ਸ੍ਰੀ ਮੁਕਤਸਰ ਸਾਹਿਬ/ਦੋਦਾ (ਸ਼ਮਿੰਦਰ ਪਾਲ, ਪੂਜਾ, ਜਸਵੰਤ ਗਿੱਲ/ਵਕੀਲ ਬਰਾੜ )-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਗਿੱਦੜਬਾਹਾ ਦੇ ਸੱਟਾ ਬਾਜ਼ਾਰ ਵਿਖੇ ਵੱਡੇ ਇਕੱਠ ਦੌਰਾਨ ਅਕਾਲੀ ਦਲ ਤੋਂ ਅਸਤੀਫਾ ਦੇ ਕੇ ਆਏ ਸੀਨੀਅਰ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਸੈਂਕੜੇ ਸਾਥੀਆਂ ਸਮੇਤ ਰਸਮੀ ਤੌਰ ’ਤੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਕੀਤਾ। ਉਨ੍ਹਾ ਨਾਲ ਮੰਤਰੀ ਅਮਨ ਅਰੋੜਾ, ਵਿਧਾਇਕ ਬਲਕਾਰ ਸਿੱਧੂ, ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਵਿਧਾਇਕ ਜਗਰੂਪ ਸਿੰਘ ਗਿੱਲ ਵੀ ਸਟੇਜ ’ਤੇ ਮੌਜੂਦ ਹਨ।
ਇਸ ਮੌਕੇ ਡਿੰਪੀ ਢਿੱਲੋਂ ਨੇ ਕਿਹਾਦਿਲ ਦੀ ਗਹਿਰਾਈ ਤੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾ ਮੈਨੂੰ ਗਲ ਨਾਲ ਲਗਾਇਆ। ਮੈਂ ਅਕਾਲੀ ਦਲ ਦੀ ਸੇਵਾ ਕੀਤੀ, ਪਰ ਸਮਝ ਨਹੀਂ ਆਉਂਦੀ ਕਿ ਕਮੀ ਕਿੱਥੇ ਰਹਿ ਗਈ, ਮੈਂ ਹਲਕੇ ’ਚ ਮੇਰੀ 38 ਸਾਲ ਦੀ ਕਮਾਈ ਮੁੱਖ ਮੰਤਰੀ ਭਗਵੰਤ ਮਾਨ ਦੇ ਹਵਾਲੇ ਕਰਨ ਲੱਗਾ ਹਾਂ। ਜਿੰਨਾ ਚਿਰ ਮੁੱਖ ਮੰਤਰੀ ਭਗਵੰਤ ਮਾਨ ਸਿਆਸਤ ਕਰਨਗੇ, ਮੈਂ ਉਨ੍ਹਾ ਨਾਲ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਾਂਗਾ।
ਡਿੰਪੀ ਢਿੱਲੋਂ ਦੇ ਛੋਟੇ ਭਰਾ ਸੰਦੀਪ ਸਿੰਘ ਸੰਨੀ ਢਿੱਲੋਂ, ਅਭੈ ਢਿੱਲੋਂ, ਪੈਵੀ ਢਿੱਲੋਂ, ਅਮਿਤ ਕੁਮਾਰ ਸਿੰਪੀ ਬਾਂਸਲ, ਅਸ਼ੋਕ ਬੁੱਟਰ, ਸੁਭਾਸ਼ ਜੈਨ ਲਿੱਲੀ, ਰਾਜਵੀਰ ਨੰਬਰਦਾਰ, ਹਰਵਿੰਦਰ ਕਾਕਾ ਤੇ ਸੰਜੀਵ ਕੁਮਾਰ ਬਬਲੂ ਨੇ ਆਮ ਪਾਰਟੀ ਵਿਚ ਸ਼ਮੂਲੀਅਤ ਕੀਤੀ।
ਮਾਨ ਨੇ ਕਿਹਾਡਿੰਪੀ ਨੇ ਪਾਰਟੀ ਨਹੀਂ ਛੱਡੀ, ਪਾਰਟੀ ਨੇ ਡਿੰਪੀ ਛੱਡਿਆ ਹੈ। ਸੁਖਬੀਰ ਬਾਦਲ ਕਹਿੰਦਾ ਸੀ ਕਿ 25 ਸਾਲ ਰਾਜ ਕਰਾਂਗੇ, ਪਰ ਅੱਜ 25 ਬੰਦੇ ਵੀ ਨਾਲ ਨਹੀਂ ਹਨ। ਅੱਜ ਕੋਈ ਬੰਦਾ ਸੁਖਬੀਰ ਬਾਦਲ ਨਾਲ ਫੋਟੋ ਕਰਵਾਉਣ ਲਈ ਤਿਆਰ ਨਹੀਂ।
ਢਿੱਲੋਂ ਨੂੰ ਉਮੀਦਵਾਰ ਬਣਾਏ ਜਾਣ ਦਾ ਸੰਕੇਤ ਦਿੰਦੇ ਹੋਏ ਮਾਨ ਨੇੇ ਕਿਹਾ ਕਿ ਉਹ ਹਲਕੇ ਵਿਚ ਵਿਚਰਨ ਅਤੇ ਜੋ ਵੀ ਲੋਕਾਂ ਦੀਆਂ ਸਮੱਸਿਆਵਾਂ ਹਨ, ਉਨ੍ਹਾਂ ਸਮੱਸਿਆਵਾਂ ਨੂੰ ਉਨ੍ਹਾ ਪਾਸ ਲੈ ਆਉਣ। ਉਨ੍ਹਾ ਵੱਲੋਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਬੀਤੇ 38 ਸਾਲਾਂ ਤੋਂ ਜੋ ਸੇਵਾ ਡਿੰਪੀ ਢਿੱਲੋਂ ਨੇ ਅਕਾਲੀ ਦਲ ਦੀ ਕੀਤੀ ਹੈ, ਉਸ ਦਾ ਮੁੱਲ ਅਗਲੇ ਦੋ-ਢਾਈ ਸਾਲਾਂ ਵਿਚ ਚੁਕਾਉਣ ਦਾ ਵੇਲਾ ਆ ਗਿਆ ਹੈ।