ਨਵੀਂ ਦਿੱਲੀ (ਨ ਜ਼ ਸ)-ਰਾਤ ਨੂੰ ਕੰਮ ਕਰਨ ਵਾਲੇ ਲੋਕਾਂ ਦੇ ਦਿਲ ਦੀ ਬਣਤਰ ਤੇ ਉਸ ਦੀਆਂ ਮਾਸਪੇਸ਼ੀਆਂ ਦੇ ਕੰਮ ਕਰਨ ਦੇ ਤਰੀਕੇ ਵਿੱਚ ਬਦਲਾਅ ਹੋ ਸਕਦਾ ਹੈ | ਇੱਕ ਨਵੀਂ ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ | ਖੋਜਕਰਤਾਵਾਂ ਮੁਤਾਬਕ ਨਿਯਮਿਤ ਤੌਰ ‘ਤੇ ਨਾਈਟ ਸ਼ਿਫਟ ਕਰਨ ਵਾਲਿਆਂ ਦੇ ਦਿਲ ਦੇ ਆਕਾਰ, ਮਾਸਪੇਸ਼ੀਆਂ ਦੇ ਸੁੰਗੜਨ ਦੀ ਸਮਰੱਥਾ ਅਤੇ ਦਿਲ ਦੀ ਸਿਹਤ ਨਾਲ ਜੁੜੇ ਖ਼ੂਨ ਦੇ ਕੁਝ ਸੰਕੇਤਕਾਂ ਵਿੱਚ ਫ਼ਰਕ ਦੇਖਿਆ ਗਿਆ ਹੈ | ਹਾਲਾਂ ਕਿ ਇਹ ਬਦਲਾਅ ਬਹੁਤ ਮਾਮੂਲੀ ਹਨ | ਇਸ ਦਾ ਮਤਲਬ ਇਹ ਨਹੀਂ ਕਿ ਰਾਤ ਦੀ ਡਿਊਟੀ ਕਰਨ ਵਾਲੇ ਹਰ ਵਿਅਕਤੀ ਨੂੰ ਦਿਲ ਦੀ ਬਿਮਾਰੀ ਹੋਵੇਗੀ | ਚੀਨ ਦੀ ਜ਼ੇਂਗਝੋਊ ਯੂਨੀਵਰਸਿਟੀ ਪੀਪਲਜ਼ ਹਸਪਤਾਲ ਦੇ ਖੋਜਕਰਤਾਵਾਂ ਨੇ ਇਹ ਅਧਿਐਨ ਕੀਤਾ ਹੈ | ਇਸ ਦੇ ਨਤੀਜੇ ਯੂਰਪੀਅਨ ਹਾਰਟ ਜਰਨਲ ‘ਕਾਰਡੀਓਵੈਸਕੁਲਰ ਇਮੇਜਿੰਗ’ ਵਿੱਚ ਪ੍ਰਕਾਸ਼ਤ ਹੋਏ ਹਨ | ਖੋਜਕਰਤਾਵਾਂ ਨੇ ਯੂ ਕੇ ਬਾਇਓਬੈਂਕ ਦੇ 42,671 ਮਹਿਲਾਵਾਂ ਅਤੇ ਪੁਰਸ਼ਾਂ ਦੇ ਅੰਕੜਿਆਂ ਦਾ ਅਧਿਐਨ ਕੀਤਾ, ਜਿਨ੍ਹਾਂ ਦੀ ਸ਼ੁਰੂਆਤੀ ਅÏਸਤ ਉਮਰ 52 ਸਾਲ ਸੀ | ਕਾਰਡਿਅਕ ਮੈਗਨੈਟਿਕ ਰੈਜ਼ੋਨੈਂਸ ਇਮੇਜਿੰਗ (ਐੱਮ ਆਰ ਆਈ) ਤੋਂ ਪਤਾ ਲੱਗਾ ਕਿ ਨਿਯਮਿਤ ਨਾਈਟ ਸ਼ਿਫਟ ਕਰਨ ਵਾਲਿਆਂ ਦੇ ਦਿਲ ਦੇ ਮੁੱਖ ਪੰਪਿੰਗ ਚੈਂਬਰ ਦੇ ਆਕਾਰ ਦੇ ਅਨੁਪਾਤ ਵਿੱਚ ਕੰਧਾਂ ਥੋੜ੍ਹੀਆਂ ਮੋਟੀਆਂ ਸਨ | ਦਿਲ ਦੇ ਕਮਰਿਆਂ ਦਾ ਆਕਾਰ ਵੀ ਕੁਝ ਛੋਟਾ ਪਾਇਆ ਗਿਆ | ਦਿਲ ਦੀਆਂ ਮਾਸਪੇਸ਼ੀਆਂ ਦੇ ਸੁੰਗੜਨ ਨਾਲ ਜੁੜੇ ਇੱਕ ਮਾਪ ਵਿੱਚ ਵੀ ਮਾਮੂਲੀ ਫ਼ਰਕ ਦੇਖਿਆ ਗਿਆ | ਹਾਲਾਂ ਕਿ, ਦਿਲ ਦੀ ਪੰਪਿੰਗ ਸਮਰੱਥਾ ਦਾ ਮੁਲਾਂਕਣ ਕਰਨ ਵਾਲੇ ਇਜੈਕਸ਼ਨ ਫਰੈਕਸ਼ਨ ਵਿੱਚ ਕੋਈ ਵੱਡਾ ਫ਼ਰਕ ਨਹੀਂ ਮਿਲਿਆ | ਇਹ ਮਾਪ ਦੱਸਦਾ ਹੈ ਕਿ ਦਿਲ ਹਰ ਧੜਕਣ ਨਾਲ ਕਿੰਨਾ ਖ਼ੂਨ ਬਾਹਰ ਪੰਪ ਕਰਦਾ ਹੈ |





