28.6 C
Jalandhar
Friday, October 18, 2024
spot_img

ਇਜ਼ਰਾਈਲੀ ਫੌਜ ਤੇ ਹਿਜ਼ਬੁੱਲ੍ਹਾ ਵਿਚਾਲੇ ਸਿੱਧੀ ਜ਼ਮੀਨੀ ਲੜਾਈ

ਨਵੀਂ ਦਿੱਲੀ : ਮੱਧ-ਪੂਰਬ ਬੁੱਧਵਾਰ ਇਲਾਕਾਈ ਜੰਗ ਵੱਲ ਹੋਰ ਵਧ ਗਿਆ, ਜਦੋਂ ਮੰਗਲਵਾਰ ਰਾਤ ਦੇ ਈਰਾਨੀ ਮਿਜ਼ਾਈਲ ਹਮਲੇ ਦੇ ਬਾਅਦ ਇਜ਼ਰਾਈਲ ਨੇ ਕਿਹਾ ਕਿ ਉਸ ਦੀਆਂ ਫੌਜਾਂ ਨੇ ਲਿਬਨਾਨ ਵਿਚ ਈਰਾਨੀ ਹਮਾਇਤ ਹਾਸਲ ਹਿਜ਼ਬੁੱਲ੍ਹਾ ਦੇ ਲੜਾਕਿਆਂ ਖਿਲਾਫ ਸੀਮਤ ਮੈਦਾਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਜ਼ਰਾਈਲੀ ਫੌਜ ਦੋ ਕਿਲੋਮੀਟਰ ਅੰਦਰ ਮਰੂਨ ਅਲ-ਰਸ ਪਿੰਡ ਤੱਕ ਪੁੱਜ ਗਈ ਸੀ। ਬੀ ਬੀ ਸੀ ਮੁਤਾਬਕ ਉਸ ਦੀ ਹਿਜ਼ਬੁੱਲ੍ਹਾ ਦੇ ਲੜਾਕਿਆਂ ਨਾਲ ਲੜਾਈ ਚੱਲ ਰਹੀ ਸੀ। ਸਿੱਧੀ ਲੜਾਈ ਵਿਚ ਇਜ਼ਰਾਈਲ ਦੇ ਦੋ ਫੌਜੀ ਮਾਰੇ ਗਏ ਤੇ 18 ਜ਼ਖਮੀ ਹੋ ਗਏ। ਹਿਜ਼ਬੁੱਲ੍ਹਾ ਨੇ ਬੁੱਧਵਾਰ ਇਜ਼ਰਾਈਲ ’ਤੇ 40 ਮਿਜ਼ਾਈਲਾਂ ਵੀ ਦਾਗੀਆਂ, ਜਿਨ੍ਹਾਂ ਵਿੱਚੋਂ ਬਹੁਤੀਆਂ ਨੂੰ ਇਜ਼ਰਾਈਲ ਨੇ ਤਬਾਹ ਕਰ ਦੇਣ ਦਾ ਦਾਅਵਾ ਕੀਤਾ।
ਈਰਾਨ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਨਤੋਨੀਓ ਗੁਤੇਰੇਸ ਦੇ ਇਜ਼ਰਾਈਲ ਵਿਚ ਵੜਨ ’ਤੇ ਰੋਕ ਲਾ ਦਿੱਤੀ ਹੈ। ਉਸ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਗੁਤੇਰੇਸ ਨੇ ਈਰਾਨ ਦੇ ਹਮਲੇ ਦੀ ਨਿੰਦਾ ਨਹੀਂ ਕੀਤੀ।
ਇਸੇ ਦੌਰਾਨ ਅਮਰੀਕੀ ਨਿਊਜ਼ ਵੈੈੱਬਸਾਈਟ ਐਕਸੀਓਸ ਨੇ ਇਜ਼ਰਾਈਲੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਇਜ਼ਰਾਈਲ ਕੁਝ ਦਿਨਾਂ ਵਿਚ ਈਰਾਨ ਦੇ ਤੇਲ ਉਤਪਾਦਨ ਕੇਂਦਰਾਂ ਤੇ ਹੋਰ ਰਣਨੀਤਕ ਟਿਕਾਣਿਆਂ ’ਤੇ ਹਮਲੇ ਕਰੇਗਾ।
