ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਬੁਕਰ ਪੁਰਸਕਾਰ ਜੇਤੂ ਉਘੀ ਲੇਖਕਾ ਅਰੁੰਧਤੀ ਰਾਏ ਨੇ ਸ਼ਨੀਵਾਰ ਕੇਂਦਰ ਸਰਕਾਰ ਦੇ ਹੱਦਬੰਦੀ ਬਿੱਲ ਪਿੱਛੇ ਕੰਮ ਕਰ ਰਹੀ ਮਨਸ਼ਾ ਦੀ ਤਿੱਖੀ ਆਲੋਚਨਾ ਕਰਦਿਆਂ ਦਾਅਵਾ ਕੀਤਾ ਕਿ ਇਹ ‘ਸਥਾਈ ਫਾਸ਼ੀਵਾਦ’ ਲਿਆਉਣ ਦੀ ਇੱਕ ਲੰਮੇ ਸਮੇਂ ਦੀ ਯੋਜਨਾ ਹੈ, ਜੋ ਦੇਸ਼ ਦੇ ਲੋਕਤੰਤਰ ਦੀ ਰੀੜ੍ਹ ਦੀ ਹੱਡੀ ਤੋੜ ਦੇਵੇਗੀ | ਇੱਥੋਂ ਦੇ ਜਵਾਹਰ ਭਵਨ ਵਿਖੇ ਕਰਵਾਏ ਗਏ ‘ਲੇਖਕਾਂ, ਕਲਾਕਾਰਾਂ ਅਤੇ ਸੱਭਿਆਚਾਰਕ ਕਰਮੀਆਂ ਦੇ ਕੌਮੀ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਅਰੁੰਧਤੀ ਰਾਏ ਨੇ ਕਿਹਾ, ‘ਹੱਦਬੰਦੀ ਲੋਕਤੰਤਰ ਦੀ ਰੀੜ੍ਹ ਤੋੜ ਦੇਵੇਗੀ | ਸਰਕਾਰ ਨੂੰ ਤੁਹਾਨੂੰ ਇਸ ਭੁਲੇਖੇ ਵਿੱਚ ਨਾ ਪਾਉਣ ਦਿਓ ਕਿ ਇਹ ਸਿਰਫ਼ ਚੋਣ ਹਲਕਿਆਂ ਅਤੇ ਸੰਸਦ ਮੈਂਬਰਾਂ ਦੀ ਗਿਣਤੀ ਵਧਾਉਣ ਬਾਰੇ ਹੈ | ਇਹ ਵੀ ਨਾ ਮੰਨੋ ਕਿ ਮਹਿਲਾ ਰਾਖਵਾਂਕਰਨ ਬਿੱਲ ਦਾ ਅÏਰਤਾਂ ਦੇ ਅਧਿਕਾਰਾਂ ਨਾਲ ਕੋਈ ਲੈਣਾ-ਦੇਣਾ ਹੈ | ਇਸ ਦਾ ਅਸਲ ਮਕਸਦ ਜਾਤ, ਧਰਮ ਅਤੇ ਭਾਈਚਾਰਕ ਵੰਡੀਆਂ ਨੂੰ ਮਜ਼ਬੂਤ ਕਰਨ ਲਈ ਚੋਣ ਹਲਕਿਆਂ ਦਾ ਨਕਸ਼ਾ ਮੁੜ ਉਲੀਕਣਾ ਹੈ | ਰਾਏ ਨੇ ਕਿਹਾ ਕਿ ਦੇਸ਼ ਵਿੱਚ ਜੋ ਕੁਝ ਵਾਪਰ ਰਿਹਾ ਹੈ, ਉਹ ‘ਲੋਕਤੰਤਰੀ ਫਾਸ਼ੀਵਾਦ’ ਹੈ, ਜਿੱਥੇ ਫਾਸ਼ੀਵਾਦੀ ਤਾਕਤਾਂ ਲੋਕਤੰਤਰ ਦੇ ਅਸਲ ਅਰਥਾਂ ਦਾ ਕਤਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ | ਉਨ੍ਹਾ ਕਿਹਾ, ‘ਜੇਕਰ ਤੁਹਾਨੂੰ ਉਨ੍ਹਾਂ ਦੇ ਇਰਾਦਿਆਂ ਬਾਰੇ ਕੋਈ ਸ਼ੱਕ ਹੈ, ਤਾਂ ਕਿਰਪਾ ਕਰਕੇ ਅਸਾਮ ਅਤੇ ਕਸ਼ਮੀਰ ਵਿੱਚ ਮੁੜ ਉਲੀਕੇ ਗਏ ਚੋਣ ਹਲਕਿਆਂ ਦਾ ਅਧਿਐਨ ਕਰੋ | ਇਹ ਸਭ ਫਾਸ਼ੀਵਾਦ ਨੂੰ ਮਜ਼ਬੂਤ ਕਰਨ ਲਈ ਕੀਤਾ ਜਾ ਰਿਹਾ ਹੈ | ਜਰਮਨੀ ਦੇ ਫਾਸ਼ੀਵਾਦੀ ਨਾਜ਼ੀ ਖ਼ੁਦ ਨੂੰ ‘ਨੈਸ਼ਨਲ ਸੋਸ਼ਲਿਸਟ’ ਕਹਿੰਦੇ ਸਨ ਅਤੇ ਅਜਿਹਾ ਕਰਕੇ ਉਨ੍ਹਾਂ ਸਮਾਜਵਾਦ ਦੇ ਅਰਥਾਂ ਦਾ ਘਾਣ ਕੀਤਾ |” ਸਰਕਾਰੀ ਸਰਪ੍ਰਸਤੀ ਹੇਠ ਹੋਣ ਵਾਲੇ ਸਮਾਗਮਾਂ ਵਿੱਚ ਹਿੱਸਾ ਲੈਣ ਵਾਲੇ ਕਲਾਕਾਰਾਂ ਅਤੇ ਲੇਖਕਾਂ ਦੀ ਆਲੋਚਨਾ ਕਰਦਿਆਂ ਰਾਏ ਨੇ ਕਿਹਾ ਕਿ ਅਸੀਂ ਦੁਨੀਆ ਦੇ ਸਭ ਤੋਂ ਵੱਧ ਅਸਮਾਨਤਾ ਵਾਲੇ ਸਮਾਜਾਂ ਵਿੱਚੋਂ ਇੱਕ ਵਿੱਚ ਰਹਿ ਰਹੇ ਹਾਂ, ਜਿੱਥੇ ਕਾਨੂੰਨ ਦਾ ਰਾਜ ਵਿਅਕਤੀ ਦੀ ਜਾਤ, ਜਮਾਤ, ਧਰਮ ਅਤੇ ਨਸਲ ਦੇ ਹਿਸਾਬ ਨਾਲ ਲਾਗੂ ਹੁੰਦਾ ਹੈ | ਉਨ੍ਹਾ ਦੋਸ਼ ਲਾਇਆ ਕਿ ਸਰਕਾਰ ਇਜ਼ਰਾਈਲ ਤੋਂ ਨਿਗਰਾਨੀ ਸਾਫ਼ਟਵੇਅਰ ਖ਼ਰੀਦ ਕੇ ਨੌਜਵਾਨ ਪ੍ਰਦਰਸ਼ਨਕਾਰੀਆਂ ਵਿਰੁੱਧ ਗ਼ੈਰ-ਕਾਨੂੰਨੀ ਢੰਗ ਨਾਲ ਵਰਤ ਰਹੀ ਹੈ ਅਤੇ ਚਿਹਰਾ ਪਛਾਣਨ ਵਾਲੀ ਤਕਨੀਕ ਰਾਹੀਂ ਹਜ਼ਾਰਾਂ ਲੋਕਾਂ ਨੂੰ ‘ਆਦਤਨ ਅਪਰਾਧੀ’ ਐਲਾਨਣ ਦੀ ਪ੍ਰਕਿਰਿਆ ਨੂੰ ਆਮ ਬਣਾ ਰਹੀ ਹੈ | ਉਨ੍ਹਾ ਹੱਦਬੰਦੀ ਦੀ ਤੁਲਨਾ 2016 ਦੀ ਨੋਟਬੰਦੀ, 2019 ਵਿੱਚ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਅਤੇ 2020 ਵਿੱਚ ਚਾਰ ਘੰਟਿਆਂ ਦੇ ਨੋਟਿਸ ‘ਤੇ ਲਾਏ ਗਏ ਦੇਸ਼ ਵਿਆਪੀ ਲਾਕਡਾਊਨ ਨਾਲ ਕਰਦਿਆਂ ਕਿਹਾ ਕਿ ਇਹ ਭਾਰਤ ਦੇ ਲੋਕਾਂ ‘ਤੇ ਘਾਤ ਲਗਾ ਕੇ ਹਮਲਾ ਕਰਨ ਦੀ ਯੋਜਨਾ ਹੈ | ਉਨ੍ਹਾਂ ਕਿਹਾ, ‘ਜੇਕਰ ਇਹ ਬਿੱਲ ਸੰਸਦ ਵਿੱਚ ਪਾਸ ਹੋ ਜਾਂਦਾ ਹੈ, ਤਾਂ ਹੱਦਬੰਦੀ ਲੋਕਤੰਤਰ ਦਾ ਉਹੀ ਹਾਲ ਕਰੇਗੀ, ਜੋ ਨੋਟਬੰਦੀ ਨੇ ਅਰਥ ਵਿਵਸਥਾ ਦਾ ਕੀਤਾ ਸੀ | ਨੋਟਬੰਦੀ ਅਤੇ ਚੋਣ ਬਾਂਡਾਂ ਨੇ ਭਾਜਪਾ ਨੂੰ ਦੁਨੀਆ ਦੀ ਸਭ ਤੋਂ ਅਮੀਰ ਸਿਆਸੀ ਪਾਰਟੀ ਬਣਾ ਦਿੱਤਾ ਹੈ, ਜਿਸ ਨੇ ਆਪਣੇ ਪੈਸੇ ਅਤੇ ਪ੍ਰਭਾਵ ਦੀ ਵਰਤੋਂ ਕਰਕੇ ਲੋਕਤੰਤਰ ਦੀ ਨਿਗਰਾਨੀ ਕਰਨ ਵਾਲੀ ਹਰ ਸੰਸਥਾ ‘ਤੇ ਕਬਜ਼ਾ ਕਰ ਲਿਆ ਹੈ |’ ‘ਸੰਵਿਧਾਨ, ਲੋਕਤੰਤਰ ਅਤੇ ਰਚਨਾਤਮਕ ਆਜ਼ਾਦੀ ਦੀ ਰਾਖੀ’ ਦੇ ਉਦੇਸ਼ ਨਾਲ ਕਰਵਾਏ ਗਏ ਇਸ ਸੰਮੇਲਨ ਵਿੱਚ ਅਸ਼ੋਕ ਵਾਜਪਾਈ, ਮਿ੍ਦੁਲਾ ਗਰਗ, ਐੱਮ ਕੇ ਰੈਣਾ, ਮਲਿਕਾਰਾਜ ਸਾਰਾਭਾਈ, ਹੁਸੈਨ ਹੈਦਰੀ, ਕਾਜ਼ੀ ਨੀਲ, ਨੇਹਾ ਸਿੰਘ ਰਾਠੌਰ, ਗੌਹਰ ਰਜ਼ਾ, ਜੌਏ ਸੇਨਗੁਪਤਾ, ਐੱਨ ਐੱਸ ਮਾਧਵਨ, ਗਣੇਸ਼ ਦੇਵੀ ਅਤੇ ਖ਼ਾਲਿਦ ਜਾਵੇਦ ਸਮੇਤ ਕਈ ਨਾਮੀ ਕਵੀਆਂ, ਲੇਖਕਾਂ, ਫ਼ਿਲਮਸਾਜ਼ਾਂ ਤੇ ਸੱਭਿਆਚਾਰਕ ਕਰਮੀਆਂ ਨੇ ਸ਼ਮੂਲੀਅਤ ਕੀਤੀ |





