ਫ਼ਤਿਹਗੜ੍ਹ ਸਾਹਿਬ, (ਪ੍ਰਮੋਦ ਭਾਰਦਵਾਜ)-ਮੰਡੀ ਗੋਬਿੰਦਗੜ੍ਹ ਦੇ ਕਾਰੋਬਾਰੀਆਂ ਤੋਂ ਫਿਰੌਤੀਆਂ ਮੰਗਣ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਜ਼ਿਲ੍ਹਾ ਪੁਲਸ ਮੁਖੀ ਡਾ. ਰਵਜੋਤ ਗਰੇਵਾਲ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ 18 ਨਵੰਬਰ ਨੂੰ ਮੰਡੀ ਗੋਬਿੰਦਗੜ੍ਹ ਦੇ ਅਮਨਦੀਪ ਸਿੰਘ ਉਰਫ ਬਾਦਲ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ 11 ਨਵੰਬਰ ਨੂੰ ਆਪਣੇ ਘਰ ਤੋਂ ਇਨੋਵਾ ’ਤੇ ਦੁਸਹਿਰਾ ਗਰਾਊਂਡ ਦੀ ਬੈਕਸਾਈਡ ਪੁੱਜਾ ਤਾਂ ਪਿਛੋਂ ਇੱਕ ਬਿਨਾਂ ਨੰਬਰ ਦੇ ਮੋਟਰਸਾਈਕਲ ’ਤੇ ਆਏ ਤਿੰਨ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ। ਅਮਨਦੀਪ ਸਿੰਘ ਦੇ ਦੱਸਣ ਅਨੁਸਾਰ ਉਨ੍ਹਾਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਸਨ, ਜਿਨ੍ਹਾਂ ਨੂੰ ਵੇਖ ਕੇ ਉਸ ਨੇ ਆਪਣੀ ਗੱਡੀ ਪਿਛੇ ਮੋੜ ਲਈ ਤਾਂ ਮੋਟਰਸਾਇਕਲ ਸਵਾਰਾਂ ਨੇ ਉਸ ਨੂੰ ਘੇਰ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਅਮਨਦੀਪ ਸਿੰਘ ਕਾਰ ਭਜਾ ਕੇ ਆਪਣੇ ਘਰ ਦੇ ਬਾਹਰ ਖੜ੍ਹੀ ਕਰ ਕੇ ਘਰ ਅੰਦਰ ਚਲਿਆ ਗਿਆ। ਉਪਰੰਤ ਮੁਲਜ਼ਮਾਂ ਨੇ ਉਸ ਦੇ ਘਰ ਦੇ ਬਾਹਰ ਆ ਕੇ ਘਰ ਦੇ ਬਾਹਰ ਖੜ੍ਹੀ ਕਾਰ ਦੇ ਤਲਵਾਰਾਂ ਨਾਲ ਸ਼ੀਸ਼ੇ ਤੋੜੇ ਅਤੇ ਉੱਚੀ-ਉੱਚੀ ਗਾਲੀ-ਗਲੋਚ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੋਟਰਸਾਈਕਲ ’ਤੇ ਫਰਾਰ ਹੋ ਗਏ। ਇਸ ਸੰਬੰਧੀ ਅਮਨਦੀਪ ਸਿੰਘ ਨੇ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਧਾਰਾ 115 (2), 126, 191 (2), 190, 324 (2), 3 (5) ਬੀ ਐੱਨ ਐੱਸ ਅਧੀਨ ਮੁਕੱਦਮਾ ਨੰਬਰ 223 ਮਿਤੀ 18-11-2024 ਨੂੰ ਦਰਜ ਕਰਵਾਇਆ ਸੀ। ਉਨ੍ਹਾ ਦੱਸਿਆ ਕਿ ਇਸ ਸੰਬੰਧੀ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵੀ ਵਾਇਰਲ ਹੋਈ ਸੀ।
