ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ, ਕੰਵਲਜੀਤ ਸਿੰਘ)-ਪੰਥਕ ਸਿਆਸਤ ਵਿਚ ਮਚੀ ਅਫਰਾਤਫਰੀ ਦਰਮਿਆਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਪਕੜ ਹੋਰ ਮਜ਼ਬੂਤ ਕਰ ਲਈ, ਜਦੋਂ ਸੋਮਵਾਰ ਪ੍ਰਧਾਨਗੀ ਦੀ ਸਾਲਾਨਾ ਚੋਣ ਵਿਚ ਉਸ ਦੇ ਉਮੀਦਵਾਰ ਤੇ ਵਰਤਮਾਨ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ ਤਕੜੇ ਫਰਕ ਨਾਲ ਹਰਾ ਦਿੱਤਾ। ਐਡਵੋਕੇਟ ਧਾਮੀ ਨੂੰ 142 ਵੋਟਾਂ ਵਿੱਚੋਂ 107 ਵੋਟਾਂ ਪਈਆਂ, ਜਦਕਿ ਬੀਬੀ ਜਗੀਰ ਕੌਰ ਨੂੰ 2022 ਵਿੱਚ ਪਈਆਂ ਵੋਟਾਂ ਨਾਲੋਂ ਵੀ 10 ਵੋਟਾਂ ਘੱਟ, ਭਾਵ 33 ਵੋਟਾਂ ਨਾਲ ਹੀ ਸਬਰ ਕਰਨਾ ਪਿਆ। ਦੋ ਵੋਟਾਂ ਰੱਦ ਹੋ ਗਈਆਂ।
ਬੀਬੀ ਜਗੀਰ ਕੌਰ ਚਾਰ ਵਾਰ ਦੀ ਪ੍ਰਧਾਨਗੀ ਦੇ ਤਜਰਬੇ ਨਾਲ ਮੈਦਾਨ ਵਿਚ ਉੱਤਰੀ ਸੀ, ਜਦਕਿ ਐਡਵੋਕੇਟ ਧਾਮੀ ਇਸ ਵਾਰ ਚੌਥੀ ਵਾਰੀ ਪ੍ਰਧਾਨ ਬਣਨ ਵਿਚ ਕਾਮਯਾਬ ਹੋਏ ਹਨ।
ਅਜਲਾਸ ਦੀ ਸ਼ੁਰੂਆਤ ਲਈ ਅਰਦਾਸ ਕਰਨ ਤੋਂ ਬਾਅਦ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਲਿਆ। ਉਪਰੰਤ ਪ੍ਰਧਾਨ ਐਡਵੋਕੇਟ ਧਾਮੀ ਨੇ ਪੰਜ ਵਾਰੀ ਮੂਲ ਮੰਤਰ ਮੈਂਬਰਾਂ ਨੂੰ ਸਰਵਣ ਕਰਵਾਇਆ। ਅਜਲਾਸ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਪ੍ਰਧਾਨਗੀ ਦੇ ਅਹੁਦੇ ਲਈ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਹਰਜਿੰਦਰ ਸਿੰਘ ਧਾਮੀ ਦਾ ਨਾਂਅ ਪੇਸ਼ ਕੀਤਾ, ਜਦਕਿ ਤਾਈਦ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਮਜੀਦ ਸਾਬਕਾ ਐਕਟਿੰਗ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ ਨੇ ਕੀਤੀ। ਬੀਬੀ ਜਗੀਰ ਕੌਰ ਦਾ ਨਾਂਅ ਹਮੇਸ਼ਾ ਪੰਥਕ ਸਫਾਂ ਵਿੱਚ ਸਰਗਰਮ ਰਹਿਣ ਵਾਲੇ ਅਮਰੀਕ ਸਿੰਘ ਸ਼ਾਹਪੁਰ ਨੇ ਪੇਸ਼ ਕੀਤਾ। ਅੰਤਰਿੰਗ ਕਮੇਟੀ ਮੈਂਬਰ ਤੇ ਅਧਿਆਪਕ ਯੂਨੀਅਨ ਦੇ ਸਾਬਕਾ ਆਗੂ ਮਿੱਠੂ ਸਿੰਘ ਕਾਹਨੇਕੇ ਨੇ ਤਾਈਦ ਕੀਤੀ। ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨਗਰ ਟੌਹੜਾ ਤੋਂ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੇ ਬੀਬੀ ਜਗੀਰ ਕੌਰ ਦੇ ਨਾਂਅ ਦੀ ਮਜੀਦ ਕੀਤੀ।
ਇਸ ਤੋਂ ਪਹਿਲਾਂ ਐਡਵੋਕੇਟ ਧਾਮੀ ਨੇ ਸੁਝਾਅ ਪੇਸ਼ ਕੀਤਾ ਕਿ ਹੱਥ ਖੜ੍ਹੇ ਕਰਵਾ ਕੇ ਫੈਸਲਾ ਕਰ ਲਿਆ ਜਾਵੇ ਪਰ ਬੀਬੀ ਜਗੀਰ ਕੌਰ ਦੇ ਧੜੇ ਨੇ ਇਸ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ। ਚੋਣ ਕਰਾਉਣ ਲਈ ਦੋਹਾਂ ਧਿਰਾਂ ਵੱਲੋਂ ਦੋ ਪੋਲਿੰਗ ਏਜੰਟ ਬਣਾਏ ਗਏਐਡਵੋਕੇਟ ਧਾਮੀ ਵੱਲੋਂ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਤੇ ਬੀਬੀ ਜਗੀਰ ਕੌਰ ਵੱਲੋਂ ਜਸਵੰਤ ਸਿੰਘ ਪੁੜੈਣ। ਦੋਹਾਂ ਏਜੰਟਾਂ ਨੂੰ ਬੈਲਟ ਪੇਪਰ ਵਾਲੀ ਪੇਟੀ ਖੋਲ੍ਹ ਕੇ ਵਿਖਾਈ ਗਈ ਤੇ ਫਿਰ ਚੋਣ ਪ੍ਰਕਿਰਿਆ ਸ਼ੁਰੂ ਹੋਈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਵੋਟਰ ਲਿਸਟ ਤੋਂ ਇੱਕ-ਇੱਕ ਮੈਂਬਰ ਦਾ ਨਾਂਅ ਲੈ ਕੇ ਵੋਟਾਂ ਪਵਾਈਆਂ। ਸਭ ਤੋਂ ਪਹਿਲਾਂ ਬਿਮਾਰ ਮੈਂਬਰਾਂ ਤੇ ਨਾਮਜ਼ਦ ਮੈਂਬਰਾਂ ਦੀਆਂ ਵੋਟਾਂ ਪਾਈਆਂ ਗਈਆਂ। ਬਿਮਾਰ ਮੈਂਬਰਾਂ ਦੀ ਸਹਾਇਤਾ ਲਈ ਉਨ੍ਹਾਂ ਦੇ ਇਕ ਪਰਿਵਾਰਕ ਮੈਂਬਰ ਨੂੰ ਨਾਲ ਜਾ ਕੇ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈ।
