ਅੰਮਿ੍ਰਤਸਰ : ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਧਾਰਮਿਕ ਸਜ਼ਾ ਦਿੱਤੀ ਗਈ ਹੈ। ਇਸ ਤੋਂ ਬਾਅਦ ਮੰਗਲਵਾਰ ਉਹ ਗਲੇ ’ਚ ਤਖ਼ਤੀ ਲਟਕਾਈ ਵ੍ਹੀਲਚੇਅਰ ’ਤੇ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਇਸ ਸਜ਼ਾ ਦੇ ਤਹਿਤ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਹਰਿਮੰਦਰ ਸਾਹਿਬ ’ਚ ‘ਸੇਵਾਦਾਰ’ ਦੇ ਰੂਪ ’ਚ ਕੰਮ ਕਰਨਾ ਹੋਵੇਗਾ ਅਤੇ ਦਰਵਾਜ਼ੇ ’ਤੇ ਡਿਊਟੀ ਦੇਣੀ ਹੋਵੇਗੀ ਅਤੇ ਲੰਗਰ ਦੀ ਸੇਵਾ ਕਰਨੀ ਹੋਵੇਗੀ। ਅਕਾਲ ਤਖ਼ਤ ਨੇ 2007 ਤੋਂ 2017 ਤੱਕ ਪੰਜਾਬ ’ਚ ਸ਼ੋ੍ਰਮਣੀ ਅਕਾਲੀ ਅਤੇ ਉਸ ਦੀ ਸਰਕਾਰ ਵੱਲੋਂ ਕੀਤੀਆਂ ਗਈਆਂ ਗਲਤੀਆਂ ਦਾ ਹਵਾਲਾ ਦਿੰਦੇ ਹੋਏ ਉਨ੍ਹਾ ਨੂੰ ਇਹ ਸਜ਼ਾ ਸੁਣਾਈ ਹੈ। ਸੁਖਬੀਰ ਸਿੰਘ ਬਾਦਲ ਦੇ ਪੈਰ ’ਚ ਸੱਟ ਲੱਗੀ ਹੈ, ਇਸ ਦੇ ਚਲਦੇ 3 ਦਸੰਬਰ ਤੋਂ 2 ਦਿਨ ਲਈ ਉਹ ਸ੍ਰੀ ਦਰਬਾਰ ਸਾਹਿਬ ਦੇ ਘੰਟਾਘਰ ਦੇ ਬਾਹਰ ਡਿਊਟੀ ਕਰਨਗੇ।
ਸੁਖਬੀਰ ਸਿੰਘ ਬਾਦਲ ਦੇ ਗਲੇ ’ਚ ਜੋ ਤਖ਼ਤੀ ਦਿਖਾਈ ਦੇ ਰਹੀ ਹੈ ਉਹ ਇਸ ਸਜ਼ਾ ਦੌਰਾਨ ਅਕਾਲ ਤਖ਼ਤ ਵੱਲੋਂ ਪਹਿਨਾਈ ਗਈ ਮੁਆਫ਼ੀ ਦੀ ਤਖ਼ਤੀ ਹੈ ਅਤੇ ਨਾਲ ਹੀ ਉਨ੍ਹਾ ਦੇ ਹੱਥ ’ਚ ਬਰਛਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਦੀ ਇਹ ਸਜ਼ਾ ਮੰਗਲਵਾਰ ਸ਼ੁਰੂ ਹੋ ਗਈ ਹੈ ਅਤੇ ਉਹ ਇਹ ਸਜ਼ਾ ਅਗਲੇ ਦੋ ਦਿਨ ਤੱਕ ਇੱਥੇ ਹੀ ਭੁਗਤਣਗੇ। ਸੁਖਦੇਵ ਸਿੰਘ ਢੀਂਡਸਾ ਵੀ ਮੰਗਲਵਾਰ ਸਜ਼ਾ ਕੱਟਣ ਲਈ ਪਹੁੰਚੇ। ਉਨ੍ਹਾ ਦੇ ਵੀ ਗਲ ’ਚ ਤਖ਼ਤੀ ਅਤੇ ਹੱਥ ’ਚ ਬਰਛਾ ਨਜ਼ਰ ਆਇਆ। ਉਨ੍ਹਾ ਸਜ਼ਾ ਕੱਟਣ ਨੂੰ ਲੈ ਕੇ ਕਿਹਾ, ਜੋ ਸੇਵਾ ਲਈ ਹੁਕਮ ਹੋਇਆ ਹੈ, ਉਹ ਮੇਰੇ ਲਈ ਪ੍ਰਮਾਤਮਾ ਦਾ ਹੁਕਮ ਹੈ। ਆਪਣੀ ਸਜ਼ਾ ਦੀ ਗੱਲ ਕਰਦੇ ਹੋਏ ਉਨ੍ਹਾ ਕਿਹਾ, ਅਸੀਂ ਪਹਿਲੇ ਗੇਟ ’ਤੇ ਰੁਕਾਂਗੇ, ਉਸ ਤੋਂ ਬਾਅਦ ਲੰਗਰ ਦੀ ਸੇਵਾ ਕਰਾਂਗੇ। ਪਹਿਲੇ ਦੋ ਦਿਨ ਸ੍ਰੀ ਦਰਬਾਰ ਸਾਹਿਬ ’ਚ ਸੇਵਾਦਾਰ ਦੀ ਡਿਊਟੀ ਕਰਨਗੇ। ਇਸ ਤੋਂ ਬਾਅਦ 2 ਦਿਨ ਸ੍ਰੀ ਕੇਸਗੜ੍ਹ ਸਾਹਿਬ, ਫਿਰ ਦੋ ਦਿਨ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, 2 ਦਿਨ ਸ੍ਰੀ ਮੁਕਤਸਰ ਸਾਹਿਬ ਅਤੇ 2 ਦਿਨ ਸ੍ਰੀ ਫਤਿਹਗੜ੍ਹ ਸਾਹਿਬ ’ਚ ਗਲੇ ਵਿੱਚ ਤਖ਼ਤੀ ਲਟਕਾ ਕੇ ਅਤੇ ਹੱਥ ’ਚ ਬਰਛਾਂ ਲੈ ਕੇ ਸਜ਼ਾ ਕੱਟਣਗੇ।





