ਅਕਾਲੀ-ਕਾਂਗਰਸੀ ਭਾਈ-ਭਾਈ

0
97

ਪੰਜਾਬ ’ਵਰਸਿਟੀ ਸੈਨੇਟ ਦੀਆਂ ਚੋਣਾਂ ਨਾ ਕਰਾਉਣ ਖਿਲਾਫ ਸਾਂਝਾ ਧਰਨਾ

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਨਾ ਕਰਵਾਉਣ ’ਤੇ ਵੀਰਵਾਰ ਇੱਥੇ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਕਾਂਗਰਸ ਨੇ ਮਿਲ ਕੇ ਪ੍ਰੋਟੈੱਸਟ ਕੀਤਾ ਅਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
‘ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ’ ਵੱਲੋਂ ਕੇਂਦਰ ਸਰਕਾਰ ਖਿਲਾਫ ਰੋਸ ਧਰਨੇ ’ਚ ਅਕਾਲੀ ਦਲ ਅਤੇ ਕਾਂਗਰਸ ਦੇ ਸੀਨੀਅਰ ਆਗੂਆਂ ਸਮੇਤ ਵੱਡੀ ਗਿਣਤੀ ’ਚ ਵਰਕਰ ਸ਼ਾਮਲ ਹੋਏ। ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਡਾ. ਦਲਜੀਤ ਸਿੰਘ ਚੀਮਾ ਅਤੇ ਕਾਂਗਰਸ ਵੱਲੋਂ ਪ੍ਰਤਾਪ ਸਿੰਘ ਬਾਜਵਾ, ਪ੍ਰਗਟ ਸਿੰਘ ਤੇ ਸੁਖਪਾਲ ਖਹਿਰਾ ਸਮੇਤ ਕਈ ਵੱਡੇ ਆਗੂ ਹਾਜ਼ਰ ਸਨ।
ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਖੁਦਮੁਖਤਿਆਰੀ ਨੂੰ ਖੋਰਾ ਲਾਇਆ ਜਾ ਰਿਹਾ ਹੈ। ਪੰਜਾਬ ਦੀਆਂ ਵਿਰੋਧੀ ਧਿਰਾਂ ਕੇਂਦਰ ਸਰਕਾਰ ਦੀ ਇਸ ਧੱਕੇਸ਼ਾਹੀ ਨੂੰ ਕਾਮਯਾਬ ਨਹੀਂ ਹੋਣ ਦੇਣਗੀਆਂ। ਅਸੀਂ ਸੈਨੇਟ ਚੋਣਾਂ ਲਈ ਇੱਕ ਫੌਰੀ ਸਮਾਂ-ਸੀਮਾ ਤੈਅ ਕਰਨ, ਫੀਸਾਂ ’ਚ ਵਾਧੇ ਨੂੰ ਵਾਪਸ ਲੈਣ ਅਤੇ ਆਪਣੀ ਯੂਨੀਵਰਸਿਟੀ ਦੀ ਖੁਦਮੁਖਤਿਆਰੀ ਨੂੰ ਸੁਰੱਖਿਅਤ ਰੱਖਣ ਦੀ ਮੰਗ ਕਰਦੇ ਹਾਂ। ਪੰਜਾਬ ਦੀ ਆਵਾਜ਼ ਨੂੰ ਸ਼ਾਂਤ ਨਹੀਂ ਕਰਨ ਦਿੱਤਾ ਜਾਵੇਗਾ। ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਖਤਮ ਕਰਨ ਦੀ ਕੇਂਦਰ ਸਰਕਾਰ ਦੀ ਤਜਵੀਜ਼ ਵਾਪਸ ਲੈਣ ਅਤੇ ਸੈਨੇਟ ਚੋਣਾਂ ਤੁਰੰਤ ਕਰਵਾਉਣ ਦੀ ਮੰਗ ਕੀਤੀ। ਉਨ੍ਹਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਇਸ ਮਾੜੇ ਮਨਸੂਬੇ ਨੂੰ ਵਾਪਸ ਲੈਣ, ਜੋ ਪੰਜਾਬ ਪੁਨਰਗਠਨ ਐਕਟ 1966 ਦੀ ਭਾਵਨਾ ਦੇ ਖਿਲਾਫ ਹੈ। ਉਨ੍ਹਾ ਕਿਹਾ ਕਿ ਐਕਟ ਮੁਤਾਬਕ ਪੀ ਯੂ ਇਕ ਇੰਟਰ ਸਟੇਟ ਬਾਡੀ ਕਾਰਪੋਰੇਟ ਹੈ ਤੇ ਇਸ ਦੀ ਸੈਨੇਟ ਨਾਲ ਕੋਈ ਵੀ ਛੇੜਛਾੜ ਉਕਤ ਐਕਟ ਦੀ ਉਲੰਘਣਾ ਮੰਨੀ ਜਾਵੇਗੀ ਅਤੇ ਇਹ ਪੰਜਾਬ ਤੇ ਪੰਜਾਬੀਆਂ ਨਾਲ ਇਕ ਹੋਰ ਗੰਭੀਰ ਅਨਿਆਂ ਹੋਵੇਗਾ।