ਅਜਲਾਸ ਦੇ ਸ਼ੁਰੂ ਹੁੰਦਿਆਂ ਹੀ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਤੇ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮਰਹੂਮ ਪ੍ਰਧਾਨ ਮਹਿੰਦਰ ਸਿੰਘ ਰੁਮਾਣਾ ਦੀ ਬੇਵਕਤੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਪ੍ਰਧਾਨ ਦੇ ਅਹੁਦੇ ਤੋਂ ਇਲਾਵਾ ਬਾਕੀ ਅਹੁਦਿਆਂ ਵਾਸਤੇ ਵਿਰੋਧੀ ਧਿਰ ਵੱਲੋਂ ਕੋਈ ਵੀ ਉਮੀਦਵਾਰ ਪੇਸ਼ ਨਹੀਂ ਕੀਤਾ ਗਿਆ, ਜਿਸ ਕਾਰਨ ਬਾਕੀ ਸਾਰੇ ਅਹੁਦੇਦਾਰ ਬਿਨਾਂ ਵਿਰੋਧ ਚੁਣੇ ਗਏ। ਪ੍ਰਧਾਨ ਐਡਵੋਕੇਟ ਧਾਮੀ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ (ਦਲਿੱਤ), ਜਨਰਲ ਸਕੱਤਰ ਤੋਂ ਇਲਾਵਾ 11 ਅੰਤਰਿੰਗ ਕਮੇਟੀ ਮੈਂਬਰ ਚੁਣੇ ਗਏ। ਸੀਨੀਅਰ ਮੀਤ ਪ੍ਰਧਾਨ ਲਈ ਜੋਗਾ ਹਲਕੇ ਦੇ ਮੈਂਬਰ ਰਘੁਜੀਤ ਸਿੰਘ ਵਿਰਕ ਦਾ ਨਾਂਅ ਪੇਸ਼ ਕੀਤਾ ਗਿਆ, ਜਿਸ ਦੀ ਤਾਈਦ ਰਵਿੰਦਰ ਸਿੰਘ ਖਾਲਸਾ ਤੇ ਮਜੀਦ ਫੁੰਮਣ ਸਿੰਘ ਨੇ ਕੀਤੀ। ਜੂਨੀਅਰ ਮੀਤ ਪ੍ਰਧਾਨ ਲਈ ਬਲਦੇਵ ਸਿੰਘ ਕਲਿਆਣ ਦਾ ਨਾਂਅ ਬਲਜੀਤ ਸਿੰਘ ਜਲਾਲਉਸਮਾ ਨੇ ਪੇਸ਼ ਕੀਤਾ, ਜਦਕਿ ਗੁਰਮੀਤ ਸਿੰਘ ਬੂਹ ਨੇ ਤਾਈਦ ਮਜੀਦ ਕੀਤੀ। ਜਨਰਲ ਸਕੱਤਰ ਲਈ ਸ਼ੇਰ ਸਿੰਘ ਮੰਡ ਦਾ ਨਾਂਅ ਗੁਰਿੰਦਰਪਾਲ ਸਿੰਘ ਗੋਰਾ ਨੇ ਪੇਸ਼ ਕੀਤਾ, ਜਦਕਿ ਰਘਬੀਰ ਸਿੰਘ ਸਹਾਰਨ ਮਾਜਰਾ ਨੇ ਤਾਈਦ ਤੇ ਮਜੀਦ ਕੀਤੀ। 11 ਮੈਂਬਰੀ ਅੰਤਰਿੰਗ ਕਮੇਟੀ ਵਿੱਚ ਬਾਦਲ ਦਲ ਵੱਲੋਂ ਹਰਜਿੰਦਰ ਕੌਰ ਚੰਡੀਗੜ੍ਹ, ਅਮਰੀਕ ਸਿੰਘ ਵਿਛੋਅ, ਸੁਰਜੀਤ ਸਿੰਘ ਤੁਗਲਵਾਲਾ, ਪਰਮਜੀਤ ਸਿੰਘ ਖਾਲਸਾ, ਸੁਰਜੀਤ ਸਿੰਘ ਗੜ੍ਹੀ, ਬਲਦੇਵ ਸਿੰਘ ਕਿਆਮਪੁਰ, ਦਲਜੀਤ ਸਿੰਘ ਭਿੰਡਰ, ਸੁਖਪ੍ਰੀਤ ਸਿੰਘ ਰੋਡੇ, ਰਵਿੰਦਰ ਸਿੰਘ ਅਮਲੋਹ ਅਤੇ ਬੀਬੀ ਜਗੀਰ ਕੌਰ ਧੜੇ ਵੱਲੋਂ ਦੋ ਮੈਂਬਰਾਂ ਜਸਵੰਤ ਸਿੰਘ ਪੁੜੈਣ ਤੇ ਪਰਮਜੀਤ ਸਿੰਘ ਰਾਏ ਨੂੰ ਸ਼ਾਮਲ ਕੀਤਾ ਗਿਆ।
