ਮੀਂਹ ਦੇ ਆਸਾਰ

0
105

ਲੁਧਿਆਣਾ : ਮੌਸਮ ਵਿਭਾਗ ਨੇ ਆਉਣ ਵਾਲੇ ਚਾਰ ਦਿਨਾਂ ਲਈ ਬਾਹਰੀ ਖੇਤਰਾਂ ’ਚ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ, ਜਦੋਂਕਿ ਐਤਵਾਰ ਤੇ ਸੋਮਵਾਰ ਨੂੰ ਬੱਦਲ ਛਾਏ ਰਹਿਣ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਜੇ ਮੌਸਮ ਵਿਭਾਗ ਦੀ ਭਵਿੱਖਬਾਣੀ ਸਹੀ ਸਾਬਤ ਹੁੰਦੀ ਹੈ ਤਾਂ ਤਾਪਮਾਨ ’ਚ ਵੀ ਗਿਰਾਵਟ ਆਵੇਗੀ।
ਕਪੂਰਥਲਾ ਜੇਲ੍ਹ ’ਚ ਗੈਂਗਵਾਰ
ਜਲੰਧਰ : ਮਾਡਰਨ ਜੇਲ੍ਹ ਕਪੂਰਥਲਾ ’ਚ ਸ਼ੁੱਕਰਵਾਰ ਦੇਰ ਰਾਤ ਗੈਂਗਵਾਰ ’ਚ ਚਾਰ ਕੈਦੀ ਜ਼ਖਮੀ ਹੋ ਗਏ। ਪੁਰਾਣੇ ਝਗੜੇ ਨੂੰ ਲੈ ਕੇ ਦੋ ਧੜਿਆਂ ਵਿਚਾਲੇ ਖੂਨੀ ਝੜਪ ਦੌਰਾਨ ਦੋਹਾਂ ਧੜਿਆਂ ਦੇ ਮੈਂਬਰ ਜ਼ਖਮੀ ਹੋਏ ਅਤੇ ਇਨ੍ਹਾਂ ਵਿੱਚੋਂ ਮੁਕੇਸ਼ (35) ਨੂੰ ਹਾਲਤ ਗੰਭੀਰ ਹੋਣ ਕਾਰਨ ਮੈਡੀਕਲ ਕਾਲਜ ਅੰਮਿ੍ਰਤਸਰ ਰੈਫਰ ਕਰਨਾ ਪਿਆ। ਮੁਕੇਸ਼ ਤੋਂ ਇਲਾਵਾ ਜ਼ਖਮੀ ਹੋਣ ਵਾਲੇ ਸਿਮਰਨਜੀਤ ਸਿੰਘ, ਵਿਸ਼ਾਲ ਤੇ ਸੁਨੀਲ (34) ਹਨ। ਵਿਸ਼ਾਲ ਕਤਲ ਕੇਸ ’ਚ ਸਜ਼ਾ ਕੱਟ ਰਿਹਾ ਹੈ।
ਅੱਲੂ ਵੱਲੋਂ ਪੀੜਤ ਪਰਵਾਰ ਦੀ ਮਦਦ
ਹੈਦਰਾਬਾਦ : ਅਦਾਕਾਰ ਅੱਲੂ ਅਰਜੁਨ ਨੇ ਸ਼ੁੱਕਰਵਾਰ ਹੈਦਰਾਬਾਦ ਦੇ ਥੀਏਟਰ ’ਚ ‘ਪੁਸ਼ਪਾ 2’ ਫਿਲਮ ਦੇ ਪ੍ਰੀਮੀਅਰ ਸ਼ੋਅ ਦੌਰਾਨ ਦਮ ਘੁਟਣ ਕਾਰਨ ਮਰਨ ਵਾਲੀ ਔਰਤ ਦੇ ਪਰਵਾਰ ਨੂੰ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ। 42 ਸਾਲਾ ਅਦਾਕਾਰ ਨੇ ਕਿਹਾ ਕਿ ਉਹ ਦੁਖੀ ਪਰਵਾਰ ਨੂੰ ਨਿੱਜੀ ਤੌਰ ’ਤੇ ਵੀ ਮਿਲੇਗਾ। ਭਗਦੜ ਮਚਣ ਕਾਰਨ 35 ਸਾਲਾ ਔਰਤ ਦੀ ਮੌਤ ਹੋ ਗਈ ਸੀ ਅਤੇ ਉਸ ਦੇ 8 ਸਾਲਾ ਪੁੱਤਰ ਨੂੰ ਸਾਹ ਘੁਟਣ ਕਾਰਨ ਹਸਪਤਾਲ ’ਚ ਦਾਖਲ ਕਰਵਾਉਣਾ ਪਿਆ ਸੀ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਘਟਨਾ ਉਦੋਂ ਵਾਪਰੀ, ਜਦੋਂ ਵੱਡੀ ਗਿਣਤੀ ’ਚ ਪ੍ਰਸੰਸਕ ਸੰਧਿਆ ਥੀਏਟਰ ’ਚ ਸਿਤਾਰੇ ਦੀ ਝਲਕ ਪਾਉਣ ਲਈ ਇਕੱਠੇ ਹੋਏ ਸਨ। ਅੱਲੂ ਨੇ ਕਿਹਾ ਕਿ ਉਹ ਮੁੰਡੇ ਦੇ ਇਲਾਜ ਦਾ ਖਰਚਾ ਵੀ ਚੁੱਕੇਗਾ।
ਭਾਰਤੀਆਂ ਨੂੰ ਸਲਾਹ
ਨਵੀਂ ਦਿੱਲੀ : ਭਾਰਤ ਨੇ ਆਪਣੇ ਨਾਗਰਿਕਾਂ ਨੂੰ ਸੀਰੀਆ ਦੀ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ। ਵਿਦੇਸ਼ ਮੰਤਰਾਲੇ ਨੇ ਸੀਰੀਆ ’ਚ ਰਹਿ ਰਹੇ ਭਾਰਤੀਆਂ ਨੂੰ ਵੀ ਰਾਜਧਾਨੀ ਦਮਿਸ਼ਕ ’ਚ ਭਾਰਤੀ ਦੂਤਾਵਾਸ ਨਾਲ ਸੰਪਰਕ ਵਿੱਚ ਰਹਿਣ ਲਈ ਕਿਹਾ ਹੈ।