ਸ਼ਾਹਕੋਟ (ਗਿਆਨ ਸੈਦਪੁਰੀ)-ਦੇਸ਼ ਭਗਤ ਯਾਦਗਾਰ ਹਾਲ ਵਿਖੇ ਗ਼ਦਰੀ ਬਾਬਿਆਂ ਦੇ ਤੇਤੀਵੇਂ ਮੇਲੇ ਵਿੱਚ ਝੰਡਾ ਲਹਿਰਾਉਣ ਦੀ ਮਾਣਮੱਤੀ ਰਸਮ ਨਿਭਾਉਣ ਦਾ ਕਾਰਜ ਇਸ ਵਾਰ ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਕੌਂਸਲ ਦੇ ਮੈਂਬਰ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਦੇ ਹਿੱਸੇ ਆਇਆ।ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਉਪਰੰਤ ਕਾਮਰੇਡ ਅਰਸ਼ੀ ਨੇ ਹਜ਼ਾਰਾਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗ਼ਦਰ ਪਾਰਟੀ ਵੱਲੋਂ ਲੋਕ ਮਨਾਂ ਅੰਦਰ ਮਘਾਈ ਗਈ ਇਨਕਲਾਬੀ ਚਿਣਗ ਕਦੇ ਵੀ ਬੁਝੇਗੀ ਨਹੀਂ, ਸਗੋਂ ਇਸ ਦੀ ਰੌਸ਼ਨੀ ਦਾ ਜਲੌਅ ਹੋਰ ਲਿਸ਼ਕਾਵਾਂ ਤੇ ਫੈਲਾਅ ਵਾਲਾ ਹੋ ਰਿਹਾ ਹੈ। ਗ਼ਦਰ ਦੀ ਰੋਸ਼ਨ ਮਸ਼ਾਲ ਕਾਰਪੋਰੇਟਾਂ ਵਿਰੁੱਧ ਦਿ੍ਰੜ੍ਹਤਾ ਨਾਲ ਲੜਨ ਵਾਲੇ ਲੋਕਾਂ ਦੀ ਅਗਵਾਈ ਕਰਦੀ ਹੈ। ਕਾਮਰੇਡ ਅਰਸ਼ੀ ਨੇ ਗ਼ਦਰ ਪਾਰਟੀ ਦੇ 111 ਸਾਲ ਪੁਰਾਣੇ ਇਤਿਹਾਸ ’ਤੇ ਪੰਛੀ-ਝਾਤ ਪਵਾਉਦਿਆਂ ਕਿਹਾ ਕਿ ਲੁਟੇਰੇ ਨਿਜ਼ਾਮ ਵੱਲੋਂ ਇਸ ਨੂੰ ਖਤਮ ਕਰਨ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਬਾਬਾ ਸੋਹਣ ਸਿੰਘ ਭਕਨਾ ਵਰਗੇ ਮਹਾਨ ਸਪੂਤਾਂ ਨੇ ਇਸ ਨੂੰ ਲਿਖਿਆ ਤੇ ਸਾਂਭਿਆ ਵੀ। ਉਨ੍ਹਾਂ ਕਿਹਾ ਕਿ ਜ਼ੋਰਾਵਰਾਂ ਵੱਲੋਂ ਆਪਣੇ ਅਸੀਮ ਸਾਧਨਾਂ ਨਾਲ ਆਪਣੇ ਇਤਿਹਾਸ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਰਹੀ ਹੈ। ਉਨ੍ਹਾਂ ਵੱਲੋਂ ਦੂਸਰਿਆਂ ਨੂੰ ਪਿੱਛੇ ਧੱਕਣ ਦੀ ਕੋਸ਼ਿਸ਼ ਰਹਿੰਦੀ ਹੈ। ਇਹੀ ਕੁਝ ਗ਼ਦਰੀ ਬਾਬਿਆਂ ਦੇ ਇਤਿਹਾਸ ਦੇ ਸੰਬੰਧ ਵਿੱਚ ਵੀ ਹੋਇਆ। ਇਸ ਇਤਿਹਾਸ ਨੂੰ ਪਾਠ ਪੁਸਤਕਾਂ ਦਾ ਹਿੱਸਾ ਨਹੀਂ ਬਣਨ ਦਿੱਤਾ ਗਿਆ। ਅੱਜ ਦੇ ਦਿਨ ਉਨ੍ਹਾਂ ਮਹਾਨ ਕਰਮ ਯੋਗੀਆਂ ਨੂੰ ਸਿਜਦਾ ਕਰਨਾ ਬਣਦਾ ਹੈ, ਜਿਨ੍ਹਾਂ ਨੇ ਇਤਿਹਾਸ ਸਿਰਜਿਆ, ਲਿਖਿਆ ਤੇ ਇਸ ਦੀ ਸੰਭਾਲ ਕੀਤੀ।ਕਾਮਰੇਡ ਅਰਸ਼ੀ ਨੇ ਆਜ਼ਾਦੀ ਲਈ ਚੱਲੀਆਂ ਵੱਖ ਵੱਖ ਲੋਕ ਲਹਿਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਿੰਸਕ ਤੇ ਅਹਿੰਸਕ ਦੋਵਾਂ ਦਾ ਆਪੋ ਆਪਣਾ ਮਹੱਤਵ ਹੁੰਦਾ ਹੈ। ਇਹ ਇੱਕ ਦੂਸਰੇ ਦੀਆਂ ਪੂਰਕ ਵੀ ਹੁੰਦੀਆਂ ਹਨ। ਦੋਵਾਂ ਵਿੱਚੋਂ ਇੱਕ ਨੂੰ ਵਧਾ ਕੇ ਪੇਸ਼ ਕਰਨਾ ਦੂਜੀ ਨਾਲ ਬੇਇਨਸਾਫ਼ੀ ਹੋਵੇਗੀ। ਉਨ੍ਹਾ ਸਿੱਖ ਇਤਿਹਾਸ ਵਿੱਚੋਂ ਮਿਸਾਲਾਂ ਦਿੰਦਿਆਂ ਕਿਹਾ ਕਿ ਗੁਰੂ ਤੇਗ਼ ਬਹਾਦਰ ਦੇ ਸੀਸ ਕਟਾਉਣ ਦੀ ਸ਼ਾਂਤਮਈ ਘਟਨਾ ਸਾਡੇ ਸਾਹਮਣੇ ਹੈ। ਇਸ ਤੋਂ ਇਲਾਵਾ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਸਬਰ ਸੰਤੋਖ ਤੇ ਅਹਿੰਸਾ ਤੋਂ ਵੱਡੀ ਮਿਸਾਲ ਕੀ ਹੋ ਸਕਦੀ ਹੈ। ਇਸ ਮੋਰਚੇ ਵਿੱਚ ਸ਼ਾਂਤ ਰਹਿੰਦਿਆਂ ਸੈਂਕੜੇ ਸਿੱਖਾਂ ਨੇ ਸ਼ਹਾਦਤਾਂ ਦਾ ਜਾਮ ਪੀਤਾ। ਦੂਸਰੇ ਪਾਸੇ ਚਮਕੌਰ ਦੀ ਗੜ੍ਹੀ ਦਾ ਇਤਿਹਾਸ ਵੀ ਸਾਡੇ ਚੇਤਿਆਂ ’ਚ ਸ਼ਾਮਲ ਹੈ। ਉਨ੍ਹਾ ‘ਜਦ ਧਿਰ ਉਪਾਵਾਂ ਦੀ ਹਾਰਦੀ ਤਾਂ ਜਾਇਜ਼ ਵਰਤੋਂ ਤਲਵਾਰ ਦੀ’ ਦੀ ਉਦਾਹਰਨ ਦਿੰਦਿਆਂ ਮਹਾਤਮਾ ਗਾਂਧੀ ਵੱਲੋਂ 1930 ਵਿੱਚ ਚਲਾਏ ਗਏ ਨਮਕ ਅੰਦੋਲਨ ਦਾ ਜ਼ਿਕਰ ਕੀਤਾ। ਉਨ੍ਹਾ ਕਿਹਾ ਕਿ ਜਦੋਂ ਮਹਾਤਮਾ ਗਾਂਧੀ ਵੱਲੋਂ ਚਲਾਏ ਜਾ ਰਹੇ ਆਤਮਰਸ ਅੰਦੋਲਨ ਦਾ ਮੌਕੇ ਦੀ ਅੰਗਰੇਜ਼ ਸਰਕਾਰ ਜਾਂ ਵਾਇਸਰਾਏ ਨੇ ਕੋਈ ਨੋਟਿਸ ਨਾ ਲਿਆ ਤਾਂ ਇਸ ਅੰਦੋਲਨ ਦੀ ਸਫਲਤਾ ’ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਸੀ। ਉਸ ਵੇਲੇ ਮੋਤੀ ਲਾਲ ਨਹਿਰੂ ਜੇਲ੍ਹ ਵਿੱਚ ਬੰਦ ਸਨ। ਉਨ੍ਹਾ ਨੇ ਆਨੇ ਬਹਾਨੇ ਆਪਣੀ ਰਿਹਾਈ ਕਰਵਾਈ। ਜੇਲ੍ਹ ਤੋਂ ਬਹਾਰ ਆ ਕੇ ਉਨ੍ਹਾਂ ਨੇ ਚੰਦਰ ਸ਼ੇਖਰ ਆਜ਼ਾਦ ਨਾਲ ਮੁਲਾਕਾਤ ਕੀਤੀ ਅਤੇ ਨਮਕ ਲਹਿਰ ਨੂੰ ਗਰਮ ਹਵਾ ਦਿੱਤੀ। ਇਸ ਦਾ ਨਤੀਜਾ ਇਹ ਨਿਕਲਿਆ ਕਿ ਅੰਗਰੇਜ਼ ਸਰਕਾਰ ਨੂੰ ਝੁਕ ਕੇ ਗੱਲਬਾਤ ਦਾ ਸੱਦਾ ਦੇਣਾ ਪਿਆ ਸੀ।ਕਾਮਰੇਡ ਅਰਸ਼ੀ ਨੇ ਲਹਿਰਾਂ ਦੇ ਇਤਿਹਾਸ ਨਾਲ ਸਾਂਝ ਪਾਉਦਿਆਂ ਕੂਕਾ ਅਤੇ ਨਾਮਧਾਰੀ ਅੰਦੋਲਨਾਂ ਦਾ ਵੀ ਜ਼ਿਕਰ ਕੀਤਾ।ਉਨ੍ਹਾ ਗ਼ਦਰ ਲਹਿਰ ਵੇਲੇ ਕਾਮਾਗਾਟਾ ਮਾਰੂ ਦੀ ਘਟਨਾ ਨੂੰ ਚੇਤੇ ਕਰਦਿਆਂ ਹਾਕਮਾਂ ਵੱਲੋਂ ਕੀਤੀਆਂ ਜਾਂਦੀਆਂ ਰਹੀਆਂ ਜ਼ਿਆਦਤੀਆਂ ਨੂੰ ਹੋਰ ਵਿਸਥਾਰ ਦਿੰਦਿਆਂ ਕਿਹਾ ਕਿ ਗ਼ਦਰੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਾਨੂੰ ਵੱਖ ਵੱਖ ਪੱਧਰਾਂ ’ਤੇ ਸੰਘਰਸ਼ ਕਰਨ ਦੀ ਲੋੜ ਹੈ। ਝੰਡਾ ਲਹਿਰਾਏ ਜਾਣ ਸਮੇਂ ਇਸ ਦੇ ਸਨਮਾਨ ਵਿੱਚ ਫੁੱਲਾਂ ਦੀ ਵਰਖਾ ਕੀਤੀ ਗਈ।ਇਸ ਮੌਕੇ ਦੇਸ਼ ਭਗਤ ਯਾਦਗਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿਰਥੀਪਾਲ ਸਿੰਘ ਮਾੜੀਮੇਘਾ, ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਿਰੰਜੀ ਲਾਲ ਕੰਗਣੀਵਾਲ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਹਰਵਿੰਦਰ ਭੰਡਾਲ, ਹਰਮੇਸ਼ ਮਾਲੜੀ, ਡਾ. ਸੈਲੇਸ਼ ਅਤੇ ਬਾਕੀ ਮੈਂਬਰ ਵੀ ਮੌਜੂਦ ਸਨ।