ਨਵੀਂ ਦਿੱਲੀ : ਅਮੂਲ ਗੋਲਡ, ਅਮੂਲ ਸ਼ਕਤੀ ਤੇ ਅਮੂਲ ਫ੍ਰੈੱਸ਼ ਦੁੱਧ ਦੀ ਕੀਮਤ 24 ਜਨਵਰੀ ਤੋਂ ਇੱਕ ਰੁਪਏ ਪ੍ਰਤੀ ਲੀਟਰ ਘਟਾ ਦਿੱਤੀ ਗਈ ਹੈ। ਹੁਣ ਅਮੂਲ ਗੋਲਡ 65 ਰੁਪਏ, ਅਮੂਲ ਫ੍ਰੈੱਸ਼ 53 ਰੁਪਏ ਤੇ ਅਮੂਲ ਟੀ ਸਪੈਸ਼ਲ 61 ਰੁਪਏ ਲੀਟਰ ਹੋ ਗਿਆ ਹੈ।
ਬੱਚੀ ਦੀ ਮੌਤ, ਪਿਤਾ ਜ਼ਖਮੀ
ਕੋਟਕਪੂਰਾ : ਫਰੀਦਕੋਟ ਜ਼ਿਲ੍ਹੇ ਦੇ ਪਿੰਡ ਹਰੀਨੌ ਨੇੜੇ ਅਣਪਛਾਤੀ ਗੱਡੀ ਵੱਜਣ ਕਾਰਨ 10 ਸਾਲਾ ਬੱਚੀ ਦੀ ਮੌਤ ਹੋ ਗਈ, ਜਦ ਕਿ ਉਸ ਦਾ ਪਿਤਾ ਜ਼ਖਮੀ ਹੋ ਗਿਆ ਹੈ। ਪਿੰਡ ਕੋਹਾਰਵਾਲਾ ਦਾ ਰਾਮ ਸਿੰਘ ਬੇਟੀ ਗਗਨਦੀਪ ਕੌਰ ਨਾਲ ਪਿੰਡ ਹਰੀਨੌ ਵੱਲ ਨੂੰ ਜਾ ਰਿਹਾ ਸੀ। ਰਸਤੇ ’ਚ ਕਾਰ ਵਾਲਾ ਟੱਕਰ ਮਾਰ ਗਿਆ। ਥਾਣਾ ਸਦਰ ਕੋਟਕਪੂਰਾ ਦੇ ਐੱਸ ਐੱਚ ਓ ਚਮਕੌਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਡਰਾਈਵਰ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਮਾਲ ਦਫਤਰਾਂ ’ਚ ਸੀ ਸੀ ਟੀ ਵੀ ਕੈਮਰੇ ਲਾਏ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਮਾਲ ਦਫਤਰਾਂ ’ਚ ਪਾਰਦਰਸ਼ਤਾ ਯਕੀਨੀ ਬਣਾਉਣ ਅਤੇ ਲੋਕਾਂ ਦੀ ਸਹੂਲਤ ਲਈ ਸਬ ਰਜਿਸਟਰਾਰ/ ਜਾਇੰਟ ਸਬ ਰਜਿਸਟਰਾਰ ਦਫਤਰਾਂ ਵਿੱਚ ਸੀ ਸੀ ਟੀ ਵੀ ਕੈਮਰੇ ਲਾਏ ਹਨ। ਪੰਜਾਬ-ਭਰ ’ਚ 180 ਕੈਮਰੇ ਲਾਏ ਗਏ ਹਨ ਤੇ ਡਿਪਟੀ ਕਮਿਸ਼ਨਰਾਂ ਨੂੰ ਹਰੇਕ ਕੈਮਰੇ ਨੂੰ ਕਾਰਜਸ਼ੀਲ ਬਣਾਉਣ ਨੂੰ ਆਖਿਆ ਗਿਆ ਹੈ। ਐਡੀਸ਼ਨਲ ਚੀਫ ਸੈਕਟਰੀ ਮਾਲ ਅਨੁਰਾਗ ਵਰਮਾ ਨੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਕੈਮਰਿਆਂ ਦੀ ਚਾਲੂ ਸਥਿਤੀ ਬਾਰੇ 31 ਜਨਵਰੀ ਤੱਕ ਰਿਪੋਰਟ ਦੇਣ ਲਈ ਆਖਿਆ ਹੈ। ਹੈੱਡਕੁਆਰਟਰ ਉਤੇ ਸੀਨੀਅਰ ਅਧਿਕਾਰੀ ਵੀ ਸੀ ਸੀ ਟੀ ਵੀ ਕੈਮਰਿਆਂ ਦੀ ਖੁਦ ਨਿਗਰਾਨੀ ਕਰਨਗੇ। ਡਿਪਟੀ ਕਮਿਸ਼ਨਰਾਂ ਨੂੰ ਕੈਮਰੇ ਦੀ ਲਾਈਵ ਫੁਟੇਜ਼ ਰਾਹੀਂ ਅਚਨਚੇਤ ਚੈਕਿੰਗ ਕਰਨ ਦੇ ਹੁਕਮ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਜਦੋਂ ਚਾਹੁਣ, ਇਨ੍ਹਾਂ ਕੈਮਰਿਆਂ ਰਾਹੀਂ ਮਾਲ ਦਫਤਰਾਂ ਦੀ ਜਾਂਚ ਤੇ ਚੈਕਿੰਗ ਕਰ ਸਕਣਗੇ।


