24 C
Jalandhar
Thursday, September 19, 2024
spot_img

ਇਹ ਤਸਵੀਰ ਬਣੀ ਵੱਡੇ ਸਦਮੇ ਦਾ ਸਬੱਬ

ਨਵੀਂ ਦਿੱਲੀ : ਭਾਰਤ ਦੇ ਚੀਫ ਜਸਟਿਸ ਡੀ ਵਾਈ ਚੰਦਰਚੂੜ ਦੇ ਘਰ ਬੁੱਧਵਾਰ ਗਣੇਸ਼ ਪੂਜਾ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਨੇ ਤਕੜਾ ਵਿਵਾਦ ਪੈਦਾ ਕਰ ਦਿੱਤਾ ਹੈ। ਉੱਘੇ ਵਕੀਲਾਂ ਤੇ ਸਿਆਸਤਦਾਨਾਂ ਨੇ ਇਸ ’ਤੇ ਸਖਤ ਇਤਰਾਜ਼ ਕੀਤਾ ਹੈ। ਮੋਦੀ ਮਹਾਰਾਸ਼ਟਰੀਅਨ ਪਹਿਰਾਵੇ ਵਿਚ ਸਨ। ਕੈਮਰਿਆਂ ਦਾ ਵੀ ਪ੍ਰਬੰਧ ਕੀਤਾ ਗਿਆ। ਮਹਾਰਾਸ਼ਟਰ ਵਿਚ ਸਿਆਲਾਂ ਵਿਚ ਚੋਣਾਂ ਹੋਣ ਵਾਲੀਆਂ ਹਨ।
ਚੀਫ ਜਸਟਿਸ ਚੰਦਰਚੂੜ 10 ਨਵੰਬਰ ਨੂੰ ਰਿਟਾਇਰ ਹੋਣ ਵਾਲੇ ਹਨ। ਪੂਜਾ ਵੇਲੇ ਦੀ ਵੀਡੀਓ ਵਿਚ ਉਹ ਤੇ ਉਨ੍ਹਾ ਦੀ ਪਤਨੀ ਪ੍ਰਧਾਨ ਮੰਤਰੀ ਨੂੰ ਜੀ ਆਇਆਂ ਆਖਦੇ ਨਜ਼ਰ ਆ ਰਹੇ ਹਨ। ਪ੍ਰਧਾਨ ਮੰਤਰੀ ਨੇ ਖੁਦ ਐੱਕਸ ’ਤੇ ਲਿਖਿਆਚੀਫ ਜਸਟਿਸ ਆਫ ਇੰਡੀਆ ਡੀ ਵਾਈ ਚੰਦਰਚੂੜ ਦੇ ਘਰ ਗਣੇਸ਼ ਪੂਜਾ ਵਿਚ ਸ਼ਾਮਲ ਹੋਇਆ। ਭਗਵਾਨ ਸ੍ਰੀ ਗਣੇਸ਼ ਸਾਨੂੰ ਸਭ ਨੂੰ ਖੁਸ਼ੀ, ਖੁਸ਼ਹਾਲੀ ਤੇ ਚੰਗੀ ਸਿਹਤ ਦਾ ਆਸ਼ੀਰਵਾਦ ਦੇਣ।
ਸੀਨੀਅਰ ਐਡਵੋਕੇਟ ਤੇ ਸਾਬਕਾ ਐਡਵੋਕੇਟ ਜਨਰਲ ਇੰਦਰਾ ਜੈ ਸਿੰਘ ਨੇ ਪ੍ਰਤੀਕਿਰਿਆ ਕੀਤੀ ਹੈਭਾਰਤ ਦੇ ਚੀਫ ਜਸਟਿਸ ਨੇ ਕਾਰਜ ਪਾਲਿਕਾ ਤੇ ਨਿਆਂ ਪਾਲਿਕਾ ਵਿਚਾਲੇ ਸ਼ਕਤੀਆਂ ਦੇ ਵਖਰੇਵੇਂ ਨਾਲ ਸਮਝੌਤਾ ਕੀਤਾ। ਭਾਰਤ ਦੇ ਚੀਫ ਜਸਟਿਸ ਦੀ ਆਜ਼ਾਦੀ ਵਿਚ ਸਾਰਾ ਭਰੋਸਾ ਜਾਂਦਾ ਲੱਗਾ ਹੈ। ਸੁਪਰੀਮ ਕੋਰਟ ਦੀ ਬਾਰ ਐਸੋਸੀਏਸ਼ਨ ਨੂੰ ਚੀਫ ਜਸਟਿਸ ਦੀ ਆਜ਼ਾਦੀ ਦੇ ਕਾਰਜ ਪਾਲਿਕਾ ਨਾਲ ਇਸ ਸਮਝੌਤੇ ਦੇ ਪ੍ਰਤੱਖ ਮੁਜ਼ਾਹਰੇ ਦੀ ਅਵੱਸ਼ ਨਿੰਦਾ ਕਰਨੀ ਚਾਹੀਦੀ ਹੈ।
ਸ਼ਿਵ ਸੈਨਾ (ਯੂ ਬੀ ਟੀ) ਦੇ ਆਗੂ ਸੰਜੇ ਰਾਊਤ ਨੇ ਕਿਹਾਗਣਪਤੀ ਉਤਸਵ ਮਨਾਇਆ ਜਾ ਰਿਹਾ ਹੈ ਤੇ ਲੋਕ ਇਕ-ਦੂਜੇ ਦੇ ਘਰ ਜਾ ਰਹੇ ਹਨ। ਮੈਨੂੰ ਨਹੀਂ ਪਤਾ ਕਿ ਕੀ ਪ੍ਰਧਾਨ ਮੰਤਰੀ ਕਿਸੇ ਦੇ ਘਰ ਗਏ। ਗਣਪਤੀ ਉਤਸਵ ਦਿੱਲੀ ਵਿਚ ਮਹਾਰਾਸ਼ਟਰ ਸਦਨ ਸਣੇ ਕਈ ਥਾਵਾਂ ’ਤੇ ਮਨਾਇਆ ਜਾ ਰਿਹਾ ਹੈ, ਪਰ ਪ੍ਰਧਾਨ ਮੰਤਰੀ ਚੀਫ ਜਸਟਿਸ ਦੇ ਘਰ ਗਏ ਤੇ ਆਰਤੀ ਕੀਤੀ। ਅਸੀਂ ਸਮਝਦੇ ਹਾਂ ਕਿ ਜੇ ਸੰਵਿਧਾਨ ਦੇ ਰਾਖੇ ਸਿਆਸੀ ਆਗੂਆਂ ਨੂੰ ਮਿਲਦੇ ਹਨ ਤਾਂ ਲੋਕ ਸ਼ੱਕ ਕਰਨਗੇ।
ਰਾਊਤ ਨੇ ਮੰਗ ਕੀਤੀ ਕਿ ਚੀਫ ਜਸਟਿਸ ਨੂੰ ਸ਼ਿਵ ਸੈਨਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਵਿਧਾਇਕਾਂ ਨਾਲ ਸੰਬੰਧਤ ਅਯੋਗਤਾ ਪਟੀਸ਼ਨਾਂ ਦੀ ਸੁਣਵਾਈ ਤੋਂ ਖੁਦ ਨੂੰ ਵੱਖ ਕਰ ਲੈਣਾ ਚਾਹੀਦਾ ਹੈ।
ਸੀਨੀਅਰ ਐਡਵੋਕੇਟ ਪ੍ਰਸ਼ਾਂਤ ਭੂਸ਼ਣ ਨੇ ਐੱਕਸ ’ਤੇ ਲਿਖਿਆ ਹੈਇਹ ਜਾਣ ਕੇ ਬਹੁਤ ਧੱਕਾ ਲੱਗਾ ਕਿ ਚੀਫ ਜਸਟਿਸ ਚੰਦਰਚੂੜ ਨੇ ਮੋਦੀ ਨੂੰ ਨਿੱਜੀ ਮੀਟਿੰਗ ਲਈ ਆਪਣੇ ਘਰ ਆਉਣ ਦੀ ਆਗਿਆ ਦਿੱਤੀ। ਇਸ ਨੇ ਨਿਆਂ ਪਾਲਿਕਾ ਨੂੰ ਬਹੁਤ ਮਾੜਾ ਇਸ਼ਾਰਾ ਦਿੱਤਾ ਹੈ, ਜਿਸ ਦਾ ਕੰਮ ਕਾਰਜ ਪਾਲਿਕਾ ਤੋਂ ਲੋਕਾਂ ਦੇ ਹੱਕਾਂ ਦੀ ਰਾਖੀ ਕਰਨਾ ਤੇ ਇਹ ਯਕੀਨੀ ਬਣਾਉਣਾ ਹੈ ਕਿ ਸਰਕਾਰ ਸੰਵਿਧਾਨ ਦੀਆਂ ਬੰਦਸ਼ਾਂ ਵਿਚ ਰਹਿ ਕੇ ਕੰਮ ਕਰੇ। ਇਸੇ ਕਰਕੇ ਕਾਰਜ ਪਾਲਿਕਾ ਤੇ ਨਿਆਂ ਪਾਲਿਕਾ ਵਿਚਾਲੇ ਫਾਸਲਾ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦਾ ਨਿੱਜੀ ਸਮਾਗਮ ਲਈ ਚੀਫ ਜਸਟਿਸ ਦੇ ਘਰ ਜਾਣਾ ਇਕਦਮ ਨਾਵਾਜਬ ਹੈ। ਪ੍ਰਧਾਨ ਮੰਤਰੀ ਤੇ ਚੀਫ ਜਸਟਿਸ ਵੱਲੋਂ ਇਕ ਖਾਸ ਧਾਰਮਕ ਸਮਾਰੋਹ ਦਾ ਜਨਤਕ ਮੁਜ਼ਾਹਰਾ ਕਰਨਾ ਵੀ ਠੀਕ ਨਹੀਂ, ਕਿਉਕਿ ਸੁਪਰੀਮ ਕੋਰਟ ਨੇ ਸੈਕੂਲਰਿਜ਼ਮ ਦੀ ਰਾਖੀ ਕਰਨੀ ਹੁੰਦੀ ਹੈ। ਮੇਰੇ ਖਿਆਲ ਵਿਚ ਜੱਜਾਂ ਦੇ ਚਲਣ ਜ਼ਾਬਤੇ ਦੀ ਉਲੰਘਣਾ ਕੀਤੀ ਗਈ ਹੈ।
ਆਲ ਇੰਡੀਆ ਲਾਇਰਜ਼ ਯੂਨੀਅਨ ਨੇ ਕਿਹਾ ਹੈ ਕਿ ਇਸ ਨਾਲ ਨਿਆਂ ਪਾਲਿਕਾ ਤੇ ਉਸ ਦੀ ਆਜ਼ਾਦੀ ਵਿਚ ਲੋਕਾਂ ਦੇ ਭਰੋਸੇ ਨੂੰ ਸੱਟ ਵੱਜੀ ਹੈ।
ਤਾਂ ਵੀ ਬਾਰ ਕੌਂਸਲ ਆਫ ਇੰਡੀਆ ਦੇ ਚੇਅਰਮੈਨ ਤੇ ਭਾਜਪਾ ਦੇ ਰਾਜ ਸਭਾ ਮੈਂਬਰ ਮੰਨਣ ਕੁਮਾਰ ਮਿਸ਼ਰਾ ਨੇ ਮੋਦੀ ਦੇ ਚੀਫ ਜਸਟਿਸ ਦੇ ਘਰ ਜਾਣ ਦੀ ਹਮਾਇਤ ਕਰਦਿਆਂ ਕਿਹਾ ਹੈ ਕਿ ਗਣੇਸ਼ ਆਰਤੀ ਸਮਾਜੀ-ਧਾਰਮਕ ਸਮਾਰੋਹ ਹੈ। ਪ੍ਰਧਾਨ ਮੰਤਰੀ ਗਏ, ਪੂਜਾ ਕੀਤੀ ਤੇ ਮੁੜ ਆਏ। ਜੇ ਕਿਸੇ ਹੋਰ ਤਰ੍ਹਾਂ ਦੀ ਮੀਟਿੰਗ ਹੁੰਦੀ ਤਾਂ ਗੁਪਤ ਹੋਣੀ ਸੀ। ਇਸ ਕਰਕੇ ਇਸ ਮੀਟਿੰਗ ਨੂੰ ਭੰਡਣਾ ਠੀਕ ਨਹੀਂ।
