ਕਜ਼ਾਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਦੌਰਾਨ ਕਿਹਾ ਕਿ ਰੂਸ-ਯੂਕਰੇਨ ਟਕਰਾਅ ਪੁਰਅਮਨ ਢੰਗ ਨਾਲ ਹੱਲ ਹੋਣਾ ਚਾਹੀਦਾ ਹੈ ਤੇ ਭਾਰਤ ਇਸ ਲਈ ਹਰ ਸੰਭਵ ਮਿਲਵਰਤਨ ਕਰਨ ਲਈ ਤਿਆਰ ਹੈ। ਸੋਲ੍ਹਵੇਂ ਬਿ੍ਰਕਸ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਕੇਂਦਰੀ ਰੂਸੀ ਸ਼ਹਿਰ ਕਜ਼ਾਨ ਪੁੱਜਣ ਦੇ ਛੇਤੀ ਬਾਅਦ ਦੋਹਾਂ ਆਗੂਆਂ ਨੇ ਗੱਲਬਾਤ ਕੀਤੀ। ਟੈਲੀਵੀਜ਼ਨ ’ਤੇ ਪ੍ਰਸਾਰਤ ਟਿੱਪਣੀਆਂ ਵਿਚ ਮੋਦੀ ਨੇ ਪੁਤਿਨ ਨੂੰ ਕਿਹਾ ਕਿ ਭਾਰਤ ਖਿੱਤੇ ਵਿਚ ਅਮਨ ਤੇ ਸਥਿਰਤਾ ਛੇਤੀ ਪਰਤਾਉਣ ਦੇ ਜਤਨਾਂ ਦੀ ਪੂਰੀ ਹਮਾਇਤ ਕਰਦਾ ਹੈ। ਉਨ੍ਹਾ ਕਿਹਾ ਕਿ ਦੋ ਮਹੀਨਿਆਂ ਵਿਚ ਉਨ੍ਹਾ ਦਾ ਇਹ ਦੂਜਾ ਰੂਸ ਦੌਰਾ ਦੋਹਾਂ ਦੇਸ਼ਾਂ ਵਿਚਾਲੇ ਕਰੀਬੀ ਤਾਲਮੇਲ ਤੇ ਡੂੰਘੇ ਵਿਸ਼ਵਾਸ ਨੂੰ ਦਰਸਾਉਦਾ ਹੈ।