ਨਵੀਂ ਦਿੱਲੀ : ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ (72) ਦਾ ਵੀਰਵਾਰ ਬਾਅਦ ਦੁਪਹਿਰ ਤਿੰਨ ਵਜੇ ਦੇ ਕਰੀਬ ਦੇਹਾਂਤ ਹੋ ਗਿਆ। ਉਹ ਸਾਹ ਦੀ ਨਲੀ ਦੀ ਲਾਗ ਕਾਰਨ 19 ਅਗਸਤ ਤੋਂ ਏਮਜ਼ ’ਚ ਦਾਖਲ ਸਨ। ਉਨ੍ਹਾ ਦੀ ਹਾਲਤ ਕੁਝ ਦਿਨਾਂ ਤੋਂ ਗੰਭੀਰ ਚੱਲ ਰਹੀ ਸੀ ਤੇ ਮਸ਼ੀਨਾਂ ਰਾਹੀਂ ਸਾਹ ਦਿਵਾਇਆ ਜਾ ਰਿਹਾ ਸੀ।
12 ਅਗਸਤ 1952 ਨੂੰ ਚੇਨਈ ਵਿਚ ਪੈਦਾ ਹੋਏ ਯੇਚੁਰੀ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਇਕਨਾਮਿਕਸ ਦੀ ਐੱਮ ਏ ਕੀਤੀ ਤੇ ਯੂਨੀਵਰਸਿਟੀ ਦੀ ਸਟੂਡੈਂਟਸ ਯੂਨੀਅਨ ਦੇ ਤਿੰਨ ਵਾਰ ਪ੍ਰਧਾਨ ਰਹੇ। ਉਨ੍ਹਾ ਪੀ ਐੱਚ ਡੀ ਵਿਚ ਦਾਖਲਾ ਲਿਆ ਸੀ, ਪਰ 1975 ਦੀ ਐਮਰਜੈਂਸੀ ਕਾਰਨ ਪੂਰੀ ਨਹੀਂ ਕਰ ਸਕੇ। ਉਹ 1974 ਵਿਚ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਵਿਚ ਸ਼ਾਮਲ ਹੋਏ ਤੇ 1975 ਵਿਚ ਮਾਰਕਸੀ ਪਾਰਟੀ ’ਚ। ਉਹ 1984 ਵਿਚ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਬਣੇ। 1992 ਵਿਚ ਚੌਦਵੀਂ ਪਾਰਟੀ ਕਾਂਗਰਸ ’ਚ ਪੋਲਿਟ ਬਿਊਰੋ ਦੇ ਮੈਂਬਰ ਚੁਣੇ ਗਏ। 2005 ਵਿਚ ਪੱਛਮੀ ਬੰਗਾਲ ਤੋਂ ਰਾਜ ਸਭਾ ਲਈ ਚੁਣੇ ਗਏ। 2015 ਵਿਚ ਪਹਿਲੀ ਵਾਰ, 2018 ਵਿਚ ਦੂਜੀ ਵਾਰ ਤੇ 2022 ਵਿਚ ਤੀਜੀ ਵਾਰ ਪਾਰਟੀ ਦੇ ਜਨਰਲ ਸਕੱਤਰ ਚੁਣੇ ਗਏ। ਉਨ੍ਹਾ ਨੂੰ 2017 ਵਿਚ ਸਰਵੋਤਮ ਸਾਂਸਦ ਦਾ ਪੁਰਸਕਾਰ ਦਿੱਤਾ ਗਿਆ।
ਯੇਚੁਰੀ ਦੀ ਪਤਨੀ ਸੀਮਾ ਚਿਸ਼ਤੀ ‘ਦੀ ਵਾਇਰ’ ਦੀ ਐਡੀਟਰ ਹੈ। ਯੇਚੁਰੀ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਘਰ ਦਾ ਗੁਜ਼ਾਰਾ ਪਤਨੀ ਹੀ ਕਰਦੀ ਹੈ। ਯੇਚੁਰੀ ਦਾ ਪਹਿਲਾ ਵਿਆਹ ਵੀਨਾ ਮਜੂਮਦਾਰ ਦੀ ਬੇਟੀ ਇੰਦਰਾਣੀ ਮਜੂਮਦਾਰ ਨਾਲ ਹੋਇਆ ਸੀ।
