ਨਵੀਂ ਦਿੱਲੀ : ਅਮਰੀਕਾ ਵੱਲੋਂ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਨ ਕਿ ਭਾਰਤ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਪਿੱਛੇ ਅਮਰੀਕੀ ‘ਡੀਪ ਸਟੇਟ’ ਤੱਤ ਹਨ, ਤੋਂ ਮਗਰੋਂ ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਐਤਵਾਰ ਕਿਹਾ ਕਿ ਭਾਜਪਾ ਦਾ ਹਮਲਾਵਰ ਵਤੀਰਾ ਭਾਰਤ ਲਈ ਸ਼ਰਮਿੰਦਗੀ ਦੀ ਗੱਲ ਹੈ। ਅਮਰੀਕਾ ਨੇ ਸ਼ਨਿੱਚਰਵਾਰ ਭਾਜਪਾ ਦੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ ਕਿ ਅਮਰੀਕੀ ਵਿਦੇਸ਼ ਮੰਤਰਾਲੇ ਵੱਲੋਂ ਫੰਡਿਡ ਸੰਸਥਾ ਅਤੇ ਅਮਰੀਕੀ ‘ਡੀਪ ਸਟੇਟ’ ਤੱਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਰੋਬਾਰੀ ਗੌਤਮ ਅਡਾਨੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾ ਰਹੇ ਹਮਲਿਆਂ ਰਾਹੀਂ ਭਾਰਤ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਦੇ ਪਿੱਛੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ‘ਡੀਪ ਸਟੇਟ’ ਸਰਕਾਰ, ਨੌਕਰਸ਼ਾਹੀ, ਖੁਫੀਆ ਏਜੰਸੀਆਂ ਤੇ ਹੋਰ ਸਰਕਾਰੀ ਸੰਸਥਾਵਾਂ ਦੇ ਅੰਦਰ ਸਥਾਪਤ ਇਕ ਅਣਅਧਿਕਾਰਤ ਗੁਪਤ ਨੈੱਟਵਰਕ ਹੈ। ਅਮਰੀਕੀ ਦੂਤਾਵਾਸ ਦੇ ਇਕ ਤਰਜਮਾਨ ਨੇ ਦੋਸ਼ਾਂ ਨੂੰ ਨਿਰਾਸ਼ਾਜਨਕ ਦੱਸਿਆ ਅਤੇ ਕਿਹਾ ਕਿ ਅਮਰੀਕਾ ਸਰਕਾਰ ਦੁਨੀਆ-ਭਰ ਵਿੱਚ ਮੀਡੀਆ ਦੀ ਆਜ਼ਾਦੀ ਦੀ ਪੈਰੋਕਾਰ ਰਹੀ ਹੈ। ਇਸ ਤੋਂ ਪਹਿਲਾਂ ਭਾਜਪਾ ਨੇ ਵੀਰਵਾਰ ਦੋਸ਼ ਲਾਇਆ ਸੀ ਕਿ ਅਮਰੀਕਾ ਦੀਆਂ ਸਰਕਾਰੀ ਸੰਸਥਾਵਾਂ ’ਚ ਸ਼ਾਮਲ ਤੱਤਾਂ ਨੇ ਭਾਰਤ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਲਈ ਮੀਡੀਆ ਪੋਰਟਲ ਓ ਸੀ ਸੀ ਆਰ ਪੀ (ਆਰਗੇਨਾਈਜ਼ਡ ਕ੍ਰਾਈਮ ਐਂਡ ਕੁਰੱਪਸ਼ਨ ਰਿਪੋਰਟਿੰਗ ਪ੍ਰਾਜੈਕਟ) ਅਤੇ ਕਾਂਗਰਸ ਆਗੂ ਰਾਹੁਲ ਗਾਂਧੀ ਨਾਲ ਮਿਲੀਭੁਗਤ ਕੀਤੀ।
ਥਰੂਰ ਨੇ ‘ਐਕਸ’ ਉੱਤੇ ਪਾਈ ਇਕ ਪੋਸਟ ’ਚ ਕਿਹਾਇਹ ਸਪੱਸ਼ਟ ਹੈ ਕਿ ਭਾਜਪਾ ਨੂੰ ਨਾ ਤਾਂ ਲੋਕਤੰਤਰ ਦੀ ਸਮਝ ਹੈ ਅਤੇ ਨਾ ਹੀ ਕੂਟਨੀਤੀ ਦੀ। ਉਹ ਹੋਛੀ ਸਿਆਸਤ ’ਚ ਐਨੇ ਅੰਨ੍ਹੇ ਹੋ ਗਏ ਹਨ ਕਿ ਉਹ ਲੋਕਤੰਤਰ ’ਚ ਆਜ਼ਾਦ ਮੀਡੀਆ ਅਤੇ ਜਿਊਂਦੀਆਂ ਆਜ਼ਾਦ ਨਾਗਰਿਕ ਸੰਸਥਾਵਾਂ ਦੀਆਂ ਕਦਰਾਂ ਨੂੰ ਭੁੱਲ ਗਏ ਹਨ ਅਤੇ ਉਹ ਪ੍ਰਮੁੱਖ ਦੇਸ਼ਾਂ ਨਾਲ ਚੰਗੇ ਸੰਬੰਧ ਬਣਾ ਕੇ ਰੱਖਣ ’ਚ ਸੱਤਾਧਾਰੀ ਪਾਰਟੀ ਦੀਆਂ ਜ਼ਿੰਮੇਵਾਰੀਆਂ ਤੋਂ ਅਣਜਾਨ ਹਨ।


