ਟਰੰਪ ਦੇ ਤਾਜਪੋਸ਼ੀ ਸਮਾਰੋਹ ’ਚ ਜੈਸ਼ੰਕਰ ਜਾਣਗੇ

0
129

ਨਵੀਂ ਦਿੱਲੀ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ 20 ਜਨਵਰੀ ਨੂੰ ਵਾਸ਼ਿੰਗਟਨ ਡੀ ਸੀ ਵਿੱਚ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਲਫਦਾਰੀ ਸਮਾਗਮ ’ਚ ਭਾਰਤ ਦੀ ਨੁਮਾਇੰਦਗੀ ਕਰਨਗੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜੈਸ਼ੰਕਰ ਟਰੰਪ ਪ੍ਰਸ਼ਾਸਨ ਦੇ ਹੋਰਨਾਂ ਨੁਮਾਇੰਦਿਆਂ ਤੋਂ ਇਲਾਵਾ ਹਲਫਦਾਰੀ ਸਮਾਗਮ ’ਚ ਸ਼ਾਮਲ ਹੋਣ ਵਾਲੇ ਹੋਰਨਾਂ ਮੁਲਕਾਂ ਦੇ ਪ੍ਰਤੀਨਿਧਾਂ ਨੂੰ ਵੀ ਮਿਲਣਗੇ।
28 ਵਰਕਰਾਂ ਨੂੰ ਬਚਾਇਆ
ਕਨੌਜ : ਯੂ ਪੀ ਦੇ ਕੰਨੌਜ ਰੇਲਵੇ ਸਟੇਸ਼ਨ ਉੱਤੇ ਸਨਿੱਚਰਵਾਰ ਉਸਾਰੀ ਅਧੀਨ ਇਮਾਰਤ ਦੀ ਛੱਤ ਡਿੱਗਣ ਮਗਰੋਂ ਪਿਛਲੇ 16 ਘੰਟਿਆਂ ਤੋਂ ਜਾਰੀ ਰਾਹਤ ਤੇ ਬਚਾਅ ਕਾਰਜਾਂ ਤੋਂ ਬਾਅਦ 28 ਵਰਕਰਾਂ ਨੂੰ ਮਲਬੇ ਹੇਠੋਂ ਸੁਰੱਖਿਅਤ ਕੱਢਿਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਕਾਮਿਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾਲ ਦੀ ਘੜੀ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਤਿੰਨ ਹੋਰ ਨਕਸਲੀ ਮਾਰੇ
ਬੀਜਾਪੁਰ : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਨਕਸਲੀ ਮਾਰੇ ਗਏ ਹਨ। ਬਸਤਰ ਰੇਂਜ ਦੇ ਆਈ ਜੀ ਪੀ ਸੁੰਦਰਰਾਜ ਨੇ ਦੱਸਿਆ ਕਿ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨੇ ਇੰਦਰਾਵਤੀ ਨੈਸ਼ਨਲ ਪਾਰਕ ਦੇ ਜੰਗਲ ਵਿੱਚ ਅਪ੍ਰੇਸ਼ਨ ਚਲਾਇਆ ਸੀ, ਜਿੱਥੇ ਨਕਸਲੀਆਂ ਨਾਲ ਮੁਕਾਬਲਾ ਹੋ ਗਿਆ। ਦੁਵੱਲੀ ਗੋਲੀਬਾਰੀ ਰੁਕਣ ਮਗਰੋਂ ਤਿੰਨ ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ ਤੇ ਇਨ੍ਹਾਂ ਕੋਲੋਂ ਆਟੋਮੈਟਿਕ ਹਥਿਆਰ ਤੇ ਧਮਾਕਾਖੇਜ ਸਮਗਰੀ ਵੀ ਮਿਲੀ ਹੈ। ਇਸ ਸਾਲ ਹੁਣ ਤੱਕ ਵੱਖ-ਵੱਖ ਮੁਕਾਬਲਿਆਂ ਵਿੱਚ 12 ਨਕਸਲੀ ਮਾਰੇ ਗਏ ਹਨ।
ਇੱਕ ਹੋਰ ਕਿਸਾਨ ਦੀ ਜਾਨ ਗਈ
ਮੂਨਕ (ਰਾਜਪਾਲ)-ਖਨੌਰੀ ਮੋਰਚੇ ਉੱਪਰ ਬਿਮਾਰ ਹੋਣ ਉਪਰੰਤ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਏ ਗਏ ਕਿਸਾਨ ਜੱਗਾ ਸਿੰਘ (80) ਪੁੱਤਰ ਦਰਬਾਰਾ ਸਿੰਘ ਪਿੰਡ ਗੋਂਦਾਰਾ, ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਦੀ ਐਤਵਾਰ ਮੌਤ ਹੋ ਗਈ। ਜੱਗਾ ਸਿੰਘ ਐੱਸ ਸੀ ਭਾਈਚਾਰੇ ਨਾਲ ਸੰਬੰਧਤ ਸੀ ਅਤੇ ਬੀ ਕੇ ਯੂ ਸਿੱਧੂਪੁਰ ਦਾ ਮੈਂਬਰ ਸੀ। ਉਹ 5 ਪੁੱਤਰਾਂ ਅਤੇ ਇੱਕ ਧੀ ਦਾ ਪਿਤਾ ਸੀ।