ਨਵੀਂ ਦਿੱਲੀ : ਸੀ ਬੀ ਆਈ 1980ਵਿਆਂ ਦੇ 64 ਕਰੋੜੀ ਬੋਫਰਜ਼ ਵੱਢੀ ਸਕੈਂਡਲ ਬਾਰੇ ਨਿਜੀ ਜਾਂਚਕਰਤਾ ਮਾਈਕਲ ਹਰਸ਼ਮੈਨ ਤੋਂ ਜਾਣਕਾਰੀ ਹਾਸਲ ਕਰਨ ਲਈ ਅਮਰੀਕਾ ਨੂੰ ਛੇਤੀ ਹੀ ਅਦਾਲਤੀ ਬੇਨਤੀ ਭਿਜਵਾਉਣ ਦਾ ਇਰਾਦਾ ਰੱਖਦੀ ਹੈ | ਹਰਸ਼ਮੈਨ ਨੇ ਭਾਰਤੀ ਏਜੰਸੀਆਂ ਨਾਲ ਜਾਣਕਾਰੀ ਸਾਂਝੀ ਕਰਨ ਦੀ ਇੱਛਾ ਜਤਾਈ ਹੈ | ਸੀ ਬੀ ਆਈ ਨੇ ਇਸ ਮਾਮਲੇ ਦੀ ਅੱਗੇ ਜਾਂਚ ਲਈ ਉਸਦੀ ਅਪੀਲ ‘ਤੇ ਸੁਣਵਾਈ ਕਰ ਰਹੀ ਵਿਸ਼ੇਸ਼ ਅਦਾਲਤ ਨੂੰ ਨਵੇਂ ਘਟਨਾਕ੍ਰਮ ਬਾਰੇ ਜਾਣੂੰ ਕਰਵਾਇਆ ਹੈ |
ਅਮਰੀਕਾ ਨੂੰ ਲੈਟਰਜ਼ ਰੋਗੇਟਰੀ (ਐੱਲ ਆਰ) ਭੇਜਣ ਦੀ ਪ੍ਰਕਿਰਿਆ ਅਕਤੂਬਰ ਵਿੱਚ ਸ਼ੁਰੂ ਕੀਤੀ ਗਈ ਹੈ ਤੇ ਇਹ ਕਰੀਬ ਤਿੰਨ ਮਹੀਨਿਆਂ ਤੱਕ ਮੁਕੰਮਲ ਹੋ ਜਾਵੇਗੀ | ਲੈਟਰ ਰੋਗੇਟਰੀ ਜਾਂਚ ਜਾਂ ਫੌਜਦਾਰੀ ਮਾਮਲੇ ਵਿੱਚ ਮੁਕੱਦਮੇ ‘ਚ ਸਹਿਯੋਗ ਲਈ ਇਕ ਦੇਸ਼ ਦੀ ਅਦਾਲਤ ਵੱਲੋਂ ਦੂਜੇ ਦੇਸ਼ ਦੀ ਅਦਾਲਤ ਨੂੰ ਭੇਜਿਆ ਜਾਂਦਾ ਹੈ |
ਦਿੱਲੀ ਹਾਈ ਕੋਰਟ ਨੇ ਇਸ ਨਾਜ਼ੁਕ ਸਿਆਸੀ ਮਾਮਲੇ ਵਿੱਚ 2004 ਵਿੱਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਮਰਨਉਪਰੰਤ ਬਰੀ ਕਰ ਦਿੱਤਾ ਸੀ ਤੇ ਇਕ ਸਾਲ ਬਾਅਦ ਹਿੰਦੂਜਾ ਭਰਾਵਾਂ ਸਣੇ ਬਾਕੀ ਮੁਲਜ਼ਮਾਂ ਖਿਲਾਫ ਦੋਸ਼ ਵੀ ਖਾਰਜ ਕਰ ਦਿੱਤੇ ਸਨ | ਵੱਢੀ ਦੇਣ ਵਿੱਚ ਦਲਾਲ ਦੀ ਭੂਮਿਕਾ ਨਿਭਾਉਣ ਦੇ ਮੁਲਜ਼ਮ ਇਤਾਲਵੀ ਬਿਜ਼ਨਸਮੈਨ ਓਤਾਵਿਓ ਕੁਆਤਰੋਚੀ ਨੂੰ ਵੀ ਅਦਾਲਤ ਨੇ 2011 ਵਿੱਚ ਬਰੀ ਕਰ ਦਿੱਤਾ ਸੀ, ਜਦੋਂ ਉਸਨੇ ਸੀ ਬੀ ਆਈ ਨੂੰ ਉਸ ਵਿਰੁੱਧ ਮੁਕੱਦਮਾ ਵਾਪਸ ਲੈਣ ਦੀ ਆਗਿਆ ਦੇ ਦਿੱਤੀ ਸੀ |
