ਕਿਸਾਨਾਂ ਨੇ ਫਿਰ ਲਈ ਅੰਗੜਾਈ

0
129

ਟੋਹਾਣਾ : ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਪੰਜਾਬ ਤੇ ਹਰਿਆਣਾ ਬਾਰਡਰ ’ਤੇ ਖਨੌਰੀ ਤੇ ਸ਼ੰਭੂ ਵਿਖੇ ਚੱਲ ਰਹੇ ਕਿਸਾਨ ਮੋਰਚੇ ਨੂੰ ਕਿਸਾਨ ਏਕਤਾ ਤੋੜਨ ਤੇ ਸਿੱਖਾਂ ਨੂੰ ਬਦਨਾਮ ਕਰਨ ਲਈ ਲਮਕਾ ਰਹੀ ਹੈ। ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਪ੍ਰੋਟੈੱਸਟ ਨੂੰ ਇਸ ਕਰਕੇ ਜਾਰੀ ਰਖਵਾ ਰਹੀ ਹੈ, ਤਾਂ ਜੋ ਉਹ ਦਿੱਲੀ ਦੇ ਪ੍ਰੋਟੈੱਸਟ ਨਾਲੋਂ ਵੱਡਾ ਲੱਗੇ। ਪੰਜਾਬ ਦੇ ਬਾਰਡਰ ’ਤੇ ਪ੍ਰੋਟੈੱਸਟ ਕੇਂਦਰ ਸਰਕਾਰ ਨੂੰ ਸੂਤ ਬੈਠ ਰਿਹਾ ਹੈ।
ਟਿਕੈਤ ਦੇ ਬਿਆਨ ਦੇ ਬਾਵਜੂਦ ਇੱਥੇ ਸੰਯੁਕਤ ਕਿਾਸਨ ਮੋਰਚੇ ਦੀ ਮਹਾਂ-ਪੰਚਾਇਤ ਵਿੱਚ ਬੋਲਣ ਵਾਲੇ ਆਗੂਆਂ ਨੇ ਮਰਨ ਵਰਤ ’ਤੇ ਚੱਲ ਰਹੇ ਜਗਜੀਤ ਸਿੰਘ ਡੱਲੇਵਾਲ ਦੀ ਵਿਗੜ ਰਹੀ ਹਾਲਤ ’ਤੇ ਚਿੰਤਾ ਪ੍ਰਗਟਾਈ। ਉਨ੍ਹਾ ਕਿਹਾ ਕਿ ਜੇ ਡੱਲੇਵਾਲ ਨਾਲ ਕੁਝ ਮਾੜਾ ਹੋ ਗਿਆ ਤਾਂ ਉਸ ਲਈ ਕੇਂਦਰ ਤੇ ਹਰਿਆਣਾ ਦੀਆਂ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ। ਟਿਕੈਤ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਡੱਲੇਵਾਲ ਨੂੰ ਬਚਾਉਣ ਲਈ ਕਦਮ ਚੁੱਕੇ। ਉਨ੍ਹਾ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਏਕਤਾ ਲਈ ਗਠਿਤ ਕਮੇਟੀ ਪਹਿਲਾਂ ਹੀ ਇਸ ਲਈ ਜਤਨ ਕਰ ਰਹੀ ਹੈ। ਟਿਕੈਤ ਨੇ ਕਿਹਾ ਕਿ ਸ਼ੰਭੂ ਤੇ ਖਨੌਰੀ ਦੇ ਅੰਦੋਲਨ ਨੂੰ ਚਾਰ-ਪੰਜ ਮਹੀਨੇ ਹੋਰ ਲਮਕਾਇਆ ਜਾ ਸਕਦਾ ਹੈ, ਤਾਂ ਕਿ ਇਹ ਦਿਖਾਇਆ ਜਾ ਸਕੇ ਕਿ ਪੰਜਾਬ ਵਿੱਚ 14-15 ਮਹੀਨੇ ਪ੍ਰੋਟੈੱਸਟ ਚੱਲਿਆ। ਕੇਂਦਰ ਸਰਕਾਰ ਗੱਲਬਾਤ ਚਾਰ-ਪੰਜ ਮਹੀਨੇ ਬਾਅਦ ਸ਼ੁਰੂ ਕਰੇਗੀ, ਤਾਂ ਕਿ ਇਹ ਪੋ੍ਰਟੈੱਸਟ ਦਿੱਲੀ ਮੋਰਚੇ ਨਾਲੋਂ ਵੱਧ ਸਮਾਂ ਚੱਲ ਕੇ ਉਸ ਨੂੰ ਛੁਟਿਆ ਦੇਵੇ। ਇਸ ਪ੍ਰੋਟੈੱਸਟ ਨੂੰ ਲਮਕਾ ਕੇ ਕੇਂਦਰ ਸਰਕਾਰ ਕਿਸਾਨ ਫੋਰਮਾਂ ਵਿਚਾਲੇ ਪਾੜਾ ਪਾਉਣ ਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਸੰਯੁਕਤ ਕਿਸਾਨ ਮੋਰਚੇ ਦੀ ਸਮੁੱਚੀ ਲੀਡਰਸ਼ਿਪ ਟੋਹਾਨਾ ਪੁੱਜੀ ਹੋਈ ਸੀ। ਰੈਲੀ ਨੇ ਮੰਗ ਕੀਤੀ ਕਿ ਖੇਤੀਬਾੜੀ ਮੰਡੀਕਰਨ ਦੀ ਕੌਮੀ ਨੀਤੀ ਦਾ ਖਰੜਾ ਕੇਂਦਰ ਸਰਕਾਰ ਵਾਪਸ ਲਵੇ ਤੇ ਕਿਸਾਨ ਜਥੇਬੰਦੀਆਂ ਨਾਲ ਗੱਲ ਕਰੇ। ਮਹਾਂ-ਪੰਚਾਇਤ ਵਿੱਚ ਐਲਾਨ ਕੀਤਾ ਗਿਆ ਕਿ ਮੋਰਚੇ ਦੀ 24 ਜਨਵਰੀ ਨੂੰ ਦਿੱਲੀ ਵਿੱਚ ਮੀਟਿੰਗ ਹੋਵੇਗੀ, ਜਿਸ ’ਚ ਅਗਲੀ ਰਣਨੀਤੀ ਐਲਾਨੀ ਜਾਵੇਗੀ। ਮਹਾਂਪੰਚਾਇਤ ਨੇ ਮੰਡੀਕਰਨ ਬਾਰੇ ਖਰੜੇ ਨੂੰ ਸਰਬਸੰਮਤੀ ਨਾਲ ਰੱਦ ਕੀਤਾ ਤੇ ਸਾਰੀਆਂ ਪੰਚਾਇਤਾਂ ਨੂੰ ਬੇਨਤੀ ਕੀਤੀ ਕਿ ਉਹ ਇਸ ਨੂੰ ਰੱਦ ਕਰਕੇ ਇਸ ਬਾਰੇ ਕੇਂਦਰ ਸਰਕਾਰ ਨੂੰ 10 ਜਨਵਰੀ ਤੱਕ ਮਤੇ ਘੱਲਣਗੇ। ਮਹਾਂ-ਪੰਚਾਇਤ ’ਚ ਜੋਗਿੰਦਰ ਸਿੰਘ ਉਗਰਾਹਾਂ, ਦਰਸ਼ਨ ਪਾਲ, ਇੰਦਰਜੀਤ ਸਿੰਘ ਤੇ ਬਲਦੇਵ ਸਿੰਘ ਨਿਹਾਲਗੜ੍ਹ ਵੀ ਮੌਜੂਦ ਸਨ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸਨਿੱਚਰਵਾਰ ਹੋਰਨਾਂ ਰਾਜਾਂ ਦੀਆਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਸੂਬਿਆਂ ਵਿਚ ਐੱਮ ਐੱਸ ਪੀ ਦੀ ਕਾਨੂੰਨੀ ਗਾਰੰਟੀ ਲਈ ਲੜਾਈ ਲੜਨ, ਤਾਂ ਕਿ ਕੇਂਦਰ ਨੂੰ ਇਹ ਸੁਨੇਹਾ ਜਾਵੇ ਕਿ ਇਹ ਇਕੱਲੀ ਪੰਜਾਬ ਦੀ ਲੜਾਈ ਨਹੀਂ। ਖਨੌਰੀ ਬਾਰਡਰ ਉੱਤੇ ‘ਕਿਸਾਨ ਮਹਾਂ-ਪੰਚਾਇਤ’ ਨੂੰ ਸੰਬੋਧਨ ਦੌਰਾਨ ਉਨ੍ਹਾ ਕਿਹਾ, ‘ਪੂਰੇ ਦੇਸ਼ ਵਿਚ ਸੱਤ ਲੱਖ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਜੇ ਅਸੀਂ ਬੈਠ ਜਾਈਏ ਤੇ ਇਹ ਸੋਚੀਏ ਕਿ ਇਹ ਮੁਸ਼ਕਲ ਕੰਮ ਹੈ, ਤਾਂ ਅਸੀਂ ਇਸ ਨੂੰ ਪੂਰਾ ਨਹੀਂ ਕਰ ਸਕਦੇ। ਕੀ ਅਸੀਂ ਉਨ੍ਹਾਂ (ਕਿਸਾਨਾਂ) ਨੂੰ ਮਰਨ ਦੇਈਏ।’