ਨਵੀਂ ਦਿੱਲੀ : ਕਾਂਗਰਸ ਨੇ ਸਰਕਾਰ ਵੱਲੋਂ ਭਾਰਤ-ਚੀਨ ਸੰਬੰਧਾਂ ਬਾਰੇ ਸੰਸਦ ’ਚ ਦਿੱਤੇ ਗਏ ਬਿਆਨ ਨੂੰ ਲੈ ਕੇ ਐਤਵਾਰ ਮੰਗ ਕੀਤੀ ਕਿ ਸੰਸਦ ਨੂੰ ਦੋਵੇਂ ਦੇਸ਼ਾਂ ਵਿਚਾਲੇ ਸੰਬੰਧਾਂ ਦੇ ਸੰਪੂਰਨ ਹਾਲਾਤ ਬਾਰੇ ਚਰਚਾ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਕਾਂਗਰਸ ਨੇ ਸਵਾਲ ਕੀਤਾ ਹੈ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਅਪਰੈਲ 2020 ਤੋਂ ਪਹਿਲਾਂ ਦੀ ‘ਪੁਰਾਣੀ ਆਮ ਸਥਿਤੀ’ ਦੀ ਜਗ੍ਹਾ ‘ਨਵੀਂ ਆਮ ਸਥਿਤੀ’ ਉੱਤੇ ਸਹਿਮਤ ਹੋ ਗਈ ਹੈ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਭਾਰਤ-ਚੀਨ ਸੰਬੰਧਾਂ ’ਤੇ ਸੰਸਦ ’ਚ ਚਰਚਾ ਰਣਨੀਤਕ ਤੇ ਆਰਥਕ ਨੀਤੀ ਦੋਹਾਂ ’ਤੇ ਕੇਂਦਰਤ ਹੋਣੀ ਚਾਹੀਦੀ ਹੈ, ਖਾਸ ਕਰ ਕੇ, ਇਸ ਵਾਸਤੇ ਕਿਉਂਕਿ ਚੀਨ ’ਤੇ ਦੇਸ਼ ਦੀ ਨਿਰਭਰਤਾ ਆਰਥਕ ਤੌਰ ’ਤੇ ਵਧ ਗਈ ਹੈ, ਜਦਕਿ ਉਸ ਨੇ ਚਾਰ ਸਾਲ ਪਹਿਲਾਂ ਸਾਡੀਆਂ ਸਰਹੱਦਾਂ ’ਤੇ ਸਥਿਤੀ ਨੂੰ ਇਕਪਾਸੜ ਤੌਰ ’ਤੇ ਬਦਲ ਦਿੱਤਾ ਸੀ।
ਰਮੇਸ਼ ਨੇ ਕਿਹਾ ਕਿ ਕਾਂਗਰਸ ਨੇ ਸੰਸਦ ਦੇ ਦੋਵੇਂ ਸਦਨਾਂ ਵਿੱਚ ‘ਚੀਨ ਨਾਲ ਭਾਰਤ ਦੇ ਸੰਬੰਧਾਂ ’ਚ ਹਾਲ ਦੇ ਘਟਨਾਕ੍ਰਮ’ ਸਿਰਲੇਖ ਨਾਲ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੱਲੋਂ ਦਿੱਤੇ ਗਏ ਬਿਆਨ ਦਾ ਅਧਿਐਨ ਕੀਤਾ ਹੈ।