ਮਾਮਲਾ ਕਾਂਗਰਸ ਰਾਜ ਵੇਲੇ ਸਵੀਡਨ ਤੋਂ ਬੋਫਰਜ਼ ਤੋਪਾਂ ਲੈਣ ਦੇ 1437 ਕਰੋੜ ਰੁਪਏ ਦੇ ਸੌਦੇ ਵਿੱਚ 64 ਕਰੋੜ ਦੀ ਦਲਾਲੀ ਦਾ ਹੈ | ਸਰਕਾਰ ਨੇ ਬੋਫਰਜ਼ ਕੰਪਨੀ ਤੋਂ 155 ਐੱਮ ਐੱਮ ਦੀਆਂ 400 ਤੋਪਾਂ ਲੈਣ ਦਾ ਸੌਦਾ ਕੀਤਾ ਸੀ | ਇਨ੍ਹਾਂ ਤੋਪਾਂ ਨੇ ਕਾਰਗਿਲ ਦੀ ਜੰਗ ਜਿੱਤਣ ਵਿੱਚ ਅਹਿਮ ਰੋਲ ਨਿਭਾਇਆ ਸੀ | ਇਹ ਮਾਮਲਾ 2011 ਵਿੱਚ ਬੰਦ ਹੋ ਗਿਆ ਸੀ |
ਫੇਅਰਫੈਕਸ ਗਰੁੱਪ ਦਾ ਮੁਖੀ ਹਰਸ਼ਮੈਨ ਨਿਜੀ ਜਾਸੂਸਾਂ ਦੀ ਕਾਨਫਰੰਸ ਵਿੱਚ ਹਿੱਸਾ ਲੈਣ ਲਈ 2017 ‘ਚ ਭਾਰਤ ਆਇਆ ਸੀ | ਆਪਣੇ ਕਿਆਮ ਦੌਰਾਨ ਉਸਨੇ ਕਿਹਾ ਸੀ ਕਿ ਕਾਂਗਰਸ ਸਰਕਾਰ ਨੇ ਜਾਂਚ ਨੂੰ ਪਟੜੀਓਾ ਲਾਹ ਦਿੱਤਾ ਸੀ ਤੇ ਉਹ ਸੀ ਬੀ ਆਈ ਨਾਲ ਵੇਰਵੇ ਸਾਂਝੇ ਕਰਨ ਦਾ ਇੱਛੁਕ ਹੈ | ਸੀ ਬੀ ਆਈ ਨੇ 2017 ਵਿੱਚ ਹੀ ਐਲਾਨਿਆ ਸੀ ਕਿ ਮਾਮਲੇ ਨੂੰ ਵਿਚਾਰਿਆ ਜਾਵੇਗਾ | ਉਸਨੇ ਵਿਸ਼ੇਸ਼ ਅਦਾਲਤ ਨੂੰ ਦੱਸਿਆ ਕਿ ਉਹ ਹਰਸ਼ਮੈਨ ਦੇ ਖੁਲਾਸਿਆਂ ਤੋਂ ਬਾਅਦ ਕੇਸ ਨੂੰ ਮੁੜ ਖੋਲ੍ਹਣਾ ਚਾਹੁੰਦੀ ਹੈ | ਸੀ ਬੀ ਆਈ ਨੇ ਅਮਰੀਕੀ ਅਧਿਕਾਰੀਆਂ ਨੂੰ 8 ਨਵੰਬਰ 2023, 21 ਦਸੰਬਰ 2023, 13 ਮਈ 2024 ਤੇ 14 ਅਗਸਤ 2024 ਨੂੰ ਪੱਤਰ ਤੇ ਯਾਦ-ਦਹਾਨੀ ਪੱਤਰ ਭੇਜੇ ਪਰ ਅਮਰੀਕੀ ਅਧਿਕਾਰੀਆਂ ਨੇ ਹਾਮੀ ਭਰਨ ਦੀ ਥਾਂ ਸਿਰਫ ਇਹੀ ਕਿਹਾ ਕਿ ਉਨ੍ਹਾਂ ਨੂੰ ਹੋਰ ਸਮਾਂ ਚਾਹੀਦਾ | ਸੀ ਬੀ ਆਈ ਨੇ ਹੁਣ ਲੈਟਰਜ਼ ਰੋਗੇਟਰੀ ਦਾ ਸਹਾਰਾ ਲੈਣ ਦਾ ਫੈਸਲਾ ਕੀਤਾ ਹੈ | ਇਸ ਲਈ ਸਮਰਥ ਅਦਾਲਤ ਜਾਣਕਾਰੀ ਲਈ ਸੰਬੰਧਤ ਅਮਰੀਕੀ ਅਥਾਰਟੀਜ਼ ਨੂੰ ਰਸਮੀ ਬੇਨੇਤੀ ਭੇਜੇਗੀ | ਪਰ ਇਸ ਲਈ ਭਾਰਤ ਸਰਕਾਰ ਦੀ ਸਹਿਮਤੀ ਵੀ ਜ਼ਰੂਰੀ ਹੈ |