ਡਾਕਟਰ ਰਵਜੋਤ ਗਰੇਵਾਲ ਨੇ ਦੱਸਿਆ ਕਿ ਇਸ ਮੁਕੱਦਮੇ ਸਬੰਧੀ ਐੱਸ ਪੀ (ਜਾਂਚ) ਰਾਕੇਸ਼ ਯਾਦਵ ਅਤੇ ਡੀ ਐੱਸ ਪੀ ਅਮਲੋਹ ਗੁਰਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਥਾਣਾ ਮੰਡੀ ਗੋਬਿੰਦਗੜ੍ਹ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਅਰਸ਼ਦੀਪ ਸ਼ਰਮਾ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਤਫਤੀਸ਼ ਦੌਰਾਨ ਤਕਨੀਕ ਦੀ ਵਰਤੋਂ ਕਰਦੇ ਹੋਏ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਅਤੇ ਕਾਲ ਡਿਟੇਲਜ਼ ਹਾਸਲ ਕਰ ਕੇ ਘੋਖ ਕੀਤੀ ਗਈ, ਜਿਸ ਤੋਂ ਇਹ ਗੱਲ ਸਾਹਮਣੇ ਆਈ ਕਿ ਤਰਨਪ੍ਰੀਤ ਸਿੰਘ ਉਰਫ ਤਰਨ ਉਰਫ ਤਿਤਲੀ, ਜੋ ਕਿ ਮੰਡੀ ਗੋਬਿੰਦਗੜ੍ਹ ਵਿਖੇ ਧਾਰਾ 1031, 1913, 190 ਬੀ ਐੱਨ ਐੱਸ ਅਧੀਨ ਮੁਕੱਦਮਾ ਨੰਬਰ 189 ਮਿਤੀ 02-10-2024 ਵਿੱਚ ਲੋੜੀਂਦਾ ਸੀ ਤੇ ਫਰਾਰ ਚੱਲ ਰਿਹਾ ਸੀ, ਨੂੰ ਇਸ ਮੁਕੱਦਮੇ ਵਿੱਚ ਜੇਲ੍ਹ ਵਿੱਚ ਬੰਦ ਮੁਲਜ਼ਮ ਸੰਦੀਪ ਸਿੰਘ ਉਰਫ ਬਾਕਸਰ ਵੱਲੋਂ ਸੁਨੇਹਾ ਮਿਲਿਆ ਸੀ ਕਿ ਮੰਡੀ ਗੋਬਿੰਦਗੜ੍ਹ ਦੇ ਕਾਰੋਬਾਰੀ ਅਮਨਦੀਪ ਸਿੰਘ ਤੇ ਆਕਾਸ਼ਦੀਪ ਸਿੰਘ ’ਤੇ ਹਮਲਾ ਕਰ ਕੇ ਉਹਨਾਂ ਤੋਂ ਫਿਰੌਤੀ ਦੀ ਮੰਗ ਕੀਤੀ ਜਾਵੇ, ਤਾਂ ਜੋ ਉਹਨਾਂ ਦਾ ਜੇਲ੍ਹ ਵਿਚ ਗੁਜ਼ਾਰਾ ਹੋ ਸਕੇ।
ਉਨ੍ਹਾ ਦੱਸਿਆ ਕਿ ਅਮਨਦੀਪ ਸਿੰਘ ਦੇ ਬਿਆਨ ’ਤੇ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਮੁਕੱਦਮੇ ਅਧੀਨ ਤਰਨਪ੍ਰੀਤ ਸਿੰਘ ਉਰਫ ਤਰਨ ਵਾਸੀ ਫੈਜਗੜ੍ਹ ਥਾਣਾ ਸਦਰ ਖੰਨਾ, ਅੰੰਮਿ੍ਰਤ ਸਿੰਘ ਵਾਸੀ ਬਸੰਤ ਨਗਰ ਖੰਨਾ ਅਤੇ ਗੁਰਦੀਪ ਸਿੰਘ ਉਰਫ ਦੀਪਾ ਵਾਸੀ ਰਤਨਹੇੜੀ ਥਾਣਾ ਸਿਟੀ -1 ਖੰਨਾ ਨੂੰ ਨਾਮਜ਼ਦ ਕੀਤਾ ਗਿਆ ਅਤੇ ਮੁਕੱਦਮੇ ਵਿੱਚ ਫਿਰੌਤੀ ਮੰਗਣ ਦੇ ਜੁਰਮ ਤਹਿਤ ਅ/ ਧ 308 (7) ਬੀ ਐੱਨ ਐੱਸ ਦਾ ਵਾਧਾ ਕਰ ਕੇ ਮੁਲਜ਼ਮਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ।
ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਇਹ ਗਰੋਹ ਜੇਲ੍ਹ ਵਿੱਚ ਬੈਠੇ ਆਪਣੇ ਸਾਥੀਆਂ ਨਾਲ ਮਿਲ ਕੇ ਮੰਡੀ ਗੋਬਿੰਦਗੜ੍ਹ ਦੇ ਕਾਰੋਬਾਰੀਆਂ ਪਾਸੋਂ ਫਿਰੌਤੀਆਂ ਮੰਗਦੇ ਸਨ। ਤਫਤੀਸ਼ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਵੀ ਹੈ। ਤਿਤਲੀ ਖਿਲਾਫ ਪਹਿਲਾਂ ਹੀ ਵੱਖ-ਵੱਖ ਧਾਰਾਵਾਂ ਹੇਠ 05 ਮੁਕੱਦਮੇ ਦਰਜ ਹਨ।