ਨਵੀਂ ਦਿੱਲੀ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕੋਲਕਾਤਾ ’ਚ ਡਾਕਟਰ ਦੇ ਬਲਾਤਕਾਰ ਅਤੇ ਕਤਲ ’ਤੇ ਪਹਿਲੀ ਵਾਰ ਬੋਲਦਿਆਂ ਔਰਤਾਂ ਖਿਲਾਫ ਲਗਾਤਾਰ ਹੋ ਰਹੇ ਅਪਰਾਧਾਂ ’ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾ ਆਪਣੇ ਲੇਖ ’ਚ ਕਿਹਾਸਾਨੂੰ ਔਰਤਾਂ ਵਿਰੁੱਧ ਅਪਰਾਧਾਂ ’ਚ ਹਾਲ ਹੀ ’ਚ ਹੋਏ ਵਾਧੇ ਬਾਰੇ ਇਮਾਨਦਾਰੀ ਨਾਲ ਆਤਮ-ਪੜਚੋਲ ਕਰਨ ਅਤੇ ਇਸ ਬਿਮਾਰੀ ਨੂੰ ਜੜ੍ਹੋਂ ਪੁੱਟਣ ਦੀ ਲੋੜ ਹੈ। ਕੋਲਕਾਤਾ ’ਚ ਡਾਕਟਰ ਦੇ ਬਲਾਤਕਾਰ ਅਤੇ ਕਤਲ ਦੀ ਘਿਨਾਉਣੀ ਘਟਨਾ ਨੇ ਦੇਸ਼ ਨੂੰ ਹਿਲਾ ਦਿੱਤਾ ਹੈ। ਜਦੋਂ ਮੈਂ ਇਹ ਖਬਰ ਸੁਣੀ ਤਾਂ ਮੈਂ ਬਹੁਤ ਦੁਖੀ ਹੋਈ। ਸਭ ਤੋਂ ਨਿਰਾਸ਼ਾਜਨਕ ਗੱਲ ਇਹ ਹੈ ਕਿ ਇਹ ਕੋਈ ਵੱਖਰਾ ਮਾਮਲਾ ਨਹੀਂ, ਇਹ ਔਰਤਾਂ ਵਿਰੁੱਧ ਅਪਰਾਧਾਂ ਦੀ ਲੜੀ ਦਾ ਹਿੱਸਾ ਹੈ। ਇੱਥੋਂ ਤੱਕ ਕਿ ਜਦੋਂ ਕੋਲਕਾਤਾ ’ਚ ਵਿਦਿਆਰਥੀ, ਡਾਕਟਰ ਅਤੇ ਨਾਗਰਿਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਅਪਰਾਧੀ ਸ਼ਿਕਾਰੀਆਂ ਵਾਂਗ ਕਿਤੇ ਹੋਰ ਲੁਕੇ ਹੋਏ ਹਨ। ਇੱਥੋਂ ਤੱਕ ਕਿ ਸਕੂਲ ਦੀਆਂ ਛੋਟੀਆਂ ਕੁੜੀਆਂ ਵੀ ਪੀੜਤਾਂ ’ਚ ਸ਼ਾਮਲ ਹਨ। ਕੋਈ ਵੀ ਸੱਭਿਅਕ ਸਮਾਜ ਧੀਆਂ-ਭੈਣਾਂ ਨਾਲ ਅਜਿਹਾ ਸਲੂਕ ਬਰਦਾਸ਼ਤ ਨਹੀਂ ਕਰ ਸਕਦਾ। ਦੇਸ਼ ’ਚ ਰੋਸ ਹੋਣਾ ਸੁਭਾਵਕ ਹੈ ਤੇ ਮੈਂ ਵੀ ਗੁੱਸੇ ’ਚ ਹਾਂ। ਧੀਆਂ ਪ੍ਰਤੀ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਨ੍ਹਾਂ ਦੀ ਆਜ਼ਾਦੀ ਦੇ ਰਾਹ ਵਿਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰੀਏ, ਤਾਂ ਹੀ ਅਸੀਂ ਸਾਰੇ ਮਿਲ ਕੇ ਅਗਲੀ ਰੱਖੜੀ ’ਤੇ ਉਨ੍ਹਾਂ ਬੱਚਿਆਂ ਦੇ ਮਾਸੂਮ ਸਵਾਲਾਂ ਦਾ ਦਿ੍ਰੜ੍ਹਤਾ ਨਾਲ ਜਵਾਬ ਦੇ ਸਕਾਂਗੇ। ਆਓ! ਆਪਾਂ ਸਾਰੇ ਮਿਲ ਕੇ ਕਹੀਏ ਕਿ ਬਹੁਤ ਹੋ ਗਿਆ!