2 ਨੌਜਵਾਨਾਂ ਦੀ ਮੌਤ, 3 ਗੰਭੀਰ ਜ਼ਖਮੀ

0
120

ਪਟਿਆਲਾ. (ਰਾਜਿੰਦਰ ਸਿੰਘ ਥਿੰਦ) : ਦਿੱਲੀ-ਸੰਗਰੂਰ ਕੌਮੀ ਮਾਰਗ ’ਤੇ ਪਾਤੜਾਂ ਕੋਲ ਪਿੰਡ ਦੁਗਾਲ ਕਲਾਂ ਨੇੜੇ ਸ਼ੁੱਕਰਵਾਰ ਦੇਰ ਰਾਤ ਵਰਨਾ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟਣ ਕਾਰਨ 2 ਨੌਜਵਾਨਾਂ ਦੀ ਮੌਤ ਹੋ ਗਈ ਅਤੇ 3 ਜ਼ਖਮੀ ਹੋ ਗਏ। ਸੜਕ ਸੁਰੱਖਿਆ ਫੋਰਸ ਦੇ ਦਸਤੇ ਨੇ ਦੱਸਿਆ ਹੈ ਕਿ ਰਾਤ ਕਰੀਬ ਡੇਢ ਵਜੇ ਇਹ ਵਿਅਕਤੀ ਦਿੜ੍ਹਬੇ ਤੋਂ ਵਿਆਹ ਦੇਖ ਕੇ ਹਰਿਆਣਾ ਦੇ ਸ਼ਹਿਰ ਜਾਖਲ ਪਰਤ ਰਹੇ ਸਨ। ਅੰਸ਼ੁਲ ਗਰਗ (23) ਤੇ ਅਤੁਲ (27) ਦੀ ਮੌਤ ਹੋ ਗਈ, ਜਦੋਂ ਕਿ ਹਿਮਾਂਸ਼ੂ ਗਰਗ ਅਤੇ ਸਾਹਿਲ ਸਮੇਤ ਤਿੰਨ ਨੌਜਵਾਨਾਂ ਨੂੰ ਪਟਿਆਲਾ ਦੇ ਹਸਪਤਾਲ ਲਿਜਾਇਆ ਗਿਆ।
ਬੱਸ-ਬਾਈਕ ਟੱਕਰ ’ਚ ਭਲਵਾਨ ਦੀ ਮੌਤ
ਧਾਰੀਵਾਲ. (ਮਨਦੀਪ ਸਿੰਘ ਵਿੱਕੀ)-ਸਕੂਲ ਬੱਸ ਅਤੇ ਮੋਟਰਸਾਈਕਲ ਟੀ ਟੱਕਰ ’ਚ ਗੰਭੀਰ ਜ਼ਖਮੀ ਹੋਏ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਿੱਚੋਂ ਇਕ ਦੀ ਮੌਤ ਹੋ ਗਈ। ਮਿ੍ਰਤਕ ਦੀ ਪਛਾਣ ਕਮਲਜੀਤ ਸਿੰਘ (43) ਪੁੱਤਰ ਮਹਿੰਦਰ ਸਿੰਘ ਅਤੇ ਜ਼ਖਮੀ ਦੀ ਰਮੇਸ਼ ਕੁਮਾਰ ਪੁੱਤਰ ਕਰਤਾਰ ਚੰਦ ਵਾਸੀਆਨ ਬੱਬੇਹਾਲੀ ਵਜੋਂ ਹੋਈ ਹੈ। ਮਿ੍ਰਤਕ ਆਪਣੇ ਪਿੱਛੇ ਪਤਨੀ ਅਤੇ ਇਕ ਛੋਟਾ ਬੇਟਾ ਛੱਡ ਗਿਆ। ਕਮਲਜੀਤ ਸਿੰਘ ਨਾਮਵਰ ਭਲਵਾਨ ਸੀ। ਉਸ ਦੇ ਭਰਾ ਰਮਨਜੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਕਮਲਜੀਤ ਸਿੰਘ ਤੇ ਉਸ ਦਾ ਦੋਸਤ ਰਮੇਸ਼ ਕੁਮਾਰ ਨਾਲ ਮੋਟਰਸਾਈਕਲ ’ਤੇ ਪਿੰਡ ਬੱਬੇਹਾਲੀ ਤੋਂ ਪਿੰਡ ਮਾਨ ਚੋਪੜਾ ਨੂੰ ਜਾਂਦੇ ਸਮੇਂ ਜਦੋਂ ਅਕਾਲ ਅਕੈਡਮੀ ਤਿੱਬੜ ਦੇ ਸਾਹਮਣੇ ਪੁੱਜੇ ਤਾਂ ਕਾਹਨੂੰਵਾਨ ਸਾਇਡ ਤੋਂ ਸਕੂਲ ਬੱਸ ਦੇ ਡਰਾਇਵਰ ਨੇ ਬੱਸ ਨੂੰ ਸਕੂਲ ਵੱਲ ਮੋੜ ਦਿੱਤਾ, ਜਿਸ ਕਰਕੇ ਮੋਟਰਸਾਈਕਲ ਬੱਸ ਦੇ ਅਗਲੇ ਪਾਸੇ ਜ਼ੋਰ ਨਾਲ ਜਾ ਵੱਜਾ। ਦੋਵਾਂ ਦੇ ਕਾਫੀ ਸੱਟਾਂ ਲੱਗੀਆਂ। ਇਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਗਿਆ। ਦੌਰਾਨੇ ਇਲਾਜ ਕਮਲਜੀਤ ਸਿੰਘ ਦੀ ਮੌਤ ਹੋ ਗਈ। ਥਾਣਾ ਤਿੱਬੜ ਨੇ ਸਕੂਲ ਬੱਸ ਦੇ ਡਰਾਈਵਰ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।