ਅੰਮਿ੍ਰਤਸਰ : ਫਾਰਮਾ ਡਰੱਗ ਕੇਸ ਵਿਚ 45 ਲੱਖ ਰੁਪਏ ਦੇ ਰਿਸ਼ਵਤ ਖਾਣ ਦੇ ਦੋਸ਼ ਵਿਚ ਪੰਜਾਬ ਪੁਲਸ ਦੇ ਡੀ ਐੱਸ ਪੀ ਵਵਿੰਦਰ ਕੁਮਾਰ ਮਹਾਜਨ ਖਿਲਾਫ ਕੇਸ ਦਰਜ ਕੀਤਾ ਗਿਆ ਹੈ, ਪਰ ਉਹ ਹੱਥ ਨਹੀਂ ਲੱਗਾ। ਦੋਸ਼ ਹੈ ਕਿ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏ ਐੱਨ ਟੀ ਐੱਫ) ਵਿਚ ਹੋਣ ਵੇਲੇ ਉਸ ਨੇ ਬੱਦੀ ਦੀ ਐਸਟਰ ਫਾਰਮਾ ਨੂੰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟਰੋਪਿਕ ਸਬਸਟਾਂਸਿਸ (ਐੱਨ ਡੀ ਪੀ ਐੱਸ) ਐਕਟ ਦੇ ਕੇਸ ਵਿਚ ਫਸਣ ਤੋਂ ਬਚਾਉਣ ਲਈ ਰਿਸ਼ਵਤ ਲਈ ਸੀ।
ਏ ਐੱਨ ਟੀ ਐੱਫ ਦੀ ਟੀਮ ਨੇ ਉਸ ਨੂੰ ਫੜਨ ਲਈ ਬੁੱਧਵਾਰ ਉਸ ਦੇ ਅੰਮਿ੍ਰਤਸਰ ਮਜੀਠਾ ਰੋਡ ਸਥਿਤ ਘਰ ਵਿਚ ਛਾਪਾ ਮਾਰਿਆ ਸੀ, ਪਰ ਉਹ ਹੱਥ ਨਹੀਂ ਲੱਗਾ। ਇਸ ਵੇਲੇ ਉਹ 5 ਆਈ ਆਰ ਬੀ ਦੇ ਅੰਮਿ੍ਰਤਸਰ ਹੈੱਡਕੁਆਰਟਰ ਵਿਚ ਤਾਇਨਾਤ ਹੈ। ਏ ਐੱਨ ਟੀ ਐੱਫ ਦੇ ਅਧਿਕਾਰੀ ਨੇ ਦੱਸਿਆ ਕਿ ਸੀ ਸੀ ਟੀ ਵੀ ਕੈਮਰਿਆਂ ਤੋਂ ਪਤਾ ਲੱਗਾ ਕਿ ਉਹ ਛਾਪੇ ਤੋਂ 20 ਕੁ ਮਿੰਟ ਪਹਿਲਾਂ ਖਿਸਕ ਗਿਆ। ਉਸ ਦੀ ਗਿ੍ਰਫਤਾਰੀ ਨੂੰ ਲੈ ਕੇ ਅੰਮਿ੍ਰਤਸਰ ਬਾਰਡਰ ਰੇਂਜ ਵਿਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਉਸ ਵਿਰੁੱਧ ਭਿ੍ਰਸ਼ਟਾਚਾਰ ਰੋਕੂ ਐਕਟ ਤੇ ਐੱਨ ਡੀ ਪੀ ਐੱਸ ਐਕਟ ਤਹਿਤ ਮੰਗਲਵਾਰ ਮੁਹਾਲੀ ਦੇ ਸਪੈਸ਼ਲ ਟਾਸਕ ਫੋਰਸ ਪੁਲਸ ਥਾਣੇ ਵਿਚ ਐੱਫ ਆਈ ਆਰ ਦਰਜ ਕੀਤੀ ਗਈ ਸੀ।
ਪਤਾ ਲੱਗਾ ਹੈ ਕਿ ਪਿਛਲੇ ਹਫਤੇ ਡਰੱਗ ਇੰਸਪੈਕਟਰ ਸ਼ੀਸ਼ਾਨ ਮਿੱਤਲ ਦੀ ਗਿ੍ਰਫਤਾਰੀ ਤੋਂ ਬਾਅਦ ਉਸ ਤੋਂ ਪੁੱਛਗਿੱਛ ਵਿਚ ਡੀ ਐੱਸ ਪੀ ਦਾ ਰੋਲ ਸਾਹਮਣੇ ਆਇਆ। ਮਿੱਤਲ ’ਤੇ ਦੋਸ਼ ਹੈ ਕਿ ਉਹ ਨਸ਼ੀਲੇ ਪਦਾਰਥਾਂ ਤੇ ਦਵਾਈਆਂ ਦੀ ਸਮੱਗਲਿੰਗ ਅਤੇ ਮਨੀ ਲਾਂਡਰਿੰਗ ਵਿਚ ਮਦਦਗਾਰ ਵਜੋਂ ਵਿਚਰਦਾ ਰਿਹਾ। ਏ ਐੱਨ ਟੀ ਐੱਫ ਨੇ ਮਿੱਤਲ ’ਤੇ ਛਾਪੇ ਦੌਰਾਨ ਇਕ ਕਰੋੜ 49 ਲੱਖ ਰੁਪਏ ਨਕਦ, 260 ਗਰਾਮ ਸੋਨਾ ਤੇ 515 ਦਿਰਹਾਮ ਫੜੇ ਸਨ। ਉਸ ਵੱਲੋਂ ਗੈਰਕਾਨੂੰਨੀ ਕਮਾਈ ਨਾਲ ਬਣਾਈਆਂ ਜਾਇਦਾਦਾਂ ਦੀ ਵੀ ਪਛਾਣ ਕੀਤੀ ਗਈ ਹੈ। ਉਸ ਦਾ ਜ਼ੀਰਕਪੁਰ ਵਿਚ ਦੋ ਕਰੋੜ ਤੇ ਡੱਬਵਾਲੀ ਵਿਚ 40 ਲੱਖ ਦਾ ਪਲਾਟ ਦੱਸਿਆ ਜਾਂਦਾ ਹੈ।
ਏ ਐੱਨ ਟੀ ਐੱਫ ਦੇ ਬੁਲਾਰੇ ਮੁਤਾਬਕ ਕੇਸ ਵਿਚ ਡੀ ਐੱਸ ਪੀ ਮਹਾਜਨ ਤੋਂ ਇਲਾਵਾ ਲਖਨਊ ਦੇ ਅਖਿਲ ਜੈ ਸਿੰਘ ਦਾ ਨਾਂਅ ਵੀ ਸਾਹਮਣੇ ਆਇਆ ਹੈ। ਮਹਾਜਨ ਨਸ਼ਿਆਂ ਖਿਲਾਫ ਮੁਹਿੰਮ ਵਿਚ ਚਰਚਿਤ ਹੋਇਆ ਸੀ। ਉਸ ਨੇ 2020 ਵਿਚ ਸੁਲਤਾਨਵਿੰਡ ਪਿੰਡ ਵਿਚ 200 ਗਰਾਮ ਹੈਰੋਇਨ ਤੇ ਹੋਰ ਨਸ਼ਾ ਫੜਿਆ ਸੀ।