ਸੁਪਰੀਮ ਕੋਰਟ ਦੀ ਕਮੇਟੀ ਵੱਲੋਂ ਇਲਾਜ ਦਾ ਸੁਝਾਅ ਡੱਲੇਵਾਲ ਨਹੀਂ ਮੰਨੇ

0
104

ਪਟਿਆਲਾ (ਰਾਜਿੰਦਰ ਸਿੰਘ ਥਿੰਦ)
ਕਿਸਾਨੀ ਮਸਲਿਆਂ ਨੂੰ ਘੋਖਣ ਲਈ ਸੁਪਰੀਮ ਕੋਰਟ ਵੱਲੋਂ ਸੇਵਾਮੁਕਤ ਜੱਜ ਜਸਟਿਸ ਨਾਇਬ ਸਿੰਘ ਦੀ ਅਗਵਾਈ ਹੇਠ ਗਠਤ ਕੀਤੀ ਗਈ ਉੱਚ ਤਾਕਤੀ ਕਮੇਟੀ ਨੇ ਢਾਬੀ ਗੁੱਜਰਾਂ ਬਾਰਡਰ ’ਤੇ ਸੋਮਵਾਰ ਬਾਅਦ ਦੁਪਹਿਰ ਮਰਨ ਵਰਤ ’ਤੇ ਚੱਲ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੀਟਿੰਗ ਕੀਤੀ। ਕਮੇਟੀ ਨੇ ਡੱਲੇਵਾਲ ਨੂੰ ਇਲਾਜ ਕਰਵਾਉਣ ਜਾਂ ਫਿਰ ਹਲਕੀ ਮੈਡੀਕਲ ਡੋਜ਼ ਲੈਣ ਦੀ ਬੇਨਤੀ ਕੀਤੀ, ਜਿਸ ਨੂੰ ਕਿਸਾਨ ਆਗੂ ਨੇ ਨਕਾਰ ਦਿੱਤਾ।
ਡੱਲੇਵਾਲ ਨੇ ਕਮੇਟੀ ਨੂੰ ਇਹ ਯਕੀਨੀ ਬਣਾਉਣ ਦੀ ਬੇਨਤੀ ਕੀਤੀ ਕਿ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਹਦਾਇਤਾਂ ਜਾਰੀ ਕਰੇ, ਤਾਂ ਜੋ ਦੇਸ਼ ਦੇ ਲੱਖਾਂ ਕਿਸਾਨਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ। ਬਾਅਦ ’ਚ ਕਮੇਟੀ ਮੈਂਬਰਾਂ ਨੇ ਕਿਸਾਨ ਮੋਰਚੇ ’ਚ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਤਿਆਰ ਕੀਤਾ ਗਿਆ ਲੰਗਰ ਵੀ ਛਕਿਆ।
ਜਸਟਿਸ ਨਵਾਬ ਸਿੰਘ ਦੀ ਅਗਵਾਈ ਵਾਲੀ ਕਮੇਟੀ ’ਚ ਸਾਬਕਾ ਡੀ ਜੀ ਪੀ ਬੀ ਐੱਸ ਸੰਧੂ, ਅਰਥ ਸ਼ਾਸਤਰੀ ਆਰ ਐੱਸ ਘੁੰਮਣ, ਖੇਤੀ ਮਾਹਰ ਦਵਿੰਦਰ ਸ਼ਰਮਾ ਅਤੇ ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਸੁਖਪਾਲ ਸਿੰਘ ਸ਼ਾਮਲ ਹਨ। ਇਸ ਮੌਕੇ ਪੰਜਾਬ ਦੇ ਸੀਨੀਅਰ ਸਿਵਲ ਤੇ ਪੁਲਸ ਅਧਿਕਾਰੀ ਵੀ ਮੌਜੂਦ ਸਨ। ਮੀਟਿੰਗ ’ਚ ਹਾਜ਼ਰ ਰਹੇ ਸੇਵਾਮੁਕਤ ਡੀ ਆਈ ਜੀ ਨਰਿੰਦਰ ਭਾਰਗਵ ਦਾ ਕਹਿਣਾ ਸੀ ਕਿ ਇਹ ਹਾਂ-ਪੱਖੀ ਕਦਮ ਹੈ ਅਤੇ ਆਸ ਹੈ ਕਿ ਗੁਰਪੁਰਬ ਮੌਕੇ ਹੋਈ ਇਹ ਸ਼ੁਰੁਆਤ ਕਿਸਾਨਾਂ ਅਤੇ ਸਰਕਾਰ ਦਰਮਿਆਨ ਗੱਲਬਾਤ ਦਾ ਪੁਲ ਸਾਬਤ ਹੋਵੇਗੀ।
ਇਸ ਤੋਂ ਪਹਿਲਾਂ ਸੁਪਰੀਮ ਕੋਰਟ ’ਚ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਜਸਟਿਸ ਸੂਰੀਆਕਾਂਤ ਤੇ ਜਸਟਿਸ ਐੱਨ ਕੋਟਿਸ਼ਵਰ ਸਿੰਘ ਦੀ ਬੈਂਚ ਨੂੰ ਸੂਚਿਤ ਕੀਤਾ ਸੀ ਕਿ ਉਹ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਜਸਟਿਸ (ਸੇਵਾਮੁਕਤ) ਨਵਾਬ ਸਿੰਘ ਨਾਲ ਮਿਲਣ ਲਈ ਰਾਜ਼ੀ ਕਰਨ ’ਚ ਸਫਲ ਰਹੇ ਹਨ, ਜੋ ਕਮੇਟੀ ਦੇ ਪ੍ਰਧਾਨ ਹਨ। ਸਿੱਬਲ ਨੇ ਕਿਹਾਅਸੀਂ ਉਨ੍ਹਾਂ ਨੂੰ ਮਨਾਉਣ ’ਚ ਸਫਲ ਹੋ ਗਏ ਹਾਂ। ਕਿ੍ਰਪਾ ਮਾਮਲੇ ਨੂੰ ਕਿਸੇ ਹੋਰ ਦਿਨ ਲਈ ਮੁਲਤਵੀ ਕੀਤਾ ਜਾਵੇ। ਸਾਨੂੰ ਕੁਝ ਸਫਲਤਾ ਦੀ ਆਸ ਹੈ।
ਇਸ ’ਤੇ ਬੈਂਚ ਨੇ ਕਿਹਾਆਸ ਹੈ ਕਿ ਸਾਰਿਆਂ ਨੂੰ ਸਦਬੁੱਧੀ ਆਵੇਗੀ। ਬੈਂਚ ਨੇ ਸਿੱਬਲ ਨੂੰ ਵਿਚਾਰ-ਚਰਚਾ ਨੂੰ ਲੈ ਕੇ ਸੰਖੇਪ ਨੋਟ ਤਿਆਰ ਕਰਨ ਨੂੰ ਕਿਹਾ ਅਤੇ ਸੁਣਵਾਈ 10 ਜਨਵਰੀ ਲਈ ਮੁਲਤਵੀ ਕਰ ਦਿੱਤੀ। ਕੇਂਦਰ ਵੱਲੋਂ ਪੇਸ਼ ਹੋਏ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਕਮੇਟੀ ਮੀਟਿੰਗ ਦੇ ਨਤੀਜੇ ’ਤੇ ਇਕ ਸੰਖੇਪ ਨੋਟ ਦਾਖਲ ਕਰੇਗੀ। ਜਸਟਿਸ ਸੂਰੀਆਕਾਂਤ ਨੇ ਇਸ ’ਤੇ ਸਹਿਮਤੀ ਜ਼ਾਹਰ ਕਰਦੇ ਹੋਏ ਕਿਹਾ ਕਿ ਆਸ ਹੈ ਕਿ ਕਮੇਟੀ ਇਕ ਨੋਟ ਦਾਖਲ ਕਰੇਗੀ।