲਈ ਇਸੇ ਤਰ੍ਹਾਂ ਦੇ ਯਤਨ ਯਕੀਨੀ ਬਣਾਉਣੇ ਚਾਹੀਦੇ ਹਨ | ਪਲਾਸਟਿਕ ਵਾਲੇ ‘ਕੂੜੇ ਦੇ ਪਹਾੜ’ ਬਾਰੇ ਚਿੰਤਾਵਾਂ ਜ਼ਾਹਰ ਕਰਦੇ ਹੋਏ, ਹਾਈ ਕੋਰਟ ਨੇ ਪੁੱਛਿਆ ਕਿ ਪਲਾਸਟਿਕ ‘ਤੇ ਪੂਰੀ ਤਰ੍ਹਾਂ ਪਾਬੰਦੀ ਕਿਉਂ ਨਹੀਂ ਲਗਾਈ ਜਾ ਸਕਦੀ |
ਬੈਂਚ ਨੇ ਕਿਹਾ ਕਿ ਸੜਕਾਂ ਦੀ ਮੁਰੰਮਤ ਅਤੇ ਸ਼ਹਿਰ ਦੀ ਸਫਾਈ ਸਿਰਫ ਉਦੋਂ ਹੀ ਕੀਤੀ ਜਾਂਦੀ ਹੈ, ਜਦੋਂ ਵੀ ਆਈ ਪੀਜ਼ ਆਉਂਦੇ ਹਨ | ਤਾਂ ਫਿਰ ਆਮ ਲੋਕਾਂ (ਮੁੰਬਈ ਵਾਸੀਆਂ) ਨੂੰ ਇਨ੍ਹਾਂ ਸਹੂਲਤਾਂ ਤੋਂ ਕਿਉਂ ਇਨਕਾਰ ਕੀਤਾ ਜਾਂਦਾ ਹੈ? ਵਿਸ਼ੇਸ਼ ਮਹਿਮਾਨਾਂ ਦੇ ਆਉਣ ‘ਤੇ ਦੋ ਦਿਨ ਸਫਾਈ ਦਿਖਾਉਣ ਦੀ ਬਜਾਏ ਸ਼ਹਿਰ ਨੂੰ ਹਮੇਸ਼ਾ ਸਾਫ ਰੱਖਣਾ ਚਾਹੀਦਾ ਹੈ |
ਦਰਅਸਲ, ਬਿ੍ਟੇਨ ਦੇ ਪਿ੍ੰਸ ਵਿਲੀਅਮ ਅਤੇ ਪਿ੍ੰਸੈੱਸ ਕੈਥਰੀਨ ਦੀ ਮੁੰਬਈ ਫੇਰੀ ਤੋਂ ਪਹਿਲਾਂ ਸ਼ਹਿਰ ਦੀਆਂ ਗਲੀਆਂ ਸਾਫ ਕੀਤੀਆਂ ਗਈਆਂ ਸਨ | ਇਹ ਜੋੜਾ 16 ਨਵੰਬਰ ਨੂੰ ਮੁੰਬਈ ਪਹੁੰਚਿਆ ਸੀ | 17 ਨਵੰਬਰ ਨੂੰ ਉਨ੍ਹਾਂ ਅਰਥਸ਼ਾਟ ਇਨਾਮ ਸਮਾਰੋਹ ਵਿੱਚ ਸ਼ਿਰਕਤ ਕੀਤੀ | ਇਸ ਫੇਰੀ ਦੌਰਾਨ ਉਨ੍ਹਾਂ ਸਟ੍ਰੀਟ ਕਿ੍ਕਟ ਖੇਡੀ, ਜਦੋਂ ਕਿ ਪਿ੍ੰਸ ਵਿਲੀਅਮ ਨੂੰ ਇੱਕ ਇਲੈਕਟਿ੍ਕ ਆਟੋ ਚਲਾਉਂਦੇ ਹੋਏ ਵੀ ਦੇਖਿਆ ਗਿਆ |



