ਚੰਡੀਗੜ੍ਹ (ਗੁਰਜੀਤ ਬਿੱਲਾ) : ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਬੁੱਧਵਾਰ ਅਕਾਲੀ ਦਲ (ਬਾਦਲ) ਦੇ ਆਗੂਆਂ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ, ਕਾਂਗਰਸੀ ਆਗੂਆਂ ਪ੍ਰਤਾਪ ਸਿੰਘ ਬਾਜਵਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ-ਨਾਲ ਭਾਜਪਾ ਆਗੂਆਂ ਦੀ ਇੱਕ ਔਰਤ ਨਾਲ ਜੁੜੇ ਦੋਸ਼ਾਂ ਅਤੇ ਇਸ ਮਾਮਲੇ ਵਿੱਚ ਦਰਜ ਹੋਈ ਐੱਫ ਆਈ ਆਰ ‘ਤੇ ਲਗਾਤਾਰ ਚੁੱਪ ‘ਤੇ ਸਵਾਲ ਚੁੱਕੇ ਹਨ। ਉਨ੍ਹਾ ਕਿਹਾ ਕਿ ਜਿੱਥੇ ਇਹ ਆਗੂ ਰੈਲੀਆਂ ਅਤੇ ਸਿਆਸੀ ਪ੍ਰੋਗਰਾਮਾਂ ਵਿੱਚ ਸਰਗਰਮ ਹਨ, ਉਥੇ ਹੀ ਇਸ ਘਟਨਾ ਬਾਰੇ ਉਠਾਏ ਜਾ ਰਹੇ ਸਵਾਲਾਂ ਦੇ ਜਵਾਬ ਦੇਣ ਲਈ ਅੱਗੇ ਨਹੀਂ ਆਏ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਪ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ, ‘ਅਕਾਲੀ ਦਲ (ਬਾਦਲ) ਦੇ ਆਗੂ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਮਜੀਠੀਆ, ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ-ਨਾਲ ਭਾਜਪਾ ਆਗੂਆਂ ਨੂੰ ਵੀ ਇਸ ਮਾਮਲੇ ਬਾਰੇ ਉਠਾਏ ਜਾ ਰਹੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ। ਉਹ ਰੈਲੀਆਂ ਅਤੇ ਸਿਆਸੀ ਪ੍ਰੋਗਰਾਮਾਂ ਵਿੱਚ ਤਾਂ ਸਰਗਰਮ ਰਹਿੰਦੇ ਹਨ, ਪਰ ਜਦੋਂ ਐੱਫ ਆਈ ਆਰ ਅਤੇ ਐੱਸ ਜੀ ਪੀ ਸੀ ਦੀ ਸਰਾਂ ਵਿੱਚ ਔਰਤ ਦੇ ਠਹਿਰਨ ਬਾਰੇ ਸਵਾਲਾਂ ਦੇ ਜਵਾਬ ਦੇਣ ਦੀ ਗੱਲ ਆਉਂਦੀ ਹੈ ਤਾਂ ਉਹ ਚੁੱਪ ਧਾਰ ਲੈਂਦੇ ਹਨ।’ ਉਨ੍ਹਾ ਕਿਹਾ, ‘ਕਾਂਗਰਸ ਅਤੇ ਭਾਜਪਾ ਦੇ ਨੁਮਾਇੰਦੇ ਇਸ ਮੁੱਦੇ ‘ਤੇ ਟੈਲੀਵਿਜ਼ਨ ਬਹਿਸਾਂ ਵਿੱਚ ਹਿੱਸਾ ਕਿਉਂ ਨਹੀਂ ਲੈ ਰਹੇ? ਜੇਕਰ ਉਨ੍ਹਾਂ ਕੋਲ ਲੁਕਾਉਣ ਲਈ ਕੁਝ ਨਹੀਂ ਅਤੇ ਉਹ ਮੰਨਦੇ ਹਨ ਕਿ ਉਨ੍ਹਾਂ ਕੋਲ ਪੂਰੇ ਪੰਜਾਬ ਵਿੱਚ ਉਠਾਏ ਜਾ ਰਹੇ ਸਵਾਲਾਂ ਦੇ ਜਵਾਬ ਹਨ, ਤਾਂ ਉਨ੍ਹਾਂ ਨੂੰ ਅੱਗੇ ਆ ਕੇ ਜਵਾਬ ਦੇਣਾ ਚਾਹੀਦਾ ਹੈ।’ ਉਹਨਾ ਜ਼ਿਕਰ ਕੀਤਾ, ‘ਐੱਸ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਲਗਭਗ ਇੱਕ ਮਹੀਨੇ ਬਾਅਦ ਸਾਹਮਣੇ ਆਏ, ਪਰ ਮੀਡੀਆ ਦਾ ਸਾਹਮਣਾ ਕਰਨ ਅਤੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਉਨ੍ਹਾ ਇੱਕ ਵੀਡੀਓ ਬਿਆਨ ਜਾਰੀ ਕਰ ਦਿੱਤਾ। ਸਵਾਲ ਸਿੱਧਾ ਹੈ: ਹਰਜਿੰਦਰ ਸਿੰਘ ਧਾਮੀ ਨੇ ਪੱਤਰਕਾਰਾਂ ਸਾਹਮਣੇ ਆ ਕੇ ਇਸ ਮਾਮਲੇ ‘ਤੇ ਉੱਠ ਰਹੇ ਸਵਾਲਾਂ ਦੇ ਜਵਾਬ ਕਿਉਂ ਨਹੀਂ ਦਿੱਤੇ? ‘ ਉਨ੍ਹਾ ਕਿਹਾ, ‘ਹਰਜਿੰਦਰ ਸਿੰਘ ਧਾਮੀ ਇਹ ਵੀ ਖੁਲਾਸਾ ਕਰਨ ਕਿ ਐੱਸ ਜੀ ਪੀ ਸੀ ਦੇ ਅਧੀਨ ਆਉਂਦੇ ਕਿੰਨੇ ਗੁਰਦੁਆਰਿਆਂ ਵਿੱਚ ਛੇਕੇ ਗਏ ਵਿਅਕਤੀਆਂ ਸੰਬੰਧੀ ਬੋਰਡ ਲਗਾਏ ਗਏ ਹਨ। ਉਨ੍ਹਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਸਰਾਂ ‘ਚ ਵਾਪਰੀ ਘਟਨਾ ਨਾਲ ਜੁੜੇ ਸਵਾਲਾਂ ਦੇ ਜਵਾਬ ਵੀ ਦੇਣੇ ਚਾਹੀਦੇ ਹਨ।’ ਪੰਨੂ ਨੇ ਨੋਟ ਕੀਤਾ, ‘ਐੱਫ ਆਈ ਆਰ ਦੇ ਅਨੁਸਾਰ ਅਕਾਲੀ ਦਲ ਬਾਦਲ ਦਾ ਆਗੂ ਅਮਰਜੀਤ ਸਿੰਘ ਚਾਵਲਾ ਇਸ ਕੇਸ ਵਿੱਚ ਮੁਲਜ਼ਮ ਹੈ। ਜਨਤਾ ਇਹ ਜਾਨਣਾ ਚਾਹੁੰਦੀ ਹੈ ਕਿ ਇੱਕ ਔਰਤ ਐੱਸ ਜੀ ਪੀ ਸੀ ਦੁਆਰਾ ਸੰਚਾਲਿਤ ਸਰਾਂ ਵਿੱਚ ਛੇ ਮਹੀਨਿਆਂ ਤੋਂ ਵੱਧ ਸਮੇਂ ਤੱਕ ਕਿਵੇਂ ਰਹਿ ਸਕਦੀ ਹੈ? ਉਸ ਦੇ ਠਹਿਰਨ ਦਾ ਪ੍ਰਬੰਧ ਕਿਸ ਨੇ ਕੀਤਾ? ਕਮਰਿਆਂ ਦਾ ਪ੍ਰਬੰਧ ਕਿਸ ਨੇ ਕੀਤਾ? ਐੱਸ ਜੀ ਪੀ ਸੀ ਦੇ ਅਮਲੇ ਅਤੇ ਹੋਰ ਸਹੂਲਤਾਂ ਉਸ ਨੂੰ ਕਥਿਤ ਤੌਰ ‘ਤੇ ਕਿਵੇਂ ਮੁਹੱਈਆ ਕਰਵਾਈਆਂ ਗਈਆਂ? ਵੀਡੀਓ ਬਿਆਨ ਜਾਰੀ ਕਰਕੇ ਇਹਨਾਂ ਸਵਾਲਾਂ ਤੋਂ ਨਹੀਂ ਭੱਜਿਆ ਜਾ ਸਕਦਾ।’ ਉਨ੍ਹਾ ਕਿਹਾ, ‘ਹਰਜਿੰਦਰ ਸਿੰਘ ਧਾਮੀ ਨੂੰ ਪ੍ਰੈੱਸ ਸਾਹਮਣੇ ਆ ਕੇ ਇਹਨਾਂ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ। ਇਹ ਸਵਾਲ ਕਿਸੇ ਇੱਕ ਪੱਤਰਕਾਰ ਜਾਂ ਇੱਕ ਟੈਲੀਵਿਜ਼ਨ ਚੈਨਲ ਵੱਲੋਂ ਨਹੀਂ ਉਠਾਏ ਜਾ ਰਹੇ, ਇਹ ਸਵਾਲ ਪੂਰੇ ਪੰਜਾਬ ਅਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਦੁਆਰਾ ਉਠਾਏ ਜਾ ਰਹੇ ਹਨ।’




