ਮੋਗਾ : ਜਲੰਧਰ ਦੇ ਪਿੰਡ ਮੰਡਿਆਲੀ ਦਾ ਡੁਬਈ ਤੋਂ ਪਰਤਿਆ 24 ਸਾਲਾ ਦੀਪਕ ਸ਼ੁੱਕਰਵਾਰ ਜਨੇਤ ਲੈ ਕੇ ਮੋਗਾ ਪੁੱਜਿਆ, ਪਰ ਉਸ ਨੂੰ ਬੈਰੰਗ ਪਰਤਣਾ ਪਿਆ, ਕਿਉਕਿ ਉੱਥੇ ਨਾ ਕੁੜੀ ਵਾਲੇ ਮਿਲੇ ਤੇ ਨਾ ਉਹ ਪੈਲੇਸ ਹੀ ਸੀ, ਜਿੱਥੇ ਜਨੇਤ ਨੇ ਢੁਕਣਾ ਸੀ।
ਇੰਸਟਾਗ੍ਰਾਮ ’ਤੇ ਤਿੰਨ ਸਾਲ ਪਹਿਲਾਂ ਦੋਸਤ ਬਣੀ ਮਨਪ੍ਰੀਤ ਕੌਰ ਨੂੰ ਵਿਆਹੁਣ ਲਈ ਦੀਪਕ ਡੇਢ ਸੌ ਜਨੇਤੀਏ ਲੈ ਕੇ ਪਹੁੰਚਿਆ ਸੀ। ਦੋਹਾਂ ਨੇ ਇੱਕ-ਦੂਜੇ ਨੂੰ ਦੇਖਿਆ ਕਦੇ ਨਹੀਂ ਸੀ ਅਤੇ ਫੋਨ ’ਤੇ ਹੀ ਦੋਹਾਂ ਧਿਰਾਂ ਦੇ ਪਰਵਾਰਾਂ ਨੇ ਵਿਆਹ ਤੈਅ ਕਰ ਲਿਆ ਸੀ। ਮੋਗਾ ਪੁੱਜ ਕੇ ਦੀਪਕ ਨੇ ਮਨਪ੍ਰੀਤ ਤੱਕ ਪੁੱਜਣ ਲਈ ਕਈ ਜਤਨ ਕੀਤੇ। ਉਸ ਨੇ ਕਿਹਾ ਕਿ ਉਸ ਦੇ ਘਰ ਵਾਲੇ ਜਨੇਤ ਨੂੰ ਪੈਲੇਸ ਤੱਕ ਗਾਈਡ ਕਰਨ ਲਈ ਪੁੱਜ ਰਹੇ ਹਨ, ਪਰ ਸ਼ਾਮ ਪੰਜ ਵਜੇ ਤੱਕ ਕੋਈ ਨਹੀਂ ਪੁੱਜਾ ਤੇ ਮਨਪ੍ਰੀਤ ਨੇ ਵੀ ਫੋਨ ਸਵਿੱਚ ਆਫ ਕਰ ਦਿੱਤਾ। ਆਖਰ ਜਨੇਤ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਪਰਤ ਗਈ। ਦੀਪਕ ਨੇ ਪੁਲਸ ਨੂੰ ਦੱਸਿਆ ਕਿ ਮਨਪ੍ਰੀਤ ਕਹਿੰਦੀ ਸੀ ਕਿ ਉਹ ਵਕੀਲ ਹੈ। ਉਸ ਨੇ ਵਿਆਹ ਦੇ ਪ੍ਰਬੰਧਾਂ ਲਈ ਮੰਗਣ ’ਤੇ ਮਨਪ੍ਰੀਤ ਨੂੰ 50 ਹਜ਼ਾਰ ਰੁਪਏ ਵੀ ਟਰਾਂਸਫਰ ਕੀਤੇ ਸਨ। ਉਸ ਨੇ ਰੋਜ਼ ਗਾਰਡਨ ਪੈਲੇਸ ਪੁੱਜਣ ਲਈ ਕਿਹਾ ਸੀ, ਪਰ ਪੁਲਸ ਨੇ ਕਿਹਾ ਕਿ ਇਸ ਨਾਂਅ ਦਾ ਸ਼ਹਿਰ ਵਿੱਚ ਕੋਈ ਪੈਲੇਸ ਹੀ ਨਹੀਂ।