ਕਨੌਜ : ਲਖਨਊ-ਆਗਰਾ ਐੱਕਸਪ੍ਰੈੱਸ ਵੇ ’ਤੇ ਬੁੱਧਵਾਰ ਤੜਕੇ ਵਾਪਰੇ ਸੜਕ ਹਾਦਸੇ ’ਚ 4 ਪੀ ਜੀ ਡਾਕਟਰਾਂ ਅਤੇ ਇੱਕ ਲੈਬਾਰਟਰੀ ਟੈਕਨੀਸ਼ੀਅਨ ਦੀ ਮੌਤ ਹੋ ਗਈ। ਇਹ ਉੱਤਰ ਪ੍ਰਦੇਸ਼ ਮੈਡੀਕਲ ਯੂਨੀਵਰਸਿਟੀ ਸੈਫਈ ਨਾਲ ਸੰਬੰਧਤ ਸਨ ਅਤੇ ਲਖਨਊ ’ਚ ਵਿਆਹ ’ਚ ਵਿਆਹ ਅਟੈਂਡ ਕਰਕੇ ਸੈਫਈ ਪਰਤ ਰਹੇ ਸਨ। ਇਨ੍ਹਾਂ ਦੀ ਐੱਸ ਯੂ ਵੀ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਅ ਕੇ ਲੇਨ ਨੂੰ ਪਾਰ ਕਰਕੇ ਟਰੱਕ ਨਾਲ ਟਕਰਾਅ ਗਈ। ਇਨ੍ਹਾਂ ਦੇ ਸਾਥੀ ਇੱਕ ਪੀ ਜੀ ਵਿਦਿਆਰਥੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਮੇਰੇ ਖਿਲਾਫ ਸਾਜ਼ਿਸ਼ : ਬਜਰੰਗ
ਨਵੀਂ ਦਿੱਲੀ : ਸੈਂਪਲ ਦੇਣ ਤੋਂ ਇਨਕਾਰ ਕਰਨ ’ਤੇ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਵੱਲੋਂ ਚਾਰ ਸਾਲ ਦੀ ਪਾਬੰਦੀ ਲਾਉਣ ਨੂੰ ਭਲਵਾਨ ਬਜਰੰਗ ਪੂਨੀਆ ਨੇ ਸਿਆਸੀ ਸਾਜ਼ਿਸ਼ ਦੱਸਿਆ ਹੈ। ਉਸ ਨੇ ਕਿਹਾ ਕਿ ਉਹ ਮਹਿਲਾ ਭਲਵਾਨਾਂ ਦੇ ਸੰਘਰਸ਼ ਵਿਚ ਡਟਿਆ ਸੀ, ਇਸ ਕਰਕੇ ਉਸ ਨਾਲ ਧੱਕਾ ਕੀਤਾ ਜਾ ਰਿਹਾ ਹੈ, ਜਦਕਿ ਉਹ ਕਿਸੇ ਵੀ ਥਾਂ ’ਤੇ ਨਮੂਨਾ ਦੇਣ ਲਈ ਤਿਆਰ ਹੈ। ਬਜਰੰਗ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਕੋਲ ਨਮੂਨਾ ਦੇਣ ਦੇ ਸਬੂਤ ਹਨ। ਇਸ ਤੋਂ ਪਹਿਲਾਂ ਨਾਡਾ ਨੇ ਕਿਹਾ ਸੀ ਕਿ ਬਜਰੰਗ ਨੇ ਕੌਮੀ ਪੱਧਰ ਦੇ ਟਰਾਇਲਾਂ ਦੌਰਾਨ ਨਮੂਨਾ ਨਹੀਂ ਦਿੱਤਾ, ਜਦਕਿ ਬਜਰੰਗ ਨੇ ਕਿਹਾ ਕਿ ਉਸ ਨੇ ਉੱਥੇ ਨਿਯੁਕਤ ਸਰਕਾਰੀ ਡਾਕਟਰ ਤੋਂ ਮੈਡੀਕਲ ਸਰਟੀਫਿਕੇਟ ਲਿਆ ਸੀ ਤੇ ਇਸ ਸੰਬੰਧੀ ਉਸ ਕੋਲ ਸਾਰੇ ਸਬੂਤ ਹਨ।
ਹਵਾਈ ਅੱਡੇ ’ਤੇ ਦੋ ਗਿ੍ਰਫਤਾਰ
ਬਠਿੰਡਾ : ਇੱਥੋਂ ਦੇ ਘਰੇਲੂ ਹਵਾਈ ਅੱਡੇ ਤੋਂ ਦੋ ਵਿਅਕਤੀਆਂ ਨੂੰ ਰੌਂਦਾਂ ਸਣੇ ਗਿ੍ਰਫਤਾਰ ਕੀਤਾ ਗਿਆ ਹੈ। ਇਹ ਗਿ੍ਰਫਤਾਰੀਆਂ ਪਰਸ ਦੀ ਸਕ੍ਰੀਨਿੰਗ ਦੌਰਾਨ ਹੋਈਆਂ। ਵਿਕਰਮ ਸਿੰਘ (ਗੁਰੂਗ੍ਰਾਮ) ਅਤੇ ਗੁਰਿੰਦਰ ਸਿੰਘ (ਫਾਜ਼ਿਲਕਾ) ਬਠਿੰਡਾ ਤੋਂ ਦਿੱਲੀ ਜਾ ਰਹੇ ਸਨ। ਥਾਣਾ ਸਦਰ ਅਧੀਨ ਆਉਂਦੀ ਚੌਕੀ ਬੱਲੂਆਣਾ ਦੇ ਇੰਚਾਰਜ ਸੁਖਜੰਟ ਸਿੰਘ ਨੇ ਦੱਸਿਆ ਕਿ ਬਠਿੰਡਾ ਏਅਰਪੋਰਟ ਅਥਾਰਟੀ ਦੇ ਅਧਿਕਾਰੀਆਂ ਦੇ ਬਿਆਨ ਦੇ ਆਧਾਰ ’ਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।

