ਚੰਡੀਗੜ੍ਹ : ਭਾਜਪਾ ਨੇ ਪੰਜਾਬ ਦੀਆਂ ਚਾਰ ਅਸੈਂਬਲੀ ਸੀਟਾਂ ਦੀਆਂ ਜ਼ਿਮਨੀ ਚੋਣਾਂ ਲਈ ਮੰਗਲਵਾਰ ਤਿੰਨ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਗਿੱਦੜਬਾਹਾ ਤੋਂ ਮਨਪ੍ਰੀਤ ਸਿੰਘ ਬਾਦਲ, ਬਰਨਾਲਾ ਤੋਂ ਕੇਵਲ ਸਿੰਘ ਢਿੱਲੋਂ ਤੇ ਡੇਰਾ ਬਾਬਾ ਨਾਨਕ ਤੋਂ ਰਵੀ ਕਰਨ ਸਿੰਘ ਕਾਹਲੋਂ ਨੂੰ ਉਮੀਦਵਾਰ ਬਣਾਇਆ ਗਿਆ ਹੈ।
62 ਸਾਲਾ ਮਨਪ੍ਰੀਤ 1995, 1997, 2002 ਤੇ 2007 ਵਿਚ ਗਿੱਦੜਬਾਹਾ ਤੋਂ ਅਕਾਲੀ ਵਿਧਾਇਕ ਰਹਿ ਚੁੱਕੇ ਹਨ। ਜਦੋਂ ਉਹ ਪੀਪਲਜ਼ ਪਾਰਟੀ ਆਫ ਪੰਜਾਬ ਬਣਾ ਕੇ 2012 ਵਿਚ ਲੜੇ ਸਨ ਤਾਂ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਹਾਰ ਗਏ ਸਨ। ਫਿਰ ਉਹ 2017 ਵਿਚ ਕਾਂਗਰਸੀ ਉਮੀਦਵਾਰ ਵਜੋਂ ਬਠਿੰਡਾ ਤੋਂ ਲੜੇ ਤੇ ਜਿੱਤ ਗਏ।
2022 ਵਿਚ ਜ਼ਮਾਨਤ ਜ਼ਬਤ ਕਰਵਾ ਬੈਠੇ। ਕੁਝ ਸਮਾਂ ਗੈਰ-ਸਰਗਰਮ ਰਹਿਣ ਤੋਂ ਬਾਅਦ ਪਿਛਲੇ ਸਾਲ ਜਨਵਰੀ ’ਚ ਭਾਜਪਾ ’ਚ ਸ਼ਾਮਲ ਹੋ ਗਏ ਸਨ। ਇਸ ਸਾਲ ਮਾਰਚ ’ਚ ਉਨ੍ਹਾ ਨੂੰ ਦਿਲ ਦੀ ਸਮੱਸਿਆ ਆ ਗਈ ਸੀ ਤੇ ਸਰਜਰੀ ਕਰਵਾਉਣੀ ਪਈ ਸੀ।
ਮਨਪ੍ਰੀਤ ਨੇ ਸਿਆਸੀ ਕੈਰੀਅਰ 1995 ਵਿਚ ਗਿੱਦੜਬਾਹਾ ਤੋਂ ਸ਼ੁਰੂ ਕੀਤਾ ਸੀ, ਜਦੋਂ ਉਨ੍ਹਾ ਦੇ ਤਾਇਆ ਜੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਗਿੱਦੜਬਾਹਾ ਹਲਕਾ ਉਨ੍ਹਾ ਹਵਾਲੇ ਕਰ ਦਿੱਤਾ ਸੀ। ਇੱਥੋਂ ਵੱਡੇ ਬਾਦਲ ਪੰਜ ਵਾਰ ਵਿਧਾਇਕ ਬਣੇ ਸਨ। ਮਨਪ੍ਰੀਤ ਅਕਾਲੀ-ਭਾਜਪਾ ਤੇ ਕਾਂਗਰਸ ਸਰਕਾਰਾਂ ਵਿਚ ਵਿੱਤ ਮੰਤਰੀ ਰਹਿ ਚੁੱਕੇ ਹਨ। ਉਨ੍ਹਾ ਆਪਣੇ ਤਿੰਨ ਦਹਾਕਿਆਂ ਦੇ ਸਿਆਸੀ ਕੈਰੀਅਰ ਵਿਚ ਅੱਠ ਅਸੰਬਲੀ ਤੇ ਇਕ ਲੋਕ ਸਭਾ ਸੀਟ ਲੜੀ। ਉਹ ਚਾਰ ਵਾਰ ਗਿੱਦੜਬਾਹਾ ਤੇ ਇਕ ਵਾਰ ਬਠਿੰਡਾ ਤੋਂ ਜਿੱਤੇ। 2012 ਵਿਚ ਗਿੱਦੜਬਾਹਾ ਤੇ ਮੌੜ ਤੋਂ ਹਾਰ ਗਏ। 2014 ਵਿਚ ਭਰਜਾਈ ਹਰਸਿਮਰਤ ਕੌਰ ਬਾਦਲ ਖਿਲਾਫ ਬਠਿੰਡਾ ਤੋਂ ਲੋਕ ਸਭਾ ਚੋਣ ਲੜੇ, ਪਰ ਹਾਰ ਗਏ। 2022 ਵਿਚ ਬਠਿੰਡਾ ਸ਼ਹਿਰੀ ਤੋਂ ਅਸੰਬਲੀ ਚੋਣ ਹਾਰੇ।
2010 ਵਿਚ ਅਕਾਲੀ ਦਲ ਵੱਲੋਂ ਕੱਢੇ ਜਾਣ ’ਤੇ ਉਨ੍ਹਾ 2011 ਵਿਚ ਪੀਪਲਜ਼ ਪਾਰਟੀ ਆਫ ਪੰਜਾਬ ਬਣਾਈ, ਪਰ ਉਸਨੂੰ 2016 ਵਿਚ ਕਾਂਗਰਸ ਨਾਲ ਰਲਾ ਦਿੱਤਾ। ਪੀਪਲਜ਼ ਪਾਰਟੀ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਉਨ੍ਹਾ ਨਾਲ ਰਹੇ।