ਭਾਜਪਾ ਜੰਮੂ-ਕਸ਼ਮੀਰ ਦੀ ਸੂਚੀ ਛਾਂਗਣ ਲਈ ਮਜਬੂਰ

0
169

ਨਵੀਂ ਦਿੱਲੀ : ਜੰਮੂ-ਕਸ਼ਮੀਰ ਦੀ 90 ਮੈਂਬਰੀ ਵਿਧਾਨ ਸਭਾ ਦੀਆਂ ਚੋਣਾਂ ਲਈ ਉਮੀਦਵਾਰਾਂ ਦੇ ਐਲਾਨ ਨੂੰ ਲੈ ਕੇ ਸੋਮਵਾਰ ਭਾਰਤੀ ਜਨਤਾ ਪਾਰਟੀ ‘ਚ ਕਾਫੀ ਘਚੋਲਾ ਨਜ਼ਰ ਆਇਆ | ਪਹਿਲੀ ਸੂਚੀ ਸਵੇਰੇ 10 ਵਜੇ ਜਾਰੀ ਕੀਤੀ ਗਈ | ਇਸ ਵਿਚ ਤਿੰਨਾਂ ਪੜਾਵਾਂ ‘ਚ ਹੋਣ ਵਾਲੀਆਂ ਚੋਣਾਂ ਦੇ 44 ਉਮੀਦਵਾਰਾਂ ਦੇ ਨਾਂਅ ਸਨ | ਥੋੜ੍ਹੀ ਦੇਰ ਬਾਅਦ ਇਹ ਵਾਪਸ ਲੈ ਲਈ ਗਈ | ਪਹਿਲੀ ਸੂਚੀ ਆਉਂਦੇ ਹੀ ਜੰਮੂ ਭਾਜਪਾ ਦਫਤਰ ਵਿਚ ਕਾਰਕੁਨਾਂ ਨੇ ਮੁਜ਼ਾਹਰਾ ਸ਼ੁਰੂ ਕਰ ਦਿੱਤਾ | ਉਹ ਕਹਿ ਰਹੇ ਸਨ ਕਿ ਪੈਰਾਸ਼ੂਟਾਂ ਨੂੰ ਟਿਕਟਾਂ ਦੇ ਦਿੱਤੀਆਂ | ਫਿਰ ਸੂਬਾ ਭਾਜਪਾ ਪ੍ਰਧਾਨ ਰਵਿੰਦਰ ਰੈਣਾ ਆਪਣੇ ਕੈਬਿਨ ਵਿਚ ਚਲੇ ਗਏ ਤੇ ਦਰਵਾਜ਼ਾ ਬੰਦ ਕਰ ਲਿਆ | ਥੋੜ੍ਹੀ ਦੇਰ ਬਾਅਦ ਬਾਹਰ ਆ ਕੇ ਕਿਹਾ ਕਿ ਪ੍ਰੇਸ਼ਾਨ ਨਾ ਹੋਵੋ, ਉਹ ਸਭ ਨਾਲ ਨਿੱਜੀ ਤੌਰ ‘ਤੇ ਗੱਲ ਕਰਨਗੇ | ਗੱਲ ਹਾਈਕਮਾਨ ਤੱਕ ਪੁੱਜੀ ਤਾਂ ਦੋ ਘੰਟੇ ਬਾਅਦ 12 ਵਜੇ ਇਕ ਹੋਰ ਸੂਚੀ ਆ ਗਈ, ਜਿਸ ਵਿਚ ਪਹਿਲੇ ਪੜਾਅ ਦੀ ਪੋਲਿੰਗ ਵਾਲੇ 15 ਉਮੀਦਵਾਰਾਂ ਦੇ ਨਾਂਅ ਸਨ | ਫਿਰ 2 ਵੱਜ ਕੇ 45 ਮਿੰਟ ‘ਤੇ ਕੋਕਰਨਾਗ ਤੋਂ ਚੌਧਰੀ ਰੌਸ਼ਨ ਹੁਸੈਨ ਦੇ ਨਾਂਅ ਵਾਲੀ ਤੀਜੀ ਸੂਚੀ ਆ ਗਈ |
ਦਿੱਲੀ ‘ਚ ਕੌਮੀ ਪ੍ਰਧਾਨ ਜੇ ਪੀ ਨੱਢਾ ਦੀ ਪ੍ਰਧਾਨਗੀ ਹੇਠ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਐਤਵਾਰ ਹੋਈ ਮੀਟਿੰਗ ‘ਚ ਉਮੀਦਵਾਰਾਂ ਦੇ ਨਾਂਅ ਤੈਅ ਹੋਏ ਸਨ | ਮੀਟਿੰਗ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਵੀ ਮੌਜੂਦ ਸਨ | ਜੰਮੂ-ਕਸ਼ਮੀਰ ‘ਚ ਤਿੰਨ ਪੜਾਵਾਂ ‘ਚ 18, 25 ਸਤੰਬਰ ਅਤੇ 1 ਅਕਤੂਬਰ ਨੂੰ ਵੋਟਾਂ ਪੈਣਗੀਆਂ | ਵੋਟਾਂ ਦੀ ਗਿਣਤੀ 4 ਅਕਤੂਬਰ ਨੂੰ ਹੋਵੇਗੀ | ਜੰਮੂ-ਕਸ਼ਮੀਰ ‘ਚ 90 ਵਿਧਾਨ ਸਭਾ ਹਲਕੇ ਹਨ, ਜਿਨ੍ਹਾਂ ਵਿੱਚੋਂ 7 ਸੀਟਾਂ ਅਨੁਸੂਚਿਤ ਜਾਤੀਆਂ ਲਈ ਅਤੇ 9 ਸੀਟਾਂ ਅਨੁਸੂਚਿਤ ਜਨ-ਜਾਤੀਆਂ ਲਈ ਰਾਖਵੀਆਂ ਹਨ |
ਦਰਅਸਲ ਕਾਂਗਰਸ, ਨੈਸ਼ਨਲ ਕਾਨਫਰੰਸ, ਪੀ ਡੀ ਪੀ ਤੇ ਪੈਂਥਰਜ਼ ਪਾਰਟੀ ਵਿੱਚੋਂ ਕਈ ਆਗੂ ਭਾਜਪਾ ਵਿਚ ਸ਼ਾਮਲ ਹੋਏ ਸਨ ਤੇ ਉਨ੍ਹਾਂ ਦੇ ਪਹਿਲੀ ਸੂਚੀ ਵਿਚ ਨਾਂਅ ਵੀ ਐਲਾਨ ਦਿੱਤੇ ਗਏ ਸਨ, ਪਰ ਸੋਧੀ ਸੂਚੀ ਵਿਚ ਕੱਟ ਦਿੱਤੇ ਗਏ | ਪਹਿਲੀ ਸੂਚੀ ਵਿਚ ਕੇਂਦਰੀ ਮੰਤਰੀ ਜਤਿੰਦਰ ਸਿੰਘ ਦੇ ਭਰਾ ਦਵਿੰਦਰ ਸਿੰਘ ਰਾਣਾ ਤੇ ਭਾਜਪਾ ਦੇ ਪੰਜਾਬ ਦੇ ਕੋ-ਇੰਚਾਰਜ ਨਰਿੰਦਰ ਸਿੰਘ ਰਾਣਾ ਦਾ ਨਾਂਅ ਵੀ ਸੀ | ਦਿਲਚਸਪ ਗੱਲ ਹੈ ਕਿ ਸੋਧੀ ਸੂਚੀ ਵਿਚ ਸਾਬਕਾ ਉਪ ਮੁੱਖ ਮੰਤਰੀਆਂ ਨਿਰਮਲ ਸਿੰਘ ਤੇ ਕਵਿੰਦਰ ਗੁਪਤਾ ਦੇ ਨਾਂਅ ਕੱਟੇ ਗਏ ਹਨ | ਭਾਜਪਾ ਨੇ 44 ਉਮੀਦਵਾਰਾਂ ਦੀ ਜਿਹੜੀ ਸੂਚੀ ਪਹਿਲਾਂ ਜਾਰੀ ਕੀਤੀ ਸੀ, ਉਨ੍ਹਾਂ ਵਿਚ 10 ਦੂਜੇ ਤੇ 19 ਤੀਜੇ ਪੜਾਅ ਵਿਚ ਹੋਣ ਵਾਲੀ ਪੋਲਿੰਗ ਲਈ ਸਨ | ਪਹਿਲੇ ਪੜਾਅ ਲਈ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦੀ ਆਖਰੀ ਤਰੀਕ 27 ਅਗਸਤ ਹੈ | ਭਾਜਪਾ ਨੇ ਇਸ ਤੋਂ ਪਹਿਲਾਂ 2014 ਵਿਚ ਹੋਈਆਂ ਚੋਣਾਂ ‘ਚ 25 ਸੀਟਾਂ ਜਿੱਤੀਆਂ ਸਨ ਤੇ ਪੀ ਡੀ ਪੀ ਨਾਲ ਮਿਲ ਕੇ ਸਰਕਾਰ ਬਣਾਈ ਸੀ |

LEAVE A REPLY

Please enter your comment!
Please enter your name here