ਬੀਬੀ ਜਗੀਰ ਕੌਰ ਨੇ ਮੈਂਬਰਾਂ ’ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਮੈਂਬਰਾਂ ਦੀ ਜ਼ਮੀਰ ਮਰੀ ਹੋਣ ਦੇ ਨਾਲ-ਨਾਲ ਤੇਰਾਂ-ਤੇਰਾਂ ਸਾਲਾਂ ਤੋਂ ਗੁਰੂ ਦੀ ਗੋਲਕ ਦਾ ਧਾਨ ਖਾ ਕੇ ਮੱਤ ਵੀ ਮਰੀ ਹੋਈ ਹੈ। ਉਨ੍ਹਾ ਦਾ ਵਿਸ਼ਵਾਸ ਇਨ੍ਹਾਂ ਮੈਂਬਰਾਂ ਤੋਂ ਪੂਰੀ ਤਰ੍ਹਾ ਉੱਠ ਚੁੱਕਾ ਹੈ ਤੇ ਇਹ ਮੈਂਬਰ ਅੱਜ ਵੀ ਉਨ੍ਹਾਂ ਲੋਕਾਂ ਨਾਲ ਖੜ੍ਹੇ ਹਨ, ਜਿਹੜੇ ਅਕਾਲ ਤਖਤ ਨਾਲ ਟੱਕਰ ਲੈ ਰਹੇ ਹਨ ਅਤੇ ਤਨਖਾਹੀਏ ਕਰਾਰ ਦਿੱਤੇ ਗਏ ਹਨ। ਇਨ੍ਹਾਂ ਮੈਂਬਰਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਅਕਾਲ ਤਖਤ ਦੇ ਭਗੌੜਿਆਂ ਤੇ ਤਨਖਾਹੀਆਂ ਨਾਲ ਖੜ੍ਹੇ ਹਨ। ਇਹ ਕੌਮ ਦੀ ਤਰਾਸਦੀ ਹੈ, ਪਰ ਉਹ ਕੌਮ ਦੀ ਸੇਵਾ ਆਪਣੇ ਪੱਧਰ ’ਤੇ ਜਾਰੀ ਰੱਖਣਗੇ। ਉਨ੍ਹਾ ਕਿਹਾ ਕਿ ਜੋਕਾਂ ਮਰ ਚੁੱਕੀਆਂ ਤੇ ਗੁਰੂ ਜ਼ਰੂੁਰ ਵੇਖ ਰਿਹਾ ਹੈ। ਇਨ੍ਹਾਂ ਮੈਬਰਾਂ ਤੋਂ ਕੋਈ ਆਸ ਬਾਕੀ ਨਹੀਂ ਬਚੀ ਤੇ ਭਵਿੱਖ ਵਿੱਚ ਜਨਰਲ ਚੋਣਾਂ ਤੋਂ ਬਾਅਦ ਹੀ ਕੋਈ ਆਸ ਬੱਝ ਸਕਦੀ ਹੈ, ਜਦੋਂ ਗੁਰੁੂ ਪੰਥ ਤੇ ਗੁਰੂ ਗ੍ਰੰਥ ਨੂੰ ਸਮਰਪਤ ਮੈਂਬਰ ਚੁਣੇ ਜਾਣਗੇ। ਉਨ੍ਹਾ ਕਿਹਾ ਕਿ ਮੈਂਬਰਾਂ ਦੀ ਖਰੀਦੋ-ਫਰੋਖਤ ਵੱਡੇ ਪੱਧਰ ’ਤੇ ਹੋਈ ਹੈ ਤੇ ਬਾਦਲਕੇ ਇਸ ਕੰਮ ਵਿੱਚ ਵਿਸ਼ੇਸ਼ ਮੁਹਾਰਤ ਰੱਖਦੇ ਹਨ। ਬੀਬੀ ਜਗੀਰ ਕੌਰ ਦੇ ਐਤਵਾਰ ਰਾਤ ਖਾਣੇ ’ਤੇ ਇਕੱਠੇ ਹੋਏ ਮੈਂਬਰਾਂ ਦੀ ਗਿਣਤੀ ਚਾਲੀ ਸੀ, ਸੱਤ ਉਹਨਾਂ ਵਿੱਚੋਂ ਵੀ ਗਾਇਬ ਹੋ ਗਏ।
ਐਡਵੋਕੇਟ ਧਾਮੀ ਨੇ ਕਿਹਾ ਕਿ ਸਰਕਾਰਾਂ ਵੱਲੋਂ ਸਰਾਵਾਂ ’ਚ ਠਹਿਰੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਲਾਲਚ ਦੇਣ ਅਤੇ ਧਮਕਾਉਣ ਦੇ ਯਤਨ ਕੀਤੇ ਗਏ ਪਰ ਇਹ ਯਤਨ ਫਿਰ ਵੀ ਕਾਮਯਾਬ ਨਾ ਹੋਏ, ਜਿਸ ਦਾ ਨਤੀਜਾ ਅੱਜ ਉਨ੍ਹਾ ਦੀ ਵੱਡੀ ਜਿੱਤ ਹੈ। ਉਨ੍ਹਾ ਕਿਹਾ ਕਿ ਉਹ ਸਾਰੇ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾ ’ਤੇ ਵਿਸ਼ਵਾਸ ਪ੍ਰਗਟਾਇਆ ਹੈ ਅਤੇ ਉਨ੍ਹਾ ਨੂੰ ਚੌਥੀ ਵਾਰ ਬਹੁਮਤ ਦੇ ਕੇ ਪ੍ਰਧਾਨ ਚੁਣਿਆ ਹੈ। ਬੀਬੀ ਜਗੀਰ ਕੌਰ ਦੇ ਮੈਂਬਰਾਂ ਦੀ ਜ਼ਮੀਰ ਮਰਨ ਦੇ ਬਿਆਨ ’ਤੇ ਉਨ੍ਹਾ ਕਿਹਾ ਕਿ ਮੈਂਬਰਾਂ ਦੀ ਜ਼ਮੀਰ ਜਾਗਦੀ ਹੈ। ਮੈਂਬਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਹਨ। ਜਾਗਦੀ ਜ਼ਮੀਰ ਵਾਲਿਆਂ ਨੇ ਉਨ੍ਹਾ ਨੂੰ ਵੋਟ ਦੇ ਕੇ ਮੁੜ ਵੱਡੀ ਜਿੱਤ ਦਿੱਤੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬੀਬੀ ਜਗੀਰ ਕੌਰ ਨੇ ਜੋ ਮੈਂਬਰਾਂ ਦੀ ਜ਼ਮੀਰ ਮਰ ਚੁੱਕੇ ਹੋਣ ਦਾ ਬਿਆਨ ਦਿੱਤਾ ਹੈ, ਉਨ੍ਹਾ ਨੂੰ ਆਪਣੇ ਸ਼ਬਦ ਵਾਪਸ ਲੈਣੇ ਚਾਹੀਦੇ ਹਨ। ਉਨ੍ਹਾ ਕਿਹਾ ਕਿ ਮੈਂਬਰਾਂ ਦੀ ਜ਼ਮੀਰ ਅੱਜ ਵੀ ਜਾਗਦੀ ਹੈ, ਉਹ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਹਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ। ਸੁਖਬੀਰ ਸਿੰਘ ਬਾਦਲ ਦੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਚਲਦੇ ਮਾਮਲੇ ਸੰਬੰਧੀ ਉਨ੍ਹਾ ਕਿਹਾਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਸਿੰਘ ਸਾਹਿਬਾਨ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਮਾਮਲੇ ਸੰਬੰਧੀ ਜਲਦ ਆਪਣਾ ਫੈਸਲਾ ਦੇਣ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਦੇ ਨਾਲ ਲੋਕਾਂ ਦੇ ਮਸਲਿਆਂ ਨੂੰ ਲੈ ਕੇ ਹੱਲ ਕਰਵਾਉਣ ਲਈ ਅਗਾਂਹ ਵਧੇ। ਡਾ. ਚੀਮਾ ਨੇ ਕਿਹਾ ਕਿ ਪਿਛਲੀ ਵਾਰ ਬੀਬੀ ਜਗੀਰ ਕੌਰ ਨੂੰ 42 ਵੋਟਾਂ ਹਾਸਲ ਹੋਈਆਂ ਸਨ ਜਦਕਿ ਹਰਜਿੰਦਰ ਸਿੰਘ ਧਾਮੀ ਨੂੰ 102 ਵੋਟਾਂ ਹਾਸਲ ਹੋਈਆਂ ਸਨ। ਇਸ ਵਾਰ ਬੀਬੀ ਦੀਆਂ ਵੋਟਾਂ ਘਟ ਕੇ 33 ਰਹਿ ਗਈਆਂ ਹਨ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀਆਂ ਵੋਟਾਂ 107 ਹੋ ਗਈਆਂ ਹਨ। ਇਸ ਨਤੀਜੇ ਤੋਂ ਬਾਅਦ ਬੀਬੀ ਜਗੀਰ ਕੌਰ ਨੂੰ ਇਹ ਸੋਚ ਲੈਣਾ ਚਾਹੀਦਾ ਹੈ ਕਿ ਵਿਰੋਧੀ ਬਣ ਕੇ ਸਰਕਾਰਾਂ ਦੇ ਹੱਥ ਠੋਕੇ ਨਹੀਂ ਬਣਨਾ ਚਾਹੀਦਾ।
ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਐਡਵੋਕੇਟ ਧਾਮੀ ਦੀ ਜਿੱਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਥ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਟਾਨ ਵਾਂਗ ਖੜ੍ਹਾ ਹੈ। ਉਨ੍ਹਾ ਕਿਹਾ ਕਿ ਬਹੁਤ ਸਾਰੇ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ’ਤੇ ਲਗਾਏ ਗਏ ਜਦਕਿ ਉਹ ਇਲਜ਼ਾਮ ਹੀ ਰਹਿ ਗਏ। ਨਤੀਜਿਆਂ ਨੇ ਬੀਬੀ ਜਗੀਰ ਕੌਰ ਤੇ ਉਨ੍ਹਾ ਦੇ ਸਾਥੀਆਂ ਨੂੰ ਸੋਚਣ ਲਈ ਫਿਰ ਮਜਬੂਰ ਕਰ ਦਿੱਤਾ ਹੈ।
ਐਡਵੋਕੇਟ ਧਾਮੀ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਥ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਤਖਤਾਂ ਦੇ ਜਥੇਦਾਰਾਂ ਦੀਆਂ ਤਾਕਤਾਂ ਨੂੰ ਬਰੇਕਾਂ ਲਗਾਉਦਿਆਂ ਕਿਹਾ ਕਿ ਅਕਾਲ ਤਖਤ ਤੋਂ ਹੋਣ ਵਾਲੇ ਫੈਸਲਿਆਂ ਲਈ ਇੱਕ ਸਲਾਹਕਾਰ ਬੋਰਡ ਬਣਾਇਆ ਜਾਵੇਗਾ, ਜਿਸ ਨੂੰ ਬਣਾਉਣ ਦੇ ਅਧਿਕਾਰ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਦਿੱਤੇ ਗਏ ਹਨ। ਸਲਾਹਕਾਰ ਬੋਰਡ ਮਸਲਿਆਂ ਸੰਬੰਧੀ ਆਪਣੀ ਰਾਏ ਪੇਸ਼ ਕਰੇਗਾ ਅਤੇ ਅੰਤਮ ਫੈਸਲਾ ਸਿੰਘ ਸਾਹਿਬਾਨ ਦਾ ਹੋਵੇਗਾ। ਸਲਾਹਕਾਰ ਬੋਰਡ ਬਣਨ ਦੇ ਬਾਅਦ ਤਨਖਾਹੀਆ ਸੁਖਬੀਰ ਸਿੰਘ ਬਾਦਲ ਨੂੰ ਹੁਣ ਜਥੇਦਾਰ ਆਪਣੇ ਵਿਵੇਕ ਨਾਲ ਕੋਈ ਤਨਖਾਹ ਨਹੀਂ ਲਗਾ ਸਕਣਗੇ, ਜਦਕਿ ਸੰਗਤਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਉਹ ਬੱਜਰ ਗੁਨਾਹ ਕੀਤੇ ਹਨ, ਜਿਹੜੇ ਮੁਗਲ ਵੀ ਨਹੀਂ ਕਰ ਸਕੇ ਸਨ, ਇਸ ਲਈ ਉਸ ਨੂੰ ਸਿਆਸੀ ਤਨਖਾਹ ਲਗਾਈ ਜਾਵੇ। ਹੋ ਸਕਦਾ ਹੈ ਇਸ ਬੋਰਡ ਦਾ ਇਕ ਮੈਂਬਰ ਵਿਰਸਾ ਸਿੰਘ ਵਲਟੋਹਾ ਵੀ ਹੋਵੇ। ਬੋਰਡ ਬਣਾ ਕੇ ਹਾਊਸ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਬਾਹਰ ਦਾ ਰਸਤਾ ਵਿਖਾਏ ਜਾਣ ਦਾ ਰਾਹ ਪੱਧਰਾ ਕਰ ਦਿੱਤਾ ਹੈ ਤੇ ਭਵਿੱਖ ਵਿੱਚ ਕਿਸੇ ਦਲਿਤ ਨੂੰ ਜਥੇਦਾਰ ਲਗਾਉਣ ਦਾ ਰਾਹ ਹਾਲ ਦੀ ਘੜੀ ਬੰਦ ਕਰ ਦਿੱਤਾ ਗਿਆ ਹੈ।
ਜਨਰਲ ਹਾਊਸ ਦਾ ਕੋਰਮ ਸਿਰਫ 31 ਮੈਂਬਰਾਂ ਦਾ ਹੁੰਦਾ ਹੈ, ਜਦਕਿ ਅੰਤਰਿੰਗ ਕਮੇਟੀ ਦਾ ਕੋਰਮ ਸਿਰਫ ਪ੍ਰਧਾਨ ਸਮੇਤ ਪੰਜ ਮੈਂਬਰਾਂ ਦਾ ਹੁੰਦਾ ਹੈ। 1999 ਵਿੱਚ ਬਾਦਲ-ਟੌਹੜਾ ਦੀ ਲੜਾਈ ਸਮੇਂ ਜਦੋਂ ਭਾਈ ਰਣਜੀਤ ਸਿੰਘ ਨੂੰ ਜਥੇਦਾਰ ਅਕਾਲ ਤਖਤ ਦੇ ਅਹੁਦੇ ਤੋਂ ਫਾਰਗ ਕੀਤਾ ਸੀ ਤਾਂ ਉਸ ਸਮੇਂ ਸਿੱਖ ਗੁਰਦੁਆਰਾ ਜੁਡੀਸ਼ੀਅਲ਼ ਕਮਿਸ਼ਨ ਦਾ ਸਹਾਰਾ ਲੈਣਾ ਪਿਆ ਸੀ, ਜਦਕਿ ਪੰਥਕ ਰਵਾਇਤਾਂ ਅਨੁਸਾਰ ਕਿਸੇ ਵੀ ਅਦਾਲਤ ਜਾਂ ਕਮਿਸ਼ਨ ਦਾ ਫੈਸਲਾ ਜਥੇਦਾਰਾਂ ’ਤੇ ਲਾਗੂ ਨਹੀ ਹੁੰਦਾ, ਪਰ ਬਾਦਲ ਦਲ ਨੇ ਅਦਾਲਤ ਦਾ ਸਹਾਰਾ ਲੈ ਕੇ ਹੀ ਜਥੇਦਾਰ ਅਕਾਲ ਤਖਤ ਨੂੰ ਫਾਰਗ ਕੀਤਾ ਸੀ, ਜਿਸ ਦਾ ਪੰਥਕ ਸਫਾਂ ਵਿੱਚ ਕਾਫੀ ਰੋਸ ਪਾਇਆ ਗਿਆ ਸੀ। ਇਸ ਦੇ ਨਾਲ ਹੀ ਕੁਲਵੰਤ ਸਿੰਘ ਮੰਨਣ ਨੂੰ ਮੈਂਬਰ ਮੁੱਖ ਸਕੱਤਰ ਲਗਾਇਆ ਗਿਆ ਹੈ। ਮੰਨਣ ਦੂਸਰੇ ਮੈਂਬਰ ਮੁੱਖ ਸਕੱਤਰ ਹੋਣਗੇ, ਜਦਕਿ ਹਰਜਿੰਦਰ ਸਿੰਘ ਧਾਮੀ ਨੂੰ 2020 ਵਿੱਚ ਮੈਂਬਰ ਮੁੱਖ ਸਕੱਤਰ ਲਗਾਇਆ ਗਿਆ ਸੀ। ਗੁਰਦੁਆਰਾ
ਐਕਟ ਵਿੱਚ ਮੁੱਖ ਸਕੱਤਰ ਦਾ ਕੋਈ ਵੀ ਅਹੁਦਾ ਨਹੀਂ ਹੈ ਪਰ ਮੌਜੂਦਾ ਪ੍ਰਬੰਧਕਾਂ ਨੇ ਇਹ ਅਹੁਦਾ ਆਪ ਹੀ ਪੈਦਾ ਕੀਤਾ ਹੈ। ਧਾਮੀ ਮੁੱਖ ਸਕੱਤਰ ਤੋਂ ਬਾਅਦ ਪ੍ਰਧਾਨ ਬਣ ਗਏ ਸਨ। ਉਮੀਦ ਹੈ ਕਿ 2025 ਵਿੱਚ ਜੇ ਜਨਰਲ ਚੋਣਾਂ ਨਾ ਹੋਈਆਂ ਤਾਂ ਮੰਨਣ ਸਾਹਿਬ ਦੀ ਵੀ ਲਾਟਰੀ ਖੁੱਲ੍ਹ ਸਕਦੀ ਹੈ।