ਨਵੀਂ ਦਿੱਲੀ : ਬੰਗਲਾਦੇਸ਼ ’ਚ ਇਸਕੋਨ ਦੇ ਪ੍ਰਮੁੱਖ ਨੇਤਾ ਚਿਨਮੋਏ ਕਿ੍ਰਸ਼ਨ ਦਾਸ ਪ੍ਰਭੂ ਦੀ ਗਿ੍ਰਫਤਾਰੀ ਤੇ ਉਸ ਨੂੰ ਜ਼ਮਾਨਤ ਨਾ ਦੇਣ ’ਤੇ ਵਿਦੇਸ਼ ਮੰਤਰਾਲੇ ਨੇ ਡੂੰਘੀ ਚਿੰਤਾ ਪ੍ਰਗਟਾਈ ਹੈ। ਢਾਕਾ ਮੈਟਰੋਪੋਲੀਟਨ ਪੁਲਸ ਨੇ ਸੋਮਵਾਰ ਰਾਤ ਹਜ਼ਰਤ ਸ਼ਾਹਜਲਾਲ ਕੌਮਾਂਤਰੀ ਹਵਾਈ ਅੱਡੇ ਤੋਂ ਚਿਨਮੋਏ ਨੂੰ ਗਿ੍ਰਫਤਾਰ ਕੀਤਾ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਅੱਤਵਾਦੀਆਂ ਵੱਲੋਂ ਹਿੰਦੂਆਂ ਤੇ ਹੋਰਨਾਂ ਘੱਟ ਗਿਣਤੀਆਂ ’ਤੇ ਹਮਲਿਆਂ ਤੋਂ ਬਾਅਦ ਇਹ ਗਿ੍ਰਫਤਾਰੀ ਕੀਤੀ ਗਈ ਹੈ। ਬਦਕਿਸਮਤੀ ਦੀ ਗੱਲ ਹੈ ਕਿ ਹਮਲਾਵਰਾਂ ’ਤੇ ਕਾਰਵਾਈ ਕਰਨ ਦੀ ਥਾਂ ਇਕ ਧਾਰਮਕ ਆਗੂ ਨੂੰ ਗਿ੍ਰਫਤਾਰ ਕਰ ਲਿਆ ਗਿਆ। ਵਿਦੇਸ਼ ਮੰਤਰਾਲੇ ਨੇ ਬੰਗਲਾਦੇਸ਼ ਸਰਕਾਰ ’ਤੇ ਜ਼ੋਰ ਦਿੱਤਾ ਹੈ ਕਿ ਉਹ ਹਿੰਦੂਆਂ ਤੇ ਹੋਰ ਸਾਰੀਆਂ ਘੱਟ ਗਿਣਤੀਆਂ ਦੀ ਸੁਰੱਖਿਆ ਅਤੇ ਪੁਰਅਮਨ ਇਕੱਠ ਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਹੱਕ ਨੂੰ ਯਕੀਨੀ ਬਣਾਵੇ। ਮਹੰਤ ਬਾਲਕ ਦਾਸ ਪਾਤਾਲਪੁਰੀ ਪੀਠਾਧੀਸ਼ਵਰ ਨੇ ਕਿਹਾ ਕਿ ਇਹ ਹਿੰਦੂਆਂ ਨੂੰ ਨਿਸ਼ਾਨਾ ਬਣਾਉਣਾ ਹੈ। ਜੇ ਹਿੰਦੂ ਸਨਾਤਨ ਧਰਮ ਲਈ ਖੜ੍ਹੇ ਨਹੀਂ ਹੋਣਗੇ ਤਾਂ ਕੌਣ ਹੋਵੇਗਾ? ਸਨਾਤਨ ਧਰਮ ਦੇ ਖਿਲਾਫ ਗਲਤ ਇਰਾਦੇ ਰੱਖਣ ਵਾਲਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਇੰਟਰਨੈਸ਼ਨਲ ਸੁਸਾਇਟੀ ਫਾਰ ਕਿ੍ਰਸ਼ਨਾ ਚੇਤਨਾ (ਇਸਕੋਨ) ਦੇ ਪ੍ਰਮੁੱਖ ਮੈਂਬਰ ਚਿਨਮੋਏ ਦੀ ਗਿ੍ਰਫਤਾਰੀ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਮ ਸਰਕਾਰ ਦੇ ਅਧੀਨ ਹਿੰਦੂ ਭਾਈਚਾਰੇ ਨਾਲ ਦੁਰਵਿਹਾਰ ਦੀਆਂ ਵਧਦੀਆਂ ਚਿੰਤਾਵਾਂ ਦੇ ਵਿਚਕਾਰ ਸਾਹਮਣੇ ਆਈ ਹੈ। ਮਹਾਂਮੰਡਲੇਸ਼ਵਰ ਸੀਤਾਰਾਮ ਮਹਾਰਾਜ ਨੇ ਕਿਹਾ ਕਿ ਇਹ ਇੱਕ ਅਜਿਹਾ ਮੰਦਰ ਹੈ, ਜਿਸ ਨੇ ਬੰਗਲਾਦੇਸ਼ ਦੀ ਆਜ਼ਾਦੀ ਦੌਰਾਨ ਸਹਾਇਤਾ ਪ੍ਰਦਾਨ ਕੀਤੀ ਸੀ। ਇਸ ਦੇ ਆਗੂ ਨੂੰ ਗਿ੍ਰਫਤਾਰ ਕਰਨਾ ਉਨ੍ਹਾਂ ਦੀ ਸੱਚਾਈ ਪ੍ਰਤੀ ਅਸਹਿਣਸ਼ੀਲਤਾ ਨੂੰ ਦਰਸਾਉਂਦਾ ਹੈ।