ਰਾਹੁਲ ਗਾਂਧੀ ਨੇ ਕਿਹਾ ਕਿ ਯੇਚੁਰੀ ਉਨ੍ਹਾ ਦੇ ਚੰਗੇ ਦੋਸਤ ਸਨ। ਉਹ ਭਾਰਤ ਦੇ ਵਿਚਾਰ ਦੇ ਸੱਚੇ ਰਾਖੇ ਤੇ ਦੇਸ਼ ਦੀ ਚੰਗੀ ਸਮਝ ਰੱਖਦੇ ਸਨ। ਮਮਤਾ ਬੈਨਰਜੀ ਨੇ ਕਿਹਾ ਕਿ ਦੇਹਾਂਤ ਦੀ ਖਬਰ ਸੁਣ ਕੇ ਬਹੁਤ ਦੁੱਖ ਹੋਇਆ। ਯੇਚੁਰੀ ਤਜਰਬੇਕਾਰ ਸਾਂਸਦ ਸਨ ਤੇ ਉਨ੍ਹਾ ਦਾ ਜਾਣਾ ਕੌਮੀ ਸਿਆਸਤ ਲਈ ਵੱਡਾ ਨੁਕਸਾਨ ਹੈ।
ਸ਼ਰਦ ਪਵਾਰ ਨੇ ਕਿਹਾ ਕਿ ਯੇਚੁਰੀ ਨੂੰ ਖੱਬੀਆਂ ਪਾਰਟੀਆਂ ਦੀ ਇਕ ਅਹਿਮ ਆਵਾਜ਼ ਵਜੋਂ ਸਦਾ ਯਾਦ ਰੱਖਿਆ ਜਾਵੇਗਾ। ਮਾਇਆਵਤੀ ਨੇ ਕਿਹਾ ਕਿ ਬਹੁਤ ਦੁੱਖ ਪੁੱਜਾ ਹੈ। ਯੇਚੁਰੀ ਨਿਪੁੰਨ ਸਾਂਸਦ ਤੇ ਮਿਲਣ-ਗਿਲਣ ਵਾਲੇ ਇਨਸਾਨ ਸਨ। ਆਪ ਦੇ ਆਗੂ ਸੰਜੇ ਸਿੰਘ ਨੇ ਕਿਹਾ ਕਿ ਯੇਚੁਰੀ ਫਿਰਕਾਪ੍ਰਸਤੀ ਖਿਲਾਫ ਹਰੇਕ ਨੂੰ ਲਾਮਬੰਦ ਕਰਨ ਵਾਲੇ ਸਰਕਰਦਾ ਆਗੂ ਸਨ।
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਨੇ ਕਾਮਰੇਡ ਯੇਚੁਰੀ ਦੀ ਮੌਤ ’ਤੇ ਗਹਿਰਾ ਅਫ਼ਸੋਸ ਪ੍ਰਗਟ ਕਰਦਿਆਂ ਸ਼ੋਕ ਸਭਾ ਕੀਤੀ। ਉਹ ਲੰਮਾ ਸਮਾਂ ਪਾਰਲੀਮੈਂਟ ਦੇ ਮੈਂਬਰ ਰਹੇ ਸਨ। ਉਨ੍ਹਾ ਪੜ੍ਹਾਈ ਪੂਰੀ ਕਰਨ ਉਪਰੰਤ ਸਾਰੀ ਜ਼ਿੰਦਗੀ ਪਾਰਟੀ ਨੂੰ ਸੌਂਪ ਦਿੱਤੀ ਸੀ ਅਤੇ ਆਖ਼ਰੀ ਸਾਹਾਂ ਤੱਕ ਪਾਰਟੀ ਸਮਝ ਨੂੰ ਨਿਭਾਇਆ। ਸ਼ੋਕ ਸਭਾ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਵਿੱਤ ਸਕੱਤਰ ਇੰਜ. ਸੀਤਲ ਸਿੰਘ ਸੰਘਾ, ਕਮੇਟੀ ਦੇ ਟਰੱਸਟੀ ਗੁਰਮੀਤ ਅਤੇ ਕਮੇਟੀ ਮੈਂਬਰ ਡਾ. ਸੈਲੇਸ਼ ਵੀ ਹਾਜ਼ਰ ਸਨ।
