ਅਹਿਮਦਾਬਾਦ : ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ’ਚ ਸੋਮਵਾਰ ਤੜਕੇ ਅਣਪਛਾਤੇ ਵਿਅਕਤੀਆਂ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਭੰਨਤੋੜ ਕਰ ਦਿੱਤੀ, ਜਿਸ ਨਾਲ ਬਾਬਾ ਸਾਹਿਬ ਦੇ ਪੈਰੋਕਾਰਾਂ ਅਤੇ ਸਥਾਨਕ ਲੋਕਾਂ ਵਿਚ ਰੋਸ ਫੈਲ ਗਿਆ। ਉਨ੍ਹਾਂ ਇਸ ਘਟਨਾ ਖਿਲਾਫ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ।
ਪੁਲਸ ਐੱਫ ਆਈ ਆਰ ਦਰਜ ਕਰਕੇ ਮੁਲਜ਼ਮਾਂ ਦੀ ਪਛਾਣ ਲਈ ਨੇੜਲੇ ਇਲਾਕਿਆਂ ਵਿਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ਼ ਦੀ ਜਾਂਚ ਕਰ ਰਹੀ ਹੈ। ਪੁਲਸ ਇੰਸਪੈਕਟਰ ਐੱਨ ਕੇ ਰਬਾਰੀ ਨੇ ਕਿਹਾ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਖੋਖਰਾ ਇਲਾਕੇ ’ਚ ਕੇ ਕੇ ਸ਼ਾਸਤਰੀ ਕਾਲਜ ਦੇ ਸਾਹਮਣੇ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਦੇ ਨੱਕ ਅਤੇ ਐਨਕਾਂ ਨੂੰ ਨੁਕਸਾਨ ਪਹੁੰਚਾਇਆ ਹੈ।
ਉਨ੍ਹਾ ਕਿਹਾ ਕਿ ਇਹ ਘਟਨਾ ਸੋਮਵਾਰ ਸਵੇਰੇ 8 ਵਜੇ ਤੋਂ ਪਹਿਲਾਂ ਵਾਪਰੀ। ਇਸ ਸੰਬੰਧੀ ਭਾਰਤੀ ਨਿਆਏ ਸੰਹਿਤਾ ਦੀ ਧਾਰਾ 196 (ਧਰਮ, ਨਸਲ, ਜਨਮ ਸਥਾਨ, ਰਿਹਾਇਸ਼ ਆਦਿ ਦੇ ਆਧਾਰ ’ਤੇ ਵੱਖ-ਵੱਖ ਭਾਈਚਾਰਿਆਂ ਵਿਚਕਾਰ ਦੁਸ਼ਮਣੀ ਨੂੰ ਉਤਸ਼ਾਹਤ ਕਰਨਾ) ਅਤੇ 298 (ਕਿਸੇ ਵੀ ਵਰਗ ਦੇ ਧਰਮ ਦਾ ਅਪਮਾਨ ਕਰਨ ਦੇ ਇਰਾਦੇ ਨਾਲ ਪੂਜਾ ਸਥਾਨ ਨੂੰ ਅਪਵਿੱਤਰ ਕਰਨਾ) ਦੇ ਤਹਿਤ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
ਗੁੱਸੇ ’ਚ ਆਏ ਲੋਕਾਂ ਨੇ ਮੂਰਤੀ ਦੇ ਨੇੜੇ ਪ੍ਰਦਰਸ਼ਨ ਕੀਤਾ ਅਤੇ ਭੰਨਤੋੜ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਰਬਾਰੀ ਨੇ ਕਿਹਾ ਕਿ ਪੁਲਸ ਨੇ ਉਨ੍ਹਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਹੈ। ਇਹ ਘਟਨਾ ਗੁਆਂਢੀ ਸੂਬੇ ਮਹਾਰਾਸ਼ਟਰ ਦੇ ਪਰਭਾਨੀ ਸ਼ਹਿਰ ’ਚ ਅਣਪਛਾਤੇ ਵਿਅਕਤੀ ਵੱਲੋਂ ਸੰਵਿਧਾਨ ਦੀ ਸ਼ੀਸ਼ੇ ਵਿੱਚ ਬੰਦ ਪ੍ਰਤੀਕਿ੍ਰਤੀ ਨੂੰ ਨੁਕਸਾਨ ਪਹੁੰਚਾਉਣ ਤੋਂ ਕੁਝ ਹਫਤੇ ਬਾਅਦ ਵਾਪਰੀ ਹੈ। ਮਹਾਰਾਸ਼ਟਰ ਵਿਚ ਸੰਵਿਧਾਨ ਦੀ ਉਹ ਪ੍ਰਤੀਕਿ੍ਰਤੀ ਬਾਬਾ ਸਾਹਿਬ ਦੀ ਮੂਰਤੀ ਨੇੜੇ ਲਾਈ ਗਈ ਸੀ। ਉਸ ਘਟਨਾ ਖਿਲਾਫ ਹਿੰਸਕ ਘਟਨਾਵਾਂ ਵਾਪਰੀਆਂ ਸਨ।


