ਵੈਨਕੂਵਰ : ਕੈਨੇਡਾ ਸਰਕਾਰ ਦੇ ਖੁਫੀਆ ਵਿਭਾਗ ਨੂੰ ਹਿੰਸਕ ਗਰੋਹਾਂ ਦੇ ਕਥਿਤ ਮਨਸੂਬਿਆਂ ਦੀ ਸੂਹ ਲੱਗਣ ਤੋਂ ਬਾਅਦ ਭਾਰਤ ਜਾਣ ਵਾਲੀਆਂ ਸਿੱਧੀਆਂ ਉਡਾਣਾਂ ਦੇ ਮੁਸਾਫਰਾਂ ਦੀ ਵਿਸ਼ੇਸ਼ ਤੇ ਸਖਤ ਜਾਂਚ ਕਾਰਨ ਯਾਤਰੀਆਂ ਦੀ ਪ੍ਰੇਸ਼ਾਨੀ ਵਧਣ ਦੇ ਨਾਲ-ਨਾਲ ਉਡਾਣਾਂ ਦੀ ਸਮਾਂ-ਸਾਰਣੀ ਪ੍ਰਭਾਵਤ ਹੋਣ ਲੱਗੀ ਹੈ। ਹਾਲਾਂਕਿ ਭਾਰਤ ਤੋਂ ਕੈਨੇਡਾ ਆਉਣ ਵਾਲੀਆਂ ਉਡਾਣਾਂ ਠੀਕ ਚੱਲ ਰਹੀਆਂ ਹਨ, ਕਿਉਂਕਿ ਉਨ੍ਹਾਂ ਲਈ ਅਜਿਹੀ ਕਿਸੇ ਖਾਸ ਜਾਂਚ ਦਾ ਪ੍ਰੋਟੋਕੋਲ ਲਾਗੂ ਨਹੀਂ ਕੀਤਾ ਗਿਆ।
ਕੈਨੇਡਾ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੇ ਜੋਖਮ ਤੋਂ ਬਚਾਅ ਵਜੋਂ ਉਠਾਏ ਇਹਤਿਆਤੀ ਕਦਮਾਂ ਕਾਰਨ ਟੋਰਾਂਟੋ, ਵੈਨਕੂਵਰ ਅਤੇ ਮੌਂਟਰੀਅਲ ਤੋਂ ਭਾਰਤ ਲਈ ਸਿੱਧੀਆਂ ਉਡਾਣਾਂ ਦੇ ਯਾਤਰੀਆਂ ਦੇ ਸਾਮਾਨ ਦੀ ਖਾਸ ਬਾਰੀਕੀ ਨਾਲ ਜਾਂਚ ਹੋਣ ਲੱਗੀ ਹੈ। ਉਨ੍ਹਾਂ ਦੇ ਸਾਮਾਨ ਵਾਲੇ ਸੂਟਕੇਸ ਹੁਣ ਐੱਕਸਰੇ ਮਸ਼ੀਨਾਂ ’ਚੋਂ ਲੰਘਾ ਕੇ ਜਹਾਜ਼ ਤੱਕ ਪੁਚਾਏ ਜਾਂਦੇ ਹਨ ਤੇ ਲਦਾਈ ਮੌਕੇ ਸਾਰੀ ਕਾਰਵਾਈ ਉੱਚ ਪੱਧਰੀ ਸੁਰੱਖਿਆ ਟੀਮ ਦੀ ਨਜ਼ਰ ਹੇਠ ਰਹਿੰਦੀ ਹੈ।
ਵਿਸ਼ੇਸ਼ ਜਾਂਚ ਕਾਰਨ ਜਹਾਜ਼ ਮਿੱਥੇ ਸਮੇਂ ’ਤੇ ਉਡਾਣ ਭਰਨ ਤੋਂ ਪਛੜ ਜਾਂਦੇ ਹਨ। ਬੁੱਧਵਾਰ ਨੂੰ ਟੋਰਾਂਟੋ ਤੋਂ ਏਅਰ ਇੰਡੀਆ ਦੀ ਉਡਾਣ ਰਾਹੀਂ ਵੀਰਵਾਰ ਨੂੰ ਦਿੱਲੀ ਪੁੱਜੇ ਮੁਸਾਫਰ ਜੋੜੇ ਨੇ ਦੱਸਿਆ ਕਿ ਵਿਸ਼ੇਸ਼ ਜਾਂਚ ਕਾਰਨ ਉਨ੍ਹਾਂ ਨੂੰ ਜਹਾਜ਼ ਤੱਕ ਪੁੱਜਣ ਲਈ ਲੰਮੀ ਕਤਾਰ ’ਚ ਡੇਢ ਘੰਟਾ ਖੜ੍ਹਨਾ ਪਿਆ। ਬੋਰਡਿੰਗ ਪਾਸ ਲੈ ਚੁੱਕੇ ਸਾਰੇ ਯਾਤਰੀ ਸਮੇਂ ਸਿਰ ਸਵਾਰ ਨਾ ਹੋਣ ਕਰਕੇ ਜਹਾਜ਼ ਟੋਰਾਂਟੋ ਤੋਂ ਇੱਕ ਘੰਟਾ ਦੇਰੀ ਨਾਲ ਉੱਡਿਆ ਤੇ ਰਸਤੇ ਵਿੱਚ ਪਾਇਲਟ ਵੱਲੋਂ ਉਨ੍ਹਾਂ ਨੂੰ ਆਲੇ-ਦੁਆਲੇ ਬੈਠੇ ਯਾਤਰੀਆਂ ਦੀਆਂ ਗਤੀਵਿਧੀਆਂ ਬਾਰੇ ਚੌਕਸ ਰਹਿਣ ਕਿਹਾ ਗਿਆ। ਇਸੇ ਤਰ੍ਹਾਂ ਵੈਨਕੂਵਰ ਤੋਂ ਦਿੱਲੀ ਵਾਲਾ ਜਹਾਜ਼ ਸਵੇਰੇ 10 ਵਜੇ ਦੀ ਥਾਂ ਦੁਪਹਿਰ ਡੇਢ ਵਜੇ ਉਡਾਣ ਭਰ ਸਕਿਆ।
ਕੈਨੇਡਾ ਸਰਕਾਰ ਸਤੰਬਰ 1985 ’ਚ ਟੋਰਾਂਟੋਂ ਤੋਂ ਦਿੱਲੀ ਜਾਂਦੇ ਹਵਾਈ ਜਹਾਜ਼ (ਕਨਿਸ਼ਕ) ਹਾਦਸੇ ਨੂੰ ਅਜੇ ਭੁੱਲੀ ਨਹੀਂ। ਏਅਰ ਇੰਡੀਆ ਦੇ ਉਸ ਮੰਦਭਾਗੇ ਜਹਾਜ਼ ’ਚ ਟੋਰਾਂਟੋਂ ਤੋਂ ਉਡਾਣ ਭਰਨ ਦੇ ਢਾਈ ਘੰਟੇ ਬਾਅਦ ਐਟਲਾਂਟਿਕ ਮਹਾਸਾਗਰ ਉਪਰੋਂ ਲੰਘਦਿਆਂ ਬੰਬ ਫਟਿਆ ਸੀ। ਹਾਦਸੇ ’ਚ ਅਮਲੇ ਦੇ 12 ਮੈਂਬਰਾਂ ਸਮੇਤ 339 ਲੋਕ ਮਾਰੇ ਗਏ ਸਨ। ਉਸੇ ਦਿਨ ਕੈਨੇਡਾ ਤੋਂ ਜਪਾਨ ਦੇ ਟੋਕੀਓ ਹਵਾਈ ਅੱਡੇ ਪਹੁੰਚੇ ਜਹਾਜ਼ ਦਾ ਸਾਮਾਨ ਉਤਾਰਦਿਆਂ ਹੋਏ ਬੰਬ ਧਮਾਕੇ ’ਚ ਦੋ ਕਾਮਿਆਂ ਦੀ ਮੌਤ ਹੋਈ ਸੀ।
ਕੈਨੇਡਾ ਦੀ ਟਰਾਂਸਪੋਰਟ ਮੰਤਰੀ ਅਨੀਤਾ ਅਨੰਦ ਵੱਲੋਂ ਸੁਰੱਖਿਆ ਅਮਲੇ ਨੂੰ ਦਿੱਤੀਆਂ ਸਖਤ ਹਦਾਇਤਾਂ ਇਸ ਗੱਲ ਦਾ ਸੰਕੇਤ ਹਨ ਕਿ ਸੂਹੀਆ ਤੰਤਰ ਨੂੰ ਕਿਸੇ ਹਿੰਸਕ ਗਰੁੱਪ ਦੇ ਕਿਸੇ ਮਨਸੂਬੇ ਦੀ ਭਿਣਕ ਪਈ ਹੋ ਸਕਦੀ ਹੈ।