ਭਾਜਪਾ ਦੇ ਤਰਜਮਾਨ ਸੰਬਿਤ ਪਾਤਰਾ ਨੇ ਬਕਾਇਦਾ ਪ੍ਰੈੱਸ ਕਾਨਫਰੰਸ ਲਾ ਕੇ ਹੈਰਾਨੀ ਜ਼ਾਹਰ ਕੀਤੀ ਕਿ ਚੀਫ ਜਸਟਿਸ ਦੀ ਰਿਹਾਇਸ਼ ਵਿਖੇ ਇਕ ਧਾਰਮਕ ਸਮਾਰੋਹ ’ਚ ਪ੍ਰਧਾਨ ਮੰਤਰੀ ਦੇ ਸ਼ਾਮਲ ਹੋਣ ’ਤੇ ਵੀ ਕੁਝ ਲੋਕ ਸਿਆਸਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾ ਸਵਾਲ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਇਫਤਾਰ ਪਾਰਟੀ ਕਰਦੇ ਸਨ ਤਾਂ ਕੀ ਉਸ ’ਚ ਚੀਫ ਜਸਟਿਸ ਨਹੀਂ ਆਉਂਦੇ ਸਨ? ਉਨ੍ਹਾ ਕਿਹਾਜਦੋਂ ਇਫਤਾਰ ਪਾਰਟੀ ’ਚ ਚੀਫ ਜਸਟਿਸ ਅਤੇ ਪ੍ਰਧਾਨ ਮੰਤਰੀ ਬੈਠ ਸਕਦੇ ਹਨ, ਗੱਲਬਾਤ ਕਰ ਸਕਦੇ ਹਨ, ਇਕ ਮੇਜ਼ ’ਤੇ ਬੈਠ ਕੇ ਜਦੋਂ ਦੋਹਾਂ ਦੀ ਗੱਲ ਹੋ ਸਕਦੀ ਹੈ, ਉਹ ਵੀ ਇਕ ਤਿਉਹਾਰ ਹੈ, ਇਹ ਵੀ ਇਕ ਤਿਉਹਾਰ ਹੈ। ਦੋਹਾਂ ਤਿਉਹਾਰਾਂ ਵਿਚਾਲੇ ਇਹ ਫਰਕ ਕਿਉਂ? ਕੁਝ ਮੂਰਖ, ਵਿਕੇ ਹੋਏ, ਅਖੌਤੀ ਸੈਕੂਲਰ ਹਨ, ਜੋ ਇਸ ਤਰ੍ਹਾਂ ਦੀਆਂ ਸ਼ਿਸ਼ਟਾਚਾਰੀ ਮੁਲਾਕਾਤਾਂ ’ਤੇ ਇਤਰਾਜ਼ ਕਰਦੇ ਹਨ, ਪਰ ਇਹ ਮਹਾਨ ਲੋਕਤੰਤਰ ਐਨਾ ਪਰਪੱਕ ਹੈ, ਜੋ ਇਸ ਤਰ੍ਹਾਂ ਦੀਆਂ ਬਚਕਾਨਾ ਗੱਲਾਂ ਨੂੰ ਅਸਵੀਕਾਰ ਕਰਦਾ ਹੈ।

Related Articles

LEAVE A REPLY

Please enter your comment!
Please enter your name here

Latest Articles