ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਰੇਡੀਓ ਟਾਕ ਸ਼ੋਅ ‘ਮਨ ਕੀ ਬਾਤ’ ਵਿੱਚ ਵਿਦਿਆਰਥੀਆਂ ਨੂੰ ਨੈਸ਼ਨਲ ਕੈਡੇਟ ਕੋਰ (ਐੱਨ ਸੀ ਸੀ) ਨਾਲ ਜੁੜਨ ਲਈ ਪ੍ਰੇਰਿਆ। ਮੋਦੀ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਖਾਸ ਹੈ, ਕਿਉਂਕਿ ਅੱਜ ਐੱਨ ਸੀ ਸੀ ਦਿਵਸ ਹੈ। ਐੱਨ ਸੀ ਸੀ ਸਾਨੂੰ ਸਾਡੇ ਸਕੂਲ ਅਤੇ ਕਾਲਜ ਦੇ ਦਿਨਾਂ ਦੀ ਯਾਦ ਦਿਵਾਉਂਦੀ ਹੈ। ਮੋਦੀ ਨੇ ਕਿਹਾ ਕਿ ਉਹ ਵੀ ਇੱਕ ਐੱਨ ਸੀ ਸੀ ਕੈਡਿਟ ਰਹੇ ਹਨ ਅਤੇ ਇਸ ਲਈ ਉਹ ਪੂਰੇ ਵਿਸ਼ਵਾਸ ਨਾਲ ਕਹਿ ਸਕਦੇ ਹਨ ਕਿ ਇਸ ਤੋਂ ਮਿਲਿਆ ਤਜਰਬਾ ਅਨਮੋਲ ਹੈ। ਐੱਨ ਸੀ ਸੀ ਨੌਜਵਾਨਾਂ ਵਿੱਚ ਅਨੁਸ਼ਾਸਨ, ਅਗਵਾਈ ਅਤੇ ਸੇਵਾ ਦੀ ਭਾਵਨਾ ਪੈਦਾ ਕਰਦੀ ਹੈ, ਤੁਸੀਂ ਆਪਣੇ ਆਸ-ਪਾਸ ਦੇਖਿਆ ਹੋਵੇਗਾ, ਹੜ੍ਹ ਹੋਵੇ ਜਾਂ ਭੁਚਾਲ ਹੋਵੇ ਜਾਂ ਕੋਈ ਹਾਦਸਾ ਹੋਵੇ, ਐੱਨ ਸੀ ਸੀ ਕੈਡਿਟ ਉੱਥੇ ਜ਼ਰੂਰ ਪੁੱਜਦੇ ਹਨ ਤੇ ਲੋਕਾਂ ਦੀ ਮਦਦ ਕਰਦੇ ਹਨ। ਉਨ੍ਹਾ ਕਿਹਾ ਕਿ ਅੱਜ ਐੱਨ ਸੀ ਸੀ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। 2014 ’ਚ ਲੱਗਭੱਗ 14 ਲੱਖ ਨੌਜਵਾਨ ਐੱਨ ਸੀ ਸੀ ਵਿੱਚ ਸ਼ਾਮਲ ਸਨ ਤੇ ਹੁਣ 2024 ’ਚ ਦੋ ਲੱਖ ਤੋਂ ਵੱਧ ਨੌਜਵਾਨ ਐੱਨ ਸੀ ਸੀ ਵਿੱਚ ਸ਼ਾਮਲ ਹੋਏ। ਪਹਿਲਾਂ ਦੇ ਮੁਕਾਬਲੇ ਹੁਣ 5,000 ਤੋਂ ਵੱਧ ਸਕੂਲ ਅਤੇ ਕਾਲਜ ਐੱਨ ਸੀ ਸੀ ਦਾ ਹਿੱਸਾ ਹਨ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਕਿ ਐੱਨ ਸੀ ਸੀ ’ਚ ਕੁੜੀਆਂ ਦੀ ਗਿਣਤੀ ਲੱਗਭੱਗ 25 ਫੀਸਦੀ ਸੀ, ਜੋ ਹੁਣ 40 ਫੀਸਦੀ ਦੇ ਕਰੀਬ ਹਨ।




