ਕੌਮਾਂਤਰੀ ਹਾਲਾਤ ਦੇ ਮੱਦੇਨਜ਼ਰ ਭਾਰਤੀ ਸ਼ੇਅਰ ਬਾਜ਼ਾਰ ਡਿੱਗਾ

0
13

ਨਵੀਂ ਦਿੱਲੀ : ਭਾਰਤੀ ਸ਼ੇਅਰ ਬਾਜ਼ਾਰ ਵਿੱਚ ਵੀਰਵਾਰ ਵਾਲੇ ਦਿਨ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਕੌਮਾਂਤਰੀ ਪੱਧਰ ‘ਤੇ ਕਮਜੋਰ ਰੁਝਾਨਾਂ ਕਾਰਨ ਬੀ ਐੱਸ ਈ ਸੈਂਸੇਕਸ 2,496.89 ਅੰਕ ਯਾਨੀ 3.26 ਫੀਸਦੀ ਦੀ ਵੱਡੀ ਗਿਰਾਵਟ ਨਾਲ 74, 207.24 ‘ਤੇ ਬੰਦ ਹੋਇਆ। ਜੂਨ 2024 ਤੋਂ ਬਾਅਦ ਇੱਕ ਦਿਨ ਵਿੱਚ ਇਹ ਸਭ ਤੋਂ ਵੱਡੀ ਗਿਰਾਵਟ ਹੈ। ਦਿਨ ਦੇ ਸਮੇਂ ਇੱਕ ਵਾਰ ਤਾਂ ਸੈਂਸੇਕਸ 2,753 ਅੰਕਾਂ ਤੱਕ ਹੇਠਾਂ ਚਲਾ ਗਿਆ ਸੀ। ਇਸੇ ਤਰ੍ਹਾਂ ਐੱਨ ਐੱਸ ਈ ਨਿਫਟੀ ਵੀ 775.65 ਅੰਕ ਡਿੱਗ ਕੇ 23,002.15 ‘ਤੇ ਬੰਦ ਹੋਇਆ। ਬਾਜ਼ਾਰ ਦੇ ਇਸ ਤਰ੍ਹਾਂ ਡਿੱਗਣ ਦਾ ਮੁੱਖ ਕਾਰਨ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਪੱਛਮੀ ਏਸ਼ੀਆ ਵਿੱਚ ਵਧਦਾ ਤਣਾਅ ਹੈ।
ਈਰਾਨ ਦੀ ਇਜ਼ਰਾਈਲ ਤੇ ਅਮਰੀਕਾ ਨਾਲ ਜੰਗ ਕਾਰਨ ਕੱਚੇ ਤੇਲ ਦੀ ਕੀਮਤ 6.75 ਫੀਸਦੀ ਵਧ ਕੇ 114.8 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ। ਇਸ ਹਾਲਾਤ ਨੇ ਨਿਵੇਸ਼ਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਸੈਂਸੇਕਸ ਦੀਆਂ 30 ਵੱਡੀਆਂ ਕੰਪਨੀਆਂ ਵਿੱਚੋਂ ਬਜਾਜ ਫਾਇਨਾਂਸ, ਮਹਿੰਦਰਾ ਐਂਡ ਮਹਿੰਦਰਾ, ਐੱਚ ਡੀ ਐੱਫ ਸੀ ਬੈਂਕ, ਲਾਰਸਨ ਐਂਡ ਟੁਬਰੋ ਅਤੇ ਬਜਾਜ ਫਾਇਨਾਂਸ ਦੇ ਸ਼ੇਅਰਾਂ ਵਿੱਚ ਸਭ ਤੋਂ ਵੱਧ ਗਿਰਾਵਟ ਦੇਖੀ ਗਈ। ਐੱਚ ਡੀ ਐੱਫ ਸੀ ਬੈਂਕ ਦੇ ਸ਼ੇਅਰਾਂ ਵਿੱਚ 5.13 ਫੀਸਦੀ ਦੀ ਵੱਡੀ ਗਿਰਾਵਟ ਆਈ, ਕਿਉਂਕਿ ਬੈਂਕ ਦੇ ਚੇਅਰਮੈਨ ਅਤਨੂ ਚੱਕਰਵਰਤੀ ਨੇ ਕੁਝ ਨੈਤਿਕ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦੇ ਦਿੱਤਾ ਹੈ। ਸਿਰਫ਼ ਭਾਰਤ ਹੀ ਨਹੀਂ, ਬਲਕਿ ਪੂਰੀ ਦੁਨੀਆ ਦੇ ਬਾਜ਼ਾਰਾਂ ਵਿੱਚ ਮੰਦੀ ਦਾ ਅਸਰ ਰਿਹਾ। ਏਸ਼ੀਆ ਵਿੱਚ ਦੱਖਣੀ ਕੋਰੀਆ, ਜਪਾਨ, ਚੀਨ ਅਤੇ ਹਾਂਗਕਾਂਗ ਦੇ ਬਾਜ਼ਾਰ ਵੀ ਵੱਡੀ ਗਿਰਾਵਟ ਨਾਲ ਬੰਦ ਹੋਏ। ਯੂਰਪੀ ਬਾਜ਼ਾਰਾਂ ਵਿੱਚ ਵੀ ਕਾਫੀ ਨੁਕਸਾਨ ਹੋਇਆ ਅਤੇ ਅਮਰੀਕੀ ਬਾਜ਼ਾਰ ਵੀ ਬੁੱਧਵਾਰ ਨੂੰ ਭਾਰੀ ਗਿਰਾਵਟ ਨਾਲ ਬੰਦ ਹੋਏ ਸਨ। ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਬੁੱਧਵਾਰ ਨੂੰ 2,714.35 ਕਰੋੜ ਰੁਪਏ ਦੇ ਸ਼ੇਅਰ ਵੇਚੇ। ਹਾਲਾਂਕਿ ਭਾਰਤੀ ਸੰਸਥਾਗਤ ਨਿਵੇਸ਼ਕਾਂ ਨੇ 3,253.03 ਕਰੋੜ ਰੁਪਏ ਦੇ ਸ਼ੇਅਰ ਖਰੀਦ ਕੇ ਬਾਜ਼ਾਰ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਗਲੋਬਲ ਹਾਲਾਤ ਖ਼ਰਾਬ ਹੋਣ ਕਾਰਨ ਗਿਰਾਵਟ ਜਾਰੀ ਰਹੀ।