ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਭਾਜਪਾ ਆਗੂ ਸ਼ਾਹਨਵਾਜ਼ ਹੁਸੈਨ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਹੇਠਲੀ ਅਦਾਲਤ ਨੇ ਪੁਲਸ ਨੂੰ ਦਿੱਲੀ ਵਿਚ ਰਹਿੰਦੀ ਔਰਤ ਦੀ ਸ਼ਿਕਾਇਤ ’ਤੇ ਹੁਸੈਨ ਵਿਰੁੱਧ ਬਲਾਤਕਾਰ ਦਾ ਮਾਮਲਾ ਦਰਜ ਕਰਨ ਦਾ ਹੁਕਮ ਦਿੱਤਾ ਸੀ। ਜਸਟਿਸ ਆਸ਼ਾ ਮੈਨਨ ਨੇ ਬੁੱਧਵਾਰ ਕਿਹਾ ਕਿ ਐੱਫ ਆਈ ਆਰ ਦਰਜ ਕਰਨ ਲਈ ਹੇਠਲੀ ਅਦਾਲਤ ਦੇ 2018 ਦੇ ਨਿਰਦੇਸ਼ਾਂ ਵਿਚ ਕੁਝ ਵੀ ਗਲਤ ਨਹੀਂ ਹੈ ਅਤੇ ਅੰਤਰਮ ਆਦੇਸ਼ ਰੱਦ ਕੀਤਾ ਜਾਂਦਾ ਹੈ। ਅਦਾਲਤ ਨੇ ਆਪਣੇ ਹੁਕਮ ਵਿੱਚ ਕਿਹਾਮੌਜੂਦਾ ਪਟੀਸ਼ਨ ਵਿਚਾਰਨਯੋਗ ਨਹੀਂ ਹੈ। ਪਟੀਸ਼ਨ ਖਾਰਜ ਕੀਤੀ ਜਾਂਦੀ ਹੈ। ਅੰਤਰਮ ਹੁਕਮ ਨੂੰ ਪਾਸੇ ਕਰ ਦਿੱਤਾ ਗਿਆ ਹੈ। ਐੱਫ ਆਈ ਆਰ ਤੁਰੰਤ ਦਰਜ ਕੀਤੀ ਜਾਵੇ। ਜਾਂਚ ਪੂਰੀ ਕੀਤੀ ਜਾਣੀ ਚਾਹੀਦੀ ਹੈ ਅਤੇ ਜ਼ਾਬਤਾ ਫੌਜਦਾਰੀ ਦੀ ਧਾਰਾ 173 ਦੇ ਤਹਿਤ ਵਿਸਤਿ੍ਰਤ ਰਿਪੋਰਟ ਤਿੰਨ ਮਹੀਨਿਆਂ ਦੇ ਅੰਦਰ ਮੈਟਰੋਪੋਲੀਟਨ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤੀ ਜਾਣੀ ਚਾਹੀਦੀ ਹੈ।
ਜਸਟਿਸ ਮੈਨਨ ਨੇ ਕਿਹਾ ਕਿ ਪੁਲਸ ਦੀ ਸਟੇਟਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਔਰਤ ਦੇ ਚਾਰ ਵਾਰ ਬਿਆਨ ਲਏ ਗਏ, ਪਰ ਫਿਰ ਇਹ ਨਹੀਂ ਦੱਸਿਆ ਗਿਆ ਕਿ ਐੱਫ ਆਈ ਆਰ ਕਿਉ ਨਹੀਂ ਦਰਜ ਕੀਤੀ ਗਈ। ਐੱਫ ਆਈ ਆਰ ਤੋਂ ਬਾਅਦ ਹੀ ਮਸ਼ੀਨਰੀ ਹਰਕਤ ਵਿਚ ਆਉਦੀ ਹੈ। ਇਹ ਅਪਰਾਧ ਦੀ ਜਾਂਚ ਦਾ ਆਧਾਰ ਹੁੰਦੀ ਹੈ। ਜਾਂਚ ਤੋਂ ਬਾਅਦ ਹੀ ਪੁਲਸ ਨਤੀਜੇ ’ਤੇ ਪੁੱਜਦੀ ਹੈ ਕਿ ਅਪਰਾਧ ਕੀਤਾ ਗਿਆ ਕਿ ਨਹੀਂ ਤੇ ਜੇ ਕੀਤਾ ਗਿਆ ਤਾਂ ਕਿਸ ਨੇ ਕੀਤਾ? ਇਸ ਕੇਸ ਵਿਚ ਪੁਲਸ ਨੇ ਐੱਫ ਆਈ ਆਰ ਦਰਜ ਕਰਨ ਵਿਚ ਪੂਰੀ ਤਰ੍ਹਾਂ ਹਿਚਕਚਾਹਟ ਦਿਖਾਈ ਹੈ। ਮੈਜਿਸਟਰੇਟ ਕੋਰਟ ਨੇ 7 ਜੁਲਾਈ 2018 ਨੂੰ ਐੱਫ ਆਈ ਆਰ ਦਰਜ ਕਰਨ ਦਾ ਹੁਕਮ ਦਿੰਦਿਆਂ ਕਿਹਾ ਸੀ ਕਿ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਬਣਦਾ ਹੈ। ਸ਼ਾਹਨਵਾਜ਼ ਨੇ ਇਸ ਨੂੰ ਸੈਸ਼ਨ ਕੋਰਟ ਵਿਚ ਚੈਲੰਜ ਕੀਤਾ ਸੀ, ਪਰ ਉਨ੍ਹਾ ਦੀ ਅਪੀਲ ਰੱਦ ਹੋ ਗਈ ਸੀ। 13 ਜੁਲਾਈ 2018 ਨੂੰ ਦਿੱਲੀ ਹਾਈ ਕੋਰਟ ਨੇ ਐੱਫ ਆਈ ਆਰ ਦਰਜ ਕਰਨ ਦੇ ਹੁਕਮ ’ਤੇ ਅੰਤਰਮ ਰੋਕ ਲਾ ਦਿੱਤੀ ਸੀ ਅਤੇ ਸ਼ਾਹਨਵਾਜ਼ ਦੀ ਦਲੀਲ ’ਤੇ ਔਰਤ ਤੇ ਪੁਲਸ ਤੋਂ ਜਵਾਬ ਮੰਗਿਆ ਸੀ। ਸ਼ਾਹਨਵਾਜ਼ ਨੇ ਹੇਠਲੀ ਅਦਾਲਤ ਦੇ ਹੁਕਮ ਨੂੰ ਚੈਲੰਜ ਕਰਦਿਆਂ ਦਲੀਲ ਦਿੱਤੀ ਸੀ ਕਿ ਪੁਲਸ ਦੇ ਇਸ ਸਟੈਂਡ ਕਿ ਸ਼ਿਕਾਇਤਕਰਤਾ ਦੇ ਦੋਸ਼ਾਂ ਵਿਚ ਦਮ ਨਹੀਂ, ਹੇਠਲੀ ਅਦਾਲਤ ਨੇ ਐੱਫ ਆਈ ਆਰ ਦਰਜ ਕਰਨ ਦੇ ਹੁਕਮ ਦੇ ਦਿੱਤੇ। ਔਰਤ ਦੇ ਵਕੀਲ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਲਲਿਤਾ ਕੁਮਾਰੀ ਕੇਸ ਵਿਚ ਨਿਰਦੇਸ਼ਾਂ ਦੀ ਰੌਸ਼ਨੀ ਵਿਚ ਐੱਫ ਆਈ ਆਰ ਦਰਜ ਕਰਨੀ ਹੀ ਹੁੰਦੀ ਹੈ।
ਇਸੇ ਦੌਰਾਨ ਸਾਬਕਾ ਕੇਂਦਰੀ ਮੰਤਰੀ ਸ਼ਾਹਨਵਾਜ਼ ਹੁਸੈਨ ਨੇ ਦਿੱਲੀ ਹਾਈ ਕੋਰਟ ਦੇ ਹੁਕਮ ਨੂੰ ਸੁਪਰੀਮ ਕੋਰਟ ਵਿਚ ਚੈਲੰਜ ਕਰਕੇ ਇਸ ’ਤੇ ਅਮਲ ਰੋਕਣ ਦੀ ਮੰਗ ਕੀਤੀ ਹੈ। ਉਨ੍ਹਾ ਕਿਹਾ ਕਿ ਹਾਈ ਕੋਰਟ ਦਾ ਹੁਕਮ ਉਨ੍ਹਾ ਦੇ 30 ਸਾਲਾਂ ਦੇ ਰੈਪੂਟੇਸ਼ਨ ਨੂੰ ਤਬਾਹ ਕਰ ਦੇਵੇਗਾ। ਚੀਫ ਜਸਟਿਸ ਐੱਨ ਵੀ ਰਮੰਨਾ ਦੀ ਅਗਵਾਈ ਵਾਲੀ ਬੈਂਚ ਇਸ ’ਤੇ ਅਗਲੇ ਹਫਤੇ ਸੁਣਵਾਈ ਕਰਨ ਲਈ ਰਾਜ਼ੀ ਹੋ ਗਈ ਹੈ।