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ਕਾਮਰੇਡ ਯੇਚੁਰੀ ਦੇ ਬੇਵਕਤੀ ਵਿਛੋੜੇ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਹਰਕੰਵਲ ਸਿੰਘ, ਪੰਜਾਬ ਰਾਜ ਕਮੇਟੀ ਦੇ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਭਾਰਤ ਦੀ ਕਮਿਊਨਿਸਟ ਲਹਿਰ ਦੀ ਇਸ ਵਿਸ਼ਾਲ ਸ਼ਖਸੀਅਤ ਨੂੰ ਕ੍ਰਾਂਤੀਕਾਰੀ ਸ਼ਰਧਾਂਜਲੀ ਭੇਟ ਕੀਤੀ ਹੈ।
ਆਗੂਆਂ ਨੇ ਸੀ ਪੀ ਆਈ (ਐੱਮ) ਦੀ ਕੇਂਦਰੀ ਕਮੇਟੀ ਤੇ ਸਾਥੀ ਯੇਚੁਰੀ ਦੇ ਪਰਵਾਰ ਨਾਲ ਆਪਣੀਆਂ ਸੰਵੇਦਨਾਵਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਯੇਚੁਰੀ ਦਾ ਵਿਛੋੜਾ ਦੇਸ਼ ਦੀ ਕਮਿਊਨਿਸਟ ਲਹਿਰ ਲਈ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਬਾਸੂ ਨੇ ਇਹ ਕਿਹਾ ਸੀ…
ਯੇਚੁਰੀ ਪੱਛਮੀ ਬੰਗਾਲ ਦੇ ਵੇਲੇ ਦੇ ਮੁੱਖ ਮੰਤਰੀ ਜਿਓਤੀ ਬਾਸੂ ਨਾਲ 1989 ਵਿਚ ਜਦੋਂ ਨੇਪਾਲ ਗਏ ਤਾਂ ਉਨ੍ਹਾ ਬਾਸੂ ਨੂੰ ਕਿਹਾ ਕਿ ਤੁਸੀਂ ਪਸ਼ੂਪਤੀ ਨਾਥ ਮੰਦਰ ਜਾਣ ਤੋਂ ਮਨ੍ਹਾਂ ਕਿਉ ਨਹੀਂ ਕੀਤਾ। ਬਾਸੂ ਨੇ ਕਿਹਾਭਾਰਤ ਵਿਚ ਹਰ ਵਿਦੇਸ਼ੀ ਸਰਕਾਰੀ ਪ੍ਰਾਹੁਣੇ ਨੂੰ ਰਾਜਘਾਟ ਲਿਜਾਇਆ ਜਾਂਦਾ ਹੈ, ਭਾਵੇਂ ਉਹ ਮਹਾਤਮਾ ਗਾਂਧੀ ਨਾਲ ਸਹਿਮਤ ਹੋਵੇ ਜਾਂ ਨਾ। ਉਸੇ ਤਰ੍ਹਾਂ ਭਾਵੇਂ ਉਹ ਨਾਸਤਕ ਹਨ, ਪਰ ਪਸ਼ੂਪਤੀ ਨਾਥ ਮੰਦਰ ਜਾਣਾ ਜ਼ਰੂਰੀ ਹੈ। ਇਸੇ ਤਰ੍ਹਾਂ ਚੀਨ ਦੌਰੇ ਵੇਲੇ ਬਾਸੂ ਨੇ ਯੇਚੁਰੀ ਨੂੰ ਕਿਹਾ ਕਿ ਤੂੰ ਬੜਾ ਖਤਰਨਾਕ ਬੰਦਾ ਐਂ। ਪੁੱਛਣ ’ਤੇ ਬਾਸੂ ਨੇ ਕਿਹਾਸਾਡੇ ਵਿੱਚੋਂ ਕਿਸੇ ਨੂੰ ਨਹੀਂ ਪਤਾ ਕਿ ਤੂੰ ਕਿਸ ਨੂੰ ਕੀ ਪੱਟੀ ਪੜ੍ਹਾ ਰਿਹਾ ਹੈਂ। ਤੂੰ ਸੁਰਜੀਤ ਨਾਲ ਹਿੰਦੀ ਵਿਚ, ਬਾਸਵਾਪੁਨੱਈਆ ਨਾਲ ਤੇਲਗੂ ਵਿਚ, ਬਾਲਾਨੰਦਨ ਨਾਲ ਤਾਮਿਲ ਵਿਚ ਤੇ ਮੇਰੇ ਨਾਲ ਬੰਗਾਲੀ ਵਿਚ ਗੱਲ ਕਰਦਾ ਐਂ।