ਇਸ ਤੋਂ ਪਹਿਲਾਂ ਈਰਾਨੀ ਸਟੇਟ ਟੈਲੀਵੀਜ਼ਨ ਨੇ ਈਰਾਨੀ ਜਨਰਲ ਸਟਾਫ ਦੇ ਚੀਫ ਮੁਹੰਮਦ ਬਘੇਰੀ ਦੇ ਹਵਾਲੇ ਨਾਲ ਕਿਹਾ ਕਿ ਈਰਾਨੀ ਮਿਜ਼ਾਈਲਾਂ ਨੇ ਇਜ਼ਰਾਈਲ ਦੇ ਨੇਵਾਤਿਮ ਏਅਰ ਬੇਸ, ਨੇਤਜ਼ਰੀਮ ਮਿਲਟਰੀ ਅੱਡੇ ਅਤੇ ਇਜ਼ਰਾਈਲੀ ਇੰਟੈਲੀਜੈਂਸ ਏਜੰਸੀ ਮੋਸਾਦ ਦੇ ਤੇਲ ਨੋਫ ਵਿਚਲੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ। ਇਜ਼ਰਾਈਲੀ ਫੌਜ ਨੇ ਵੀ ਮੰਨਿਆ ਹੈ ਕਿ ਕੁਝ ਮਿਜ਼ਾਈਲਾਂ ਏਅਰ ਬੇਸ ’ਤੇ ਡਿੱਗੀਆਂ, ਪਰ ਕੁਝ ਦਫਤਰੀ ਇਮਾਰਤਾਂ ਨੂੰ ਹੀ ਨੁਕਸਾਨ ਪੁੱਜਾ। ਜਹਾਜ਼ਾਂ ’ਤੇ ਮਿਜ਼ਾਈਲ ਨਹੀਂ ਲੱਗੀ।
ਹਾਲਾਂਕਿ ਇਜ਼ਰਾਈਲ ਨੇ ਕਿਹਾ ਹੈ ਕਿ ਅਮਰੀਕਾ ਦੀ ਮਦਦ ਨਾਲ ਉਸ ਨੇ ਬਹੁਤੀਆਂ ਮਿਜ਼ਾਈਲਾਂ ਹਵਾ ਵਿਚ ਹੀ ਤਬਾਹ ਕਰ ਦਿੱਤੀਆਂ, ਈਰਾਨ ਦਾ ਦਾਅਵਾ ਹੈ ਕਿ ਬਹੁਤੀਆਂ ਮਿਜ਼ਾਈਲਾਂ ਨਿਸ਼ਾਨੇ ’ਤੇ ਲੱਗੀਆਂ। ਕਿਸੇ ਦੇ ਮਰਨ ਜਾਂ ਜ਼ਖਮੀ ਹੋਣ ਦੀਆਂ ਕਿਸੇ ਪਾਸਿਓਂ ਰਿਪੋਰਟਾਂ ਨਹੀਂ ਹਨ। ਭਾਰਤ ਨੇ ਬੁੱਧਵਾਰ ਕਿਹਾ ਕਿ ਉਹ ਮੱਧ-ਪੂਰਬੀ ਖਿੱਤੇ ਵਿਚ ਹਾਲਾਤ ਉਤੇ ਕਰੀਬੀ ਨਜ਼ਰ ਰੱਖ ਰਿਹਾ ਹੈ। ਭਾਰਤ ਨੇ ਆਪਣੇ ਨਾਗਰਿਕਾਂ ਨੂੰ ਈਰਾਨ ਦੀ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਵੀ ਦਿੱਤੀ ਹੈ। ਇਸੇ ਤਰ੍ਹਾਂ ਈਰਾਨ ਵਿਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਵੀ ਚੌਕਸ ਰਹਿਣ ਅਤੇ ਤਹਿਰਾਨ ਸਥਿਤ ਭਾਰਤੀ ਸਫਾਰਤਖਾਨੇ ਨਾਲ ਰਾਬਤਾ ਬਣਾਈ ਰੱਖਣ ਦਾ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤ ਨੇ ਸਾਰੀਆਂ ਸੰਬੰਧਤ ਧਿਰਾਂ ਨੂੰ ਜ਼ਾਬਤੇ ਤੋਂ ਕੰਮ ਲੈਣ ਦਾ ਸੱਦਾ ਵੀ ਦਿੱਤਾ ਹੈ। ਭਾਰਤ ਨੇ ਕਿਹਾ ਕਿ ਜ਼ਰੂਰੀ ਹੈ ਕਿ ਇਸ ਤਣਾਅ ਨੂੰ ਹੋਰ ਫੈਲਣ ਤੋਂ ਰੋਕਿਆ ਜਾਵੇ।

Related Articles

LEAVE A REPLY

Please enter your comment!
Please enter your name here

Latest Articles