ਜਲੰਧਰ : ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਅਤੇ ਕਮੇਟੀ ਦੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਦੇ ਵੱਡੇ ਭਰਾ ਗੁਲਜ਼ਾਰ ਸਿੰਘ ਸਦੀਵੀ ਵਿਛੋੜਾ ਦੇ ਗਏ। 4 ਦਸੰਬਰ ਦਿਨੇ 12 ਵਜੇ ਗੁਲਜ਼ਾਰ ਸਿੰਘ ਦੀ ਅੰਤਮ ਵਿਦਾਇਗੀ ਉਹਨਾ ਦੇ ਪਿੰਡ ਦੁੱਗਰੀ ਵਿਖੇ ਹੋਈ।
ਉਹਨਾ ਦੀ ਯਾਦ ’ਚ ਸ਼ਰਧਾਂਜਲੀ ਸਮਾਗਮ 12 ਦਸੰਬਰ (ਵੀਰਵਾਰ) ਨੂੰ 12 ਵਜੇ ਪਿੰਡ ਦੁੱਗਰੀ (ਨੇੜੇ ਸਾਹਨੇਵਾਲ) ਹੋਵੇਗਾ।
ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਕਮੇਟੀ ਮੈਂਬਰ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ, ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਵਿੱਤ ਸਕੱਤਰ ਕਸਤੂਰੀ ਲਾਲ, ‘ਸੁਰਖ਼ ਲੀਹ’ ਦੇ ਮੁੱਖ ਸੰਪਾਦਕ ਜਸਪਾਲ ਜੱਸੀ, ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਦੇ ਪਾਵੇਲ ਕੁੱਸਾ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾਈ ਆਗੂ ਝੰਡਾ ਸਿੰਘ ਜੇਠੂਕੇ, ਰੂਪ ਸਿੰਘ ਛੰਨਾ, ਯੁਵਰਾਜ ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ ਦੇ ਆਗੂ ਸੌਦਾਗਰ ਸਿੰਘ ਘੁਡਾਣੀ ਕਲਾਂ, ਜ਼ਿਲ੍ਹਾ ਜਲੰਧਰ ਦੇ ਆਗੂ ਗੁਰਚਰਨ ਸਿੰਘ ਚਾਹਿਲ, ਮੋਹਣ ਸਿੰਘ ਬੱਲ, ਪਿ੍ਰੰਸੀਪਲ ਮਨਜੀਤ ਸਿੰਘ, ਫਾਰਮਾਸਿਸਟ ਐਸੋਸੀਏਸ਼ਨ ਦੇ ਆਗੂ ਡਾ. ਸੁਰਜੀਤ ਸਿੰਘ, ਲੋਕ ਮੋਰਚਾ ਪੰਜਾਬ ਦੇ ਆਗੂ ਮਾਸਟਰ ਕੁਲਵੰਤ ਸਿੰਘ ਤਰਕ, ਹਿੰਮਤ ਸਿੰਘ, ਮਨਜੀਤ ਕੌਰ, ਪਰਮਜੀਤ ਕੌਰ, ਬਲਵੀਰ ਸਿੰਘ ਗਿੱਲ ਚੰਡੀਗੜ੍ਹ ਸਮੇਤ ਸਾਕ-ਸੰਬੰਧੀ ਅਤੇ ਨਗਰ ਨਿਵਾਸੀ ਅੰਤਮ ਵਿਦਾਇਗੀ ਦੇ ਕਾਫ਼ਲੇ ਵਿਚ ਮੌਜੂਦ ਸਨ।ਉਹਨਾ ਸਮੇਤ ਵੱਡੀ ਗਿਣਤੀ ਵਿਚ ਜੁੜੇ ਲੋਕਾਂ ਨੇ ਫੁੱਲ ਮਾਲਾਵਾਂ ਪਾ ਕੇ ਉਸ ਦੇ ਜੀਵਨ ਸਫ਼ਰ ਨੂੰ ਸਲਾਮ ਕੀਤੀ।
ਜ਼ਿਕਰਯੋਗ ਹੈ ਕਿ ਗੁਲਜ਼ਾਰ ਸਿੰਘ ਲੰਮੇ ਅਰਸੇ ਤੋਂ ਲੰਮੀ ਖੁਰਾਕ ਨਾਲ਼ੀ ਵਿੱਚ ਅਲਸਰ ਤੋਂ ਪੀੜਤ ਸਨ।ਚਿਰਾਂ ਤੋਂ ਉਹ ਤਰਲ ਖਾਧ ਖੁਰਾਕ ਉਪਰ ਹੀ ਨਿਰਭਰ ਸਨ।ਸਖ਼ਤ ਮਿਹਨਤ-ਮੁਸ਼ੱਕਤ ਦਾ ਨਮੂਨਾ ਗੁਲਜ਼ਾਰ ਸਿੰਘ ਠੇਕੇ, ਵਟਾਈ ’ਤੇ ਜ਼ਮੀਨ ਲੈ ਕੇ ਜਾਨ ਹੂਲਵਾਂ ਕੰਮ ਕਰਦਾ ਰਿਹਾ।
ਉਸ ਨੇ ਐਮਰਜੈਂਸੀ ਅਤੇ ਦੋ-ਮੂੰਹੀਂ ਦਹਿਸ਼ਤਗਰਦੀ ਦੇ ਕਾਲੇ ਦਿਨਾਂ ਵਿਚ ਆਪਣੇ ਭਰਾ ਅਮੋਲਕ ਸਿੰਘ ਦਾ ਡਟਵਾਂ ਸਾਥ ਦਿੱਤਾ। ਕਿਸਾਨਾਂ, ਮਜ਼ਦੂਰਾਂ ਉਪਰ ਕੁਦਰਤੀ ਅਤੇ ਹਕੂਮਤੀ ਮਾਰਾਂ ਦੇ ਚੌਤਰਫੇ ਹੱਲਿਆਂ ਮੌਕੇ ਗੁਲਜ਼ਾਰ ਲੋਕ-ਪੱਖੀ ਲਹਿਰਾਂ ਦਾ ਦਿ੍ਰੜ੍ਹ ਸਮਰਥਕ ਰਿਹਾ। ਪਿੰਡ ਵਿੱਚ ਚੋਣਾਂ ਦੇ ਬਦਲ ’ਚ ਇਨਕਲਾਬੀ ਲੋਕ ਲਹਿਰ ਉਸਾਰਨ ਦੇ ਵਿਚਾਰਾਂ ਦਾ ਪ੍ਰਚਾਰਕ ਤੇ ਹਮਾਇਤੀ ਰਿਹਾ।
ਪਿੰਡ ਅਤੇ ਇਲਾਕੇ ਭਰ ਵਿਚ ਕਾਲ਼ੀ ਆਜ਼ਾਦੀ ਦਿਹਾੜਾ ਹੋਵੇ, ਸ਼ਹੀਦ ਤਰਸੇਮ ਬਾਵਾ ਦੋਰਾਹਾ ਦੀ ਬਰਸੀ ਹੋਵੇ, ਸਮਾਜ ਸੁਧਾਰਕ ਸਰਗਰਮੀਆਂ ਹੋਣ, 1981 ਦਾ ਬੱਸ ਕਿਰਾਇਆ ਘੋਲ਼ ਹੋਵੇ, ਗੁਲਜ਼ਾਰ ਉਸ ਟੀਮ ਦਾ ਹਮੇਸ਼ਾ ਸੰਗੀ-ਸਾਥੀ ਰਿਹਾ। ਜਿਹੜੀ ਪਿੰਡ ਅਤੇ ਇਲਾਕੇ ਵਿੱਚ ਲੋਕ ਹਿੱਤਾਂ ਜਾਂ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਦੇ ਸੁਪਨੇ ਸਾਕਾਰ ਕਰਨ ਲਈ ਹੋ ਰਹੀ ਹੋਵੇ।