ਮੁੰਬਈ : ਅਮਰੀਕਾ ਅਧਾਰਤ ਸ਼ਾਰਟ ਸੈਲਰ ਹਿੰਡਨਬਰਗ ਰਿਸਰਚ ਦੀ ਸ਼ੇਅਰਾਂ ਵਿੱਚ ਘਾਲੇ-ਮਾਲੇ ਸੰਬੰਧੀ ਜਨਵਰੀ 2023 ਦੀ ਰਿਪੋਰਟ ਤੋਂ ਬਾਅਦ ਹੁਣ ਸੂਰਜੀ ਊਰਜਾ ਸਪਲਾਈ ਕਰਨ ਦੇ ਠੇਕੇ ਲੈਣ ਲਈ ਭਾਰਤੀ ਅਧਿਕਾਰੀਆਂ ਨੂੰ ਲਗਭਗ ਦੋ ਹਜ਼ਾਰ ਕਰੋੜ ਰੁਪਏ ਦੀ ਰਿਸ਼ਵਤ ਦੇਣ ਦੇ ਦੋਸ਼ਾਂ ’ਚ ਅਮਰੀਕਾ ਵਿੱਚ ਕੇਸ ਹੋਣ ਤੱਕ ਅਡਾਨੀ ਗਰੁੱਪ ਦੀਆਂ 10 ਕੰਪਨੀਆਂ ਦੇ ਸ਼ੇਅਰਾਂ ’ਚ ਪੈਸੇ ਲਾਉਣ ਵਾਲੇ ਲੋਕ ਕਰੀਬ 7 ਲੱਖ ਕਰੋੜ ਰੁਪਈਆਂ ਦਾ ਰਗੜਾ ਖਾ ਚੁੱਕੇ ਹਨ। ਮੁੰਬਈ ਐਕਸਚੇਂਜ ਦੇ ਅੰਕੜਿਆਂ ਮੁਤਾਬਕ ਹਿੰਡਨਬਰਗ ਰਿਪੋਰਟ ਤੋਂ ਇਕ ਦਿਨ ਪਹਿਲਾਂ ਅਡਾਨੀ ਦੀਆਂ ਕੰਪਨੀਆਂ ਦੀ ਕੁਲ ਬਾਜ਼ਾਰੀ ਕਦਰ 19.24 ਲੱਖ ਕਰੋੜ ਰੁਪਏ ਸੀ, ਜਿਹੜੀ 21 ਨਵੰਬਰ ਨੂੰ ਅਮਰੀਕੀ ਕੋਰਟ ਵਾਲੀ ਖਬਰ ਆਉਣ ਦੇ ਬਾਅਦ 12.24 ਲੱਖ ਕਰੋੜ ਰੁਪਏ ’ਤੇ ਆ ਗਈ ਸੀ। ਇਸੇ ਦੌਰਾਨ ਬੈਂਚਮਾਰਕ ਇਕੁਇਟੀ ਸੂਚਕਾਂ ਸੈਂਸੇਕਸ ਅਤੇ ਨਿਫਟੀ ਸ਼ੁੱਕਰਵਾਰ ਸ਼ੁਰੂਆਤੀ ਕਾਰੋਬਾਰ ’ਚ ਵਾਪਸ ਉਛਾਲ ਵਿਚ ਆਏ। ਘਰੇਲੂ ਸੰਸਥਾਗਤ ਨਿਵੇਸ਼ਕਾਂ ਵੱਲੋਂ ਖਰੀਦਦਾਰੀ ਅਤੇ ਅਮਰੀਕੀ ਬਾਜ਼ਾਰਾਂ ’ਚ ਮਜ਼ਬੂਤੀ ਦੇ ਰੁਝਾਨ ਨੇ ਵੀ ਘਰੇਲੂ ਸ਼ੇਅਰਾਂ ’ਚ ਰਿਕਵਰੀ ਵਿੱਚ ਵਾਧਾ ਕੀਤਾ।
ਬੈਂਚਮਾਰਕ ਸੈਂਸੇਕਸ ਸ਼ੁਰੂਆਤੀ ਕਾਰੋਬਾਰ ’ਚ 506.58 ਅੰਕ ਦੀ ਛਾਲ ਮਾਰ ਕੇ 77,662.37 ’ਤੇ ਪਹੁੰਚ ਗਿਆ। ਨਿਫਟੀ 162.9 ਅੰਕ ਚੜ੍ਹ ਕੇ 23,512.80 ’ਤੇ ਬੰਦ ਹੋਇਆ। 30 ਸ਼ੇਅਰਾਂ ਵਾਲੇ ਸੈਂਸੇਕਸ ਪੈਕ ਵਿੱਚੋਂ ਭਾਰਤੀ ਸਟੇਟ ਬੈਂਕ, ਆਈ ਸੀ ਆਈ ਸੀ ਆਈ ਬੈਂਕ, ਇੰਡਸਇੰਡ ਬੈਂਕ, ਟਾਟਾ ਮੋਟਰਜ਼, ਪਾਵਰ ਗਰਿੱਡ, ਬਜਾਜ ਫਾਇਨਾਂਸ, ਬਜਾਜ ਫਿਨਸਰਵ ਅਤੇ ਟੈਕ ਮਹਿੰਦਰਾ ਸਭ ਤੋਂ ਵੱਧ ਲਾਭਕਾਰੀ ਸਨ। ਅਡਾਨੀ ਪੋਰਟਸ, ਐਕਸਿਸ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਟਾਈਟਨ ਅਤੇ ਸਨ ਫਾਰਮਾ ਪਛੜ ਗਏ। ਅਡਾਨੀ ਗਰੁੱਪ ਦੀਆਂ 10 ਫਰਮਾਂ ’ਚੋਂ 8 ਸਵੇਰ ਦੇ ਵਪਾਰ ਦੌਰਾਨ ਹੇਠਲੇ ਪੱਧਰ ’ਤੇ ਕਾਰੋਬਾਰ ਕਰ ਰਹੀਆਂ ਸਨ, ਜੋ ਪਿਛਲੇ ਦਿਨ ਦੀ ਗਿਰਾਵਟ ਨੂੰ ਹੋਰ ਵਧਾ ਰਹੀਆਂ ਸਨ। ਐਕਸਚੇਂਜ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਵੀਰਵਾਰ 5,320.68 ਕਰੋੜ ਰੁਪਏ ਦੇ ਸ਼ੇਅਰਾਂ ਦੀ ਖਰੀਦਦਾਰੀ ਕੀਤੀ, ਜਦੋਂ ਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ ਨੇ 4,200.16 ਕਰੋੜ ਰੁਪਏ ਦੇ ਸ਼ੇਅਰ ਖਰੀਦੇ।




