ਹਰਿਆਣਾ ਚੋਣਾਂ ਦੀ ਤਰੀਕ ’ਚ ਤਬਦੀਲੀ ਦੀ ਸੰਭਾਵਨਾ ਨਹੀਂ

0
188

ਚੰਡੀਗੜ੍ਹ : ਹਰਿਆਣਾ ਵਿਧਾਨ ਸਭਾ ਚੋਣਾਂ ਦੀ ਤਰੀਕ ’ਚ ਕੋਈ ਬਦਲਾਅ ਨਹੀਂ ਹੋਵੇਗਾ। ਭਾਰਤੀ ਚੋਣ ਕਮਿਸ਼ਨ ਨੇ ਮੀਡੀਆ ਕਵਰੇਜ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ’ਚ ਕਿਹਾ ਕਿ ਹਰਿਆਣਾ ’ਚ ਵੋਟਿੰਗ 1 ਅਕਤੂਬਰ ਨੂੰ ਹੀ ਹੋਵੇਗੀ। ਮੁੱਖ ਚੋਣ ਅਫਸਰ ਅਤੇ ਸਮੂਹ ਜ਼ਿਲ੍ਹਾ ਚੋਣ ਅਫਸਰਾਂ ਨੇ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਚੋਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਭਾਜਪਾ ਵੱਲੋਂ ਚੋਣਾਂ ਦੀ ਤਰੀਕ ਬਦਲਣ ਦੀ ਮੰਗ ਉਠਾਈ ਗਈ ਸੀ। ਪਾਰਟੀ ਨੇ ਇਸ ਸੰਬੰਧੀ ਚੋਣ ਕਮਿਸ਼ਨ ਨੂੰ ਪੱਤਰ ਵੀ ਲਿਖਿਆ ਸੀ, ਜਿਸ ਤੋਂ ਬਾਅਦ ਭਾਰਤੀ ਚੋਣ ਕਮਿਸ਼ਨ ਨੇ ਵੀ ਚੋਣਾਂ ਦੀ ਤਰੀਕ ਨੂੰ ਲੈ ਕੇ ਮੀਟਿੰਗ ਕੀਤੀ ਸੀ। ਭਾਜਪਾ ਨੇ ਦਲੀਲ ਦਿੱਤੀ ਸੀ ਕਿ ਵੋਟਾਂ ਦੀ ਤਰੀਕ ਤੋਂ ਪਹਿਲਾਂ ਲੰਮੀਆਂ ਛੁੱਟੀਆਂ ਅਤੇ ਤਿਉਹਾਰ ਹਨ।
ਭਾਜਪਾ ਦੀ ਇਸ ਮੰਗ ਦਾ ਬਾਅਦ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੇ ਸਮਰਥਨ ਕੀਤਾ। ਇਸ ਦੇ ਨਾਲ ਹੀ ਜੇ ਜੇ ਪੀ ਦੀ ਸੂਬਾ ਇਕਾਈ ਨੇ ਕਿਹਾ ਕਿ ਜੇ ਚੋਣਾਂ 1 ਅਕਤੂਬਰ ਨੂੰ ਹੁੰਦੀਆਂ ਹਨ ਤਾਂ ਵੋਟਿੰਗ ਪ੍ਰਤੀਸ਼ਤ ਵਿੱਚ ਗਿਰਾਵਟ ਆ ਸਕਦੀ ਹੈ, ਕਿਉਂਕਿ ਛੁੱਟੀਆਂ ਕਾਰਨ ਲੋਕ ਯਾਤਰਾ ਲਈ ਸੂਬੇ ਤੋਂ ਬਾਹਰ ਜਾ ਸਕਦੇ ਹਨ।
ਦਰਅਸਲ, 28 ਅਤੇ 29 ਸਤੰਬਰ ਨੂੰ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਹਨ, ਜਦਕਿ 1 ਅਕਤੂਬਰ ਨੂੰ ਵੋਟਿੰਗ ਕਾਰਨ ਜਨਤਕ ਛੁੱਟੀ ਹੋਵੇਗੀ। 2 ਅਕਤੂਬਰ ਨੂੰ ਗਾਂਧੀ ਜਯੰਤੀ ਅਤੇ 3 ਅਕਤੂਬਰ ਨੂੰ ਅਗਰਸੇਨ ਜਯੰਤੀ ਦੀਆਂ ਛੁੱਟੀਆਂ ਹੋਣਗੀਆਂ। ਅਜਿਹੀ ਸਥਿਤੀ ’ਚ ਕੋਈ ਵੀ 30 ਸਤੰਬਰ ਨੂੰ ਛੁੱਟੀ ਲੈ ਸਕਦਾ ਹੈ ਅਤੇ ਛੇ ਦਿਨ ਛੁੱਟੀ ’ਤੇ ਰਹਿ ਸਕਦਾ ਹੈ। ਇਸ ਲਈ ਵੋਟਾਂ ਦੀ ਤਰੀਕ ਬਦਲਣ ਦੀ ਮੰਗ ਕੀਤੀ ਗਈ।
ਮੰਗਲਵਾਰ ਨੂੰ ਚੋਣ ਕਮਿਸ਼ਨ ਨੇ ਬੈਠਕ ਕੀਤੀ। ਹਾਲਾਂਕਿ ਇਸ ਬੈਠਕ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਕਮਿਸ਼ਨ ਮੰਗਲਵਾਰ ਨੂੰ ਹੀ ਆਪਣਾ ਫੈਸਲਾ ਦੇ ਦੇਵੇਗਾ, ਪਰ ਕੋਈ ਐਲਾਨ ਨਹੀਂ ਕੀਤਾ ਗਿਆ।

LEAVE A REPLY

Please enter your comment!
Please enter your name here