ਸੰਯੁਕਤ ਰਾਸ਼ਟਰ : ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦੇ ਭਰਾ ਅਤੇ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਦੇ ਨੰਬਰ ਦੋ ਅਬਦੁਲ ਰਊਫ ਅਜ਼ਹਰ ਨੂੰ ਬਲੈਕਲਿਸਟ ਕਰਨ ਲਈ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਅਤੇ ਭਾਰਤ ਵੱਲੋਂ ਪੇਸ਼ ਮਤੇ ‘ਤੇ ਚੀਨ ਨੇ ਇਕ ਵਾਰ ਫਿਰ ਰੋਕ ਲਗਾ ਦਿੱਤੀ ਹੈ | ਚੀਨ ਨੇ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ‘ਚ ਦੂਜੀ ਵਾਰ ਅਜਿਹਾ ਕਦਮ ਚੁੱਕਿਆ ਹੈ | ਸੰਯੁਕਤ ਰਾਸ਼ਟਰ ‘ਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਚੀਨ ਦੀ ਪ੍ਰਧਾਨਗੀ ‘ਚ ਸੁਰੱਖਿਆ ਪ੍ਰੀਸ਼ਦ ਦੀ ਬੈਠਕ ‘ਚ ਕਿਹਾ ਕਿ ਬਿਨਾਂ ਕੋਈ ਜਾਇਜ਼ ਕਾਰਨ ਦੱਸੇ ਅੱਤਵਾਦੀਆਂ ਨੂੰ ਕਾਲੀ ਸੂਚੀ ਵਿਚ ਪਾਉਣ ਦੀ ਬੇਨਤੀ ‘ਤੇ ਰੋਕ ਲਾਉਣ ਦੇ ਅਮਲ ਨੂੰ ਰੋਕਣਾ ਚਾਹੀਦਾ ਹੈ | ਉਨ੍ਹਾ ਕਿਹਾ ਕਿ ਕਿਸੇ ‘ਤੇ ਪਾਬੰਦੀ ਲਗਾਉਣ ਦੀ ਕਾਰਵਾਈ ਦੀ ਭਰੋਸੇਯੋਗਤਾ ਹਾਲ ਦੀ ਘੜੀ ਸਭ ਤੋਂ ਹੇਠਲੇ ਪੱਧਰ ‘ਤੇ ਹੈ |
1974 ‘ਚ ਪਾਕਿਸਤਾਨ ‘ਚ ਜਨਮੇ ਅਬਦੁਲ ਰਊਫ ਅਜ਼ਹਰ ‘ਤੇ ਅਮਰੀਕਾ ਨੇ ਦਸੰਬਰ 2010 ‘ਚ ਪਾਬੰਦੀ ਲਗਾ ਦਿੱਤੀ ਸੀ | ਉਹ 1999 ਵਿਚ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਆਈ ਸੀ-814 ਨੂੰ ਅਗਵਾ ਕਰਨ ਦਾ ਮੁੱਖ ਸਾਜ਼ਿਸ਼ਘਾੜਾ ਸੀ, ਜਿਸ ਦੇ ਬਦਲੇ ਵਿਚ ਉਸ ਦੇ ਭਰਾ ਮਸੂਦ ਅਜ਼ਹਰ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ |