16.6 C
Jalandhar
Tuesday, December 3, 2024
spot_img

ਸੰਘ ਦਾ ਡੀ ਐੱਨ ਏ

ਰਾਸ਼ਟਰੀ ਸੋਇਮ ਸੇਵਕ ਸੰਘ (ਆਰ ਐੱਸ ਐੱਸ) ਨੇ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ‘ਬਟੇਂਗੇ ਤੋ ਕਟੇਂਗੇ’ ਦੇ ਨਾਅਰੇ ਦੀ ਤਾਈਦ ਕਰਕੇ ਸਾਬਤ ਕਰ ਦਿੱਤਾ ਹੈ ਕਿ ਆਪਣੀ ਸਥਾਪਨਾ ਦੇ ਸੌ ਸਾਲ ਬਾਅਦ ਵੀ ਬਿਲਕੁਲ ਨਹੀਂ ਬਦਲਿਆ ਹੈ। ਉਸ ਦਾ ਡੀ ਐੱਨ ਏ ਹਿੰਸਾ ਤੇ ਨਫਰਤ ਵਾਲਾ ਹੀ ਹੈ ਤੇ ਉਹ ਉਸੇ ਭਾਸ਼ਾ ਵਿਚ ਸੋਚਦਾ ਹੈ। ਹਾਲਾਂਕਿ, ਬਾਅਦ ਵਿਚ ਉਹ ਉਸ ਨੂੰ ਸੱਭਿਆ, ਮਰਿਆਦਾ, ਸ਼ਾਂਤੀ ਤੇ ਸਦਭਾਵਨਾ ਦਾ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕਰਦਾ ਹੈ। ਯੋਗੀ ਨੇ ਪਹਿਲਾਂ ਉਪਰੋਕਤ ਨਾਅਰਾ ਬੰਗਲਾਦੇਸ਼ ਦੇ ਸੰਦਰਭ ਵਿਚ ਦਿੱਤਾ ਸੀ। ਉੱਥੇ ਸ਼ੇਖ ਹਸੀਨਾ ਦੇ ਸੱਤਾ ਤੋਂ ਬੇਦਖਲ ਹੋਣ ਤੋਂ ਬਾਅਦ ਹਿੰਦੂ ਧਾਰਮਿਕ ਸਥਾਨਾਂ ’ਤੇ ਹਮਲੇ ਹੋਏ ਸਨ ਤੇ ਕਈ ਹਿੰਦੂ ਬਸਤੀਆਂ ’ਚ ਭੰਨਤੋੜ ਹੋਈ ਸੀ। ਯੋਗੀ ਆਦਿਤਿਆਨਾਥ ਦਾ ਪੂਰਾ ਨਾਅਰਾ ਹੈਬਟੇਂਗੇ ਤੋ ਕਟੇਂਗੇ, ਏਕ ਰਹੇਂਗੇ ਤੋ ਨੇਕ ਰਹੇਂਗੇ, ਸੁਰੱਕਸ਼ਿਤ ਰਹੇਂਗੇ। ਮਹਾਰਾਸ਼ਟਰ, ਜਿੱਥੇ ਅਗਲੇ ਮਹੀਨੇ ਅਸੰਬਲੀ ਚੋਣਾਂ ਹਨ, ਵਿਚ ਅੱਜਕੱਲ੍ਹ ਇਸ ਨਾਅਰੇ ਵਾਲੇ ਪੋਸਟਰਾਂ ਦੀ ਭਰਮਾਰ ਹੈ। ਦਿਲਚਸਪ ਗੱਲ ਇਹ ਵੀ ਹੈ ਕਿ ‘ਬਟੇਂਗੇ ਤੋ ਕਟੇਂਗੇ’ ਨੂੰ ਮੋਟੇ ਅੱਖਰਾਂ ਵਿਚ ਲਿਖਿਆ ਗਿਆ ਹੈ, ਜਦਕਿ ਨਾਅਰੇ ਦੇ ਅਗਲੇ ਸ਼ਬਦ ਪੜ੍ਹਨ ਲਈ ਖੁਰਦਬੀਨ ਦੀ ਮਦਦ ਲੈਣੀ ਪੈਂਦੀ ਹੈ। ਸੰਘ ਦੇ ਅਹੁਦੇਦਾਰ ਆਮ ਤੌਰ ’ਤੇ ਸ਼ਾਲੀਨ ਭਾਸ਼ਾ ਵਰਤਣ ਦਾ ਦਾਅਵਾ ਕਰਦੇ ਹਨ ਪਰ ਇਸ ਦੇ ਜਨਰਲ ਸਕੱਤਰ ਦੱਤਾਤ੍ਰੇਯ ਹੋਸਬੋਲੇ ਨੇ ਜਿਸ ਤਰ੍ਹਾਂ ਇਸ ਨਾਅਰੇ ਦੀ ਤਾਈਦ ਕੀਤੀ ਹੈ, ਉਹ ਸੰਘ ਦੇ ਇਰਾਦੇ ਸਪੱਸ਼ਟ ਕਰ ਦਿੰਦੀ ਹੈ। ਮਥੁਰਾ ਵਿਚ ਸੰਘ ਦੇ ਦੋ ਦਿਨਾ ਸੰਮੇਲਨ ’ਚ ਹੋਸਬੋਲੇ ਨੇ ਕਿਹਾ ਕਿ ਹਿੰਦੂ ਸਮਾਜ ਵਿਚ ਏਕਤਾ ਨਹੀਂ ਰਹੇਗੀ ਤਾਂ ਅੱਜਕੱਲ੍ਹ ਦੀ ਭਾਸ਼ਾ ’ਚ ਬਟੇਂਗੇ ਤੋ ਕਟੇਂਗੇ ਹੋ ਸਕਦਾ ਹੈ। ਉਨ੍ਹਾ ਦਾ ਇਹ ਵੀ ਕਹਿਣਾ ਸੀ ਕਿ ਹਿੰਦੂ ਸਮਾਜ ਵਿਚ ਜਾਤੀ ਦੇ ਆਧਾਰ ’ਤੇ ਵੰਡ ਪਾਉਣ ਦਾ ਯਤਨ ਇੱਕ ਸਾਜ਼ਿਸ਼ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਠਾਣੇ ਵਿੱਚ ਇਕ ਰੈਲੀ ’ਚ ਕਿਹਾ ਸੀਅਗਰ ਹਮ ਬਟੇਂਗੇ ਤੋ ਬਾਂਟਨੇ ਵਾਲੇ ਮਹਿਫਿਲ ਸਜਾਏਂਗੇ। ਅਗਲੇ ਦਿਨ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਹਿੰਦੂ ਏਕਤਾ ਹੋਣੀ ਚਾਹੀਦੀ ਹੈ। ਇਲਾਕਾਈ, ਭਾਸ਼ਾਈ ਤੇ ਜਾਤ ਦੇ ਆਧਾਰ ’ਤੇ ਵੰਡ ਖਤਮ ਹੋਣੀ ਚਾਹੀਦੀ ਹੈ। ਭਾਰਤ ਇੱਕ ਹਿੰਦੂ ਰਾਸ਼ਟਰ ਹੈ।
ਦਰਅਸਲ ਸੰਘ ਤੇ ਭਾਜਪਾ ਦੇ ਆਗੂ ਬਟੇਂਗੇ ਤੋ ਕਟੇਂਗੇ ਦਾ ਨਾਅਰਾ ਜਾਤੀ ਜਨਗਣਨਾ ਦੀ ਮੰਗ ਨਾਲ ਇੰਡੀਆ ਗੱਠਜੋੜ ਤੇ ਅਖਿਲੇਸ਼ ਯਾਦਵ ਦੇ ਪੀ ਡੀ ਏ (ਪੱਛੜੇ, ਦਲਿਤ ਤੇ ਘੱਟਗਿਣਤੀ) ਨੇ ਲੋਕ ਸਭਾ ਚੋਣਾਂ ਵਿਚ ਯੂ ਪੀ ’ਚ ਭਾਜਪਾ ਨੂੰ ਜਿਹੜੀ ਮਾਰ ਮਾਰੀ ਹੈ, ਉਸ ’ਚੋਂ ਬਾਹਰ ਨਿਕਲਣ ਲਈ ਮਾਰ ਰਹੇ ਹਨ। ਉਹ ਫਿਰਕੂ ਧਰੁਵੀਕਰਨ ਕਰਕੇ ਹਿੰਦੂਆਂ ਨੂੰ ਮੁਸਲਮਾਨਾਂ ਤੋਂ ਡਰਾ ਰਹੇ ਹਨ। ਸੰਘ ਪਰਵਾਰ ਜਿਨ੍ਹਾਂ ਸੰਤਾਂ, ਮਹਾਤਮਾਵਾਂ ਤੇ ਯੋਗੀਆਂ ਨੂੰ ਅੱਗੇ ਕਰ ਰਿਹਾ ਹੈ, ਉਨ੍ਹਾਂ ਦੀ ਭਾਸ਼ਾ ਤੇ ਸਾਡੇ ਭਗਤੀਕਾਲੀਨ ਸੰਤਾਂ ਦੀ ਭਾਸ਼ਾ ਵਿਚ ਕਿੰਨਾ ਫਰਕ ਹੈ। ਨਿਸਚਿਤ ਤੌਰ ’ਤੇ ਕਿਸੇ ਸਮਾਜ ਦੇ ਹਿੰਸਕ ਤੇ ਭਿ੍ਰਸ਼ਟ ਹੋਣ ਤੋਂ ਪਹਿਲਾਂ ਉਸ ਦੀ ਭਾਸ਼ਾ ਭਿ੍ਰਸ਼ਟ ਤੇ ਹਿੰਸਕ ਹੁੰਦੀ ਹੈ। ਹੁਣ ਦੇਖਣਾ ਹੈ ਕਿ ਭਾਰਤ ਵਾਸੀ ਆਪਣੀ ਗਿਆਨ-ਵਿਗਿਆਨ ਤੇ ਧਰਮ-ਸੰਸ�ਿਤੀ ਦੀ ਲੰਬੀ ਵਿਰਾਸਤ ਦੇ ਮੱਦੇਨਜ਼ਰ ‘ਬਟੇਂਗੇ ਤੋ ਕਟੇਂਗੇ’ ਦੀ ਭਾਸ਼ਾ ਕਿਸ ਹੱਦ ਤੱਕ ਸਵੀਕਾਰ ਕਰਦੇ ਹਨ ਅਤੇ ਕਿਸ ਹੱਦ ਤੱਕ ਖਾਰਜ ਕਰਦੇ ਹਨ। ਪਿਛਲੇ ਕੁਝ ਸਾਲਾਂ ਤੋਂ ਬੁੱਧੀਜੀਵੀਆਂ ਦੀ ਫੌਜ ਇਹ ਸਾਬਤ ਕਰਨ ਵਿਚ ਲੱਗੀ ਹੋਈ ਹੈ ਕਿ ਸੰਘ ਕਾਫੀ ਬਦਲ ਗਿਆ ਹੈ, ਪਰ ਉਹ ਜੋ ਕਰ-ਕਰਵਾ ਰਿਹਾ ਹੈ, ਉਸ ਤੋਂ ਤਾਂ ਨਹੀਂ ਲਗਦਾ ਕਿ ਉਹ ਬਦਲਿਆ ਹੈ।

Related Articles

